Punjab News: DC ਨੂੰ ਮਹਿੰਗੀ ਪਈ PM ਦੀ ਆਲੋਚਨਾ, 1600 ਕਰੋੜ ਨੂੰ ਦੱਸਿਆ ਸੀ ਮਜ਼ਾਕ
Ravi Jakhu
ਚੰਡੀਗੜ੍ਹ/ਨਵੀਂ ਦਿੱਲੀ, 19 ਸਤੰਬਰ, 2025: ਸੰਗਰੂਰ ਦੇ ਡਿਪਟੀ ਕਮਿਸ਼ਨਰ (DC) ਰਾਹੁਲ ਚਾਬਾ ਆਪਣੇ ਇੱਕ ਅਧਿਕਾਰਤ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਪ੍ਰਧਾਨ ਮੰਤਰੀ ਦਫ਼ਤਰ (PMO) ਅਤੇ ਪਰਸੋਨਲ ਤੇ ਸਿਖਲਾਈ ਵਿਭਾਗ (DoPT) ਨੇ ਉਨ੍ਹਾਂ ਵੱਲੋਂ ਕੇਂਦਰ ਦੀ ਹੜ੍ਹ ਰਾਹਤ ਰਾਸ਼ੀ 'ਤੇ ਕੀਤੀ ਗਈ ਟਿੱਪਣੀ ਦਾ ਸਖ਼ਤ ਨੋਟਿਸ ਲਿਆ ਹੈ । ਸੂਤਰਾਂ ਅਨੁਸਾਰ, PMO ਨੇ ਪੰਜਾਬ ਸਰਕਾਰ ਨੂੰ DC ਰਾਹੁਲ ਚਾਬਾ ਖਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ DC ਚਾਬਾ ਨੂੰ ਕਾਰਨ ਦੱਸੋ ਨੋਟਿਸ (Show-Cause Notice) ਜਾਰੀ ਕਰ ਦਿੱਤਾ ਹੈ ।
ਕੀ ਸੀ ਵਿਵਾਦਿਤ ਪੋਸਟ?
ਇਹ ਪੂਰਾ ਵਿਵਾਦ ਇੱਕ ਹਫ਼ਤਾ ਪਹਿਲਾਂ DC ਸੰਗਰੂਰ ਦੇ ਅਧਿਕਾਰਤ X (ਪਹਿਲਾਂ ਟਵਿੱਟਰ) ਹੈਂਡਲ ਤੋਂ ਕੀਤੇ ਗਏ ਇੱਕ ਪੋਸਟ ਨਾਲ ਸ਼ੁਰੂ ਹੋਇਆ। ਦਾਅਵਾ ਹੈ ਕਿ DC ਨੇ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਐਲਾਨੀ 1,600 ਕਰੋੜ ਰੁਪਏ ਦੀ ਹੜ੍ਹ ਰਾਹਤ ਰਾਸ਼ੀ ਨੂੰ "ਮਜ਼ਾਕ" (Cruel Joke) ਦੱਸਿਆ ਗਿਆ ਸੀ । ਪੋਸਟ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਜਿਸ ਪੰਜਾਬ ਨੇ ਦੇਸ਼ ਵਿੱਚ ਹਰੀ ਕ੍ਰਾਂਤੀ (Green Revolution) ਲਿਆਂਦੀ ਅਤੇ ਦੇਸ਼ ਦੀ ਰੱਖਿਆ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਉਸ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ। ਇਹ ਪੋਸਟ ਪਹਿਲਾਂ ਜ਼ਿਲ੍ਹੇ ਦੇ PRO ਦੇ ਹੈਂਡਲ ਤੋਂ ਅਤੇ ਬਾਅਦ ਵਿੱਚ DC ਦੇ ਅਧਿਕਾਰਤ ਅਕਾਊਂਟ ਤੋਂ ਵੀ ਸਾਂਝਾ ਕੀਤਾ ਗਿਆ, ਜਿਸ ਵਿੱਚ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੀਆਂ ਤਸਵੀਰਾਂ ਵੀ ਸਨ।
ਵਿਵਾਦ ਵਧਿਆ ਤਾਂ ਪੋਸਟ ਹਟਾਈ, DC ਨੇ ਦਿੱਤੀ ਸਫ਼ਾਈ
ਮਾਮਲੇ ਨੇ ਤੂਲ ਫੜਿਆ ਅਤੇ ਭਾਜਪਾ ਆਗੂਆਂ ਨੇ ਇਸਦੀ ਸ਼ਿਕਾਇਤ ਸਿੱਧੇ PMO ਨੂੰ ਕਰ ਦਿੱਤੀ, ਜਿਸ ਤੋਂ ਬਾਅਦ ਪੋਸਟ ਨੂੰ ਹਟਾ ਦਿੱਤਾ ਗਿਆ। ਉੱਥੇ ਹੀ, DC ਰਾਹੁਲ ਚਾਬਾ ਨੇ ਆਪਣੀ ਸਫ਼ਾਈ ਵਿੱਚ ਕਿਹਾ ਹੈ ਕਿ ਇਹ ਪੋਸਟ ਜ਼ਿਲ੍ਹਾ ਪੀਆਰ ਟੀਮ ਵੱਲੋਂ ਅਣਜਾਣੇ ਵਿੱਚ ਅਪਲੋਡ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਇਸਨੂੰ ਪਹਿਲਾਂ ਨਹੀਂ ਦੇਖਿਆ ਸੀ।

