ਧਾਰਮਿਕ ਸੈਰ ਸਪਾਟਾ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਹੋਰ ਯਤਨ ਕਰੇਗੀ- ਹਰਜੋਤ ਬੈਂਸ
ਭਾਈ ਜੈਤਾ ਜੀ ਯਾਦਗਾਰ ਦੇਖਣ ਲਈ ਸ਼ਰਧਾਲੂਆਂ ਦੀ ਵੱਧ ਰਿਹਾ ਉਤਸ਼ਾਹ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 08 ਅਕਤੂਬਰ ,2025
ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ 5 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਤਿਆਰ ਹੋਈ ਅਮਰ ਸ਼ਹੀਦ ਭਾਈ ਜੈਤਾ ਜੀ ਦੀ ਯਾਦਗਾਰ ਨੂੰ ਸਮੁੱਚੀ ਲੋਕਾਈ ਸਮਰਪਿਤ ਕਰ ਚੁੱਕੇ ਹਨ। ਜਿਸ ਨੂੰ ਸੰਗਤਾ/ਸ਼ਰਧਾਲੂਆਂ ਲਈ ਖੋਲ ਦਿੱਤਾ ਗਿਆ ਹੈ ਅਤੇ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂ ਵਿਰਾਸਤ ਏ ਖਾਲਸਾ ਮਿਊਜੀਅਮ ਦੇ ਨਾਲ ਨਾਲ ਹੁਣ ਭਾਈ ਜੈਤਾ ਜੀ ਯਾਦਗਾਰ ਨੂੰ ਦੇਖਣ ਲਈ ਵੀ ਬਹੁਤ ਉਤਸ਼ਾਹਿਤ ਹੋਏ ਹਨ। ਇਸ ਨਾਲ ਗੁਰੂ ਨਗਰੀ ਵਿੱਚ ਜਿੱਥੇ ਸਰਧਾਲੂਆਂ ਦੀ ਆਮਦ ਹੋਰ ਵੱਧ ਰਹੀ ਹੈ ਉਥੇ ਧਾਰਮਿਕ ਸੈਰ ਸਪਾਟਾ ਪ੍ਰਫੁੱਲਿਤ ਹੋ ਰਿਹਾ ਹੈ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮ ਬਹੁਤ ਹੀ ਸ਼ਰਧਾ ਨਾਲ ਮਨਾਏ ਜਾ ਰਹੇ ਹਨ। ਇਸ ਤੋ ਪਹਿਲਾ ਮੁੱਖ ਮੰਤਰੀ ਨੇ ਭਾਈ ਜੈਤਾ ਜੀ ਯਾਦਗਾਰ ਨੂੰ ਸਮਰਪਿਤ ਕਰਨ ਦੇ ਨਾਲ ਨਾਲ ਵਿਰਾਸਤੀ ਮਾਰਗ ਦਾ ਕੰਮ ਵੀ ਸੁਰੂ ਕਰਵਾਇਆ ਹੈ। ਹੁਣ ਭਾਈ ਜੈਤਾ ਜੀ ਯਾਦਗਾਰ ਦੇਖਣ ਲਈ ਵੱਡੀ ਗਿਣਤੀ ਸ਼ਰਧਾਲੂ ਪਹੁੰਚ ਰਹੇ ਹਨ ਅਤੇ ਸ਼ਰਧਾਲੂਆਂ ਵੱਲੋਂ ਭਾਈ ਜੈਤਾ ਜੀ ਯਾਦਗਾਰ ਦੀ ਖੂਬ ਪ੍ਰਸੰਸ਼ਾ ਕੀਤੀ ਜਾ ਰਹੀ ਹੈ।
ਸ.ਬੈਂਸ ਨੇ ਦੱਸਿਆ ਕਿ ਇਸ ਯਾਦਗਾਰ ਦੋ ਭਾਗਾਂ ਵਿੱਚ ਤਿਆਰ ਕੀਤਾ ਗਿਆ ਹੈ। ਪਹਿਲੇ ਭਾਗ ‘ਤੇ ਲਗਭਗ 17 ਕਰੋੜ ਰੁਪਏ ਦੀ ਲਾਗਤ ਨਾਲ ਇਮਾਰਤ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੂਜੇ ਭਾਗ ‘ਚ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਪ੍ਰਦਰਸ਼ਨੀ ਗੈਲਰੀਆਂ ਤਿਆਰ ਕੀਤੀਆਂ ਗਈਆਂ ਹਨ, ਜਿਹਨਾਂ ਨੂੰ ਹੁਣ ਮਨੁੱਖਤਾ ਨੂੰ ਸਮਰਪਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਧਾਰਮਿਕ ਸੈਰ ਸਪਾਟਾ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਕਰ ਰਹੀ ਹੈ ਅਤੇ ਭਾਈ ਜੈਤਾ ਜੀ ਯਾਦਗਾਰ ਨੂੰ ਦੇਖਣ ਲਈ ਸ਼ਰਧਾਲੂਆਂ ਦੀ ਲਾਈਨਾ ਲੱਗ ਰਹੀਆਂ ਹਨ।
ਸ.ਬੈਂਸ ਨੇ ਦੱਸਿਆ ਕਿ ਯਾਦਗਾਰ ਵਿੱਚ ਦਾਖ਼ਲ ਹੋਣ ‘ਤੇ ਦਰਸ਼ਨਾਰਥੀਆਂ ਨੂੰ ਮਾਡਲਾਂ ਅਤੇ ਵੀਡੀਓ ਰਾਹੀਂ ਯਾਦਗਾਰ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਗੈਲਰੀਆਂ ਵਿੱਚ ਸਿੱਖ ਗੁਰੂ ਸਾਹਿਬਾਨ, ਭਾਈ ਜੈਤਾ ਜੀ ਦੇ ਪੁਰਖਿਆਂ ਦਾ ਗੁਰੂ ਸਾਹਿਬਾਨ ਨਾਲ ਨਾਤਾ, ਕਸ਼ਮੀਰੀ ਪੰਡਤਾਂ ‘ਤੇ ਜ਼ੁਲਮ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਭਾਈ ਜੈਤਾ ਜੀ ਵੱਲੋਂ ਗੁਰੂ ਜੀ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਲਿਆਉਣਾ, ਬਾਲ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਰ ਭੇਟ ਕਰਨਾ, “ਰੰਗਰੇਟੇ ਗੁਰੂ ਕੇ ਬੇਟੇ” ਦਾ ਖ਼ਿਤਾਬ, ਖ਼ਾਲਸਾ ਪੰਥ ਦੀ ਸਿਰਜਣਾ ਅਤੇ ਭਾਈ ਜੈਤਾ ਜੀ ਦੀਆਂ ਜੰਗਾਂ ਵਿੱਚ ਭਾਗੀਦਾਰੀ ਵਰਗੇ ਇਤਿਹਾਸਕ ਪਲ ਦਰਸਾਏ ਗਏ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਆਖ਼ਰੀ ਗੈਲਰੀ ਵਿੱਚ 3ਡੀ ਐਨੀਮੇਸ਼ਨ ਰਾਹੀਂ ਭਾਈ ਜੈਤਾ ਜੀ ਦੀ ਪੂਰੀ ਜੀਵਨ ਯਾਤਰਾ ਦਰਸਾਈ ਗਈ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਲਈ ਗਿਫ਼ਟ ਸ਼ਾਪ ਅਤੇ ਪੰਜਾਬ ਟੂਰਿਜ਼ਮ ਨਾਲ ਜੁੜੀਆਂ ਸਾਈਟਾਂ ਵੀ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਯਾਦਗਾਰ ਪ੍ਰੋਜੈਕਟ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਫਲਤਾਪੂਰਵਕ ਤਿਆਰ ਕੀਤਾ ਗਿਆ ਹੈ ਜਿੱਥੇ ਹੁਣ ਸ਼ਰਧਾਲੂਆਂ ਦੀ ਆਮਦ ਲਗਾਤਾਰ ਵੱਧ ਰਹੀ ਹੈ, ਇਸ ਨਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਪਾਰ ਅਤੇ ਕਾਰੋਬਾਰ ਹੋਰ ਪ੍ਰਫੁੱਲਿਤ ਹੋਵੇਗਾ।