CGC ਯੂਨੀਵਰਸਿਟੀ ਵਿੱਚ ਇਸਰੋ ਦੇ ਸਾਬਕਾ ਚੇਅਰਮੈਨ ਡਾ. ਏ.ਐੱਸ. ਕਿਰਨ ਕੁਮਾਰ ਨੇ ਕੀਤਾ ਸੰਬੋਧਨ
CGC ਯੂਨੀਵਰਸਿਟੀ ਮੋਹਾਲੀ ਵੱਲੋਂ ਸਾਬਕਾ ਇਸਰੋ ਚੇਅਰਮੈਨ ਡਾ. ਏ.ਐੱਸ. ਕਿਰਨ ਕੁਮਾਰ ਦਾ ਸਨਮਾਨ ਪੂਰਵਕ ਸਵਾਗਤ
ਮੋਹਾਲੀ, 8 ਸਤੰਬਰ
ਸੀ.ਜੀ.ਸੀ ਯੂਨੀਵਰਸਿਟੀ ਮੋਹਾਲੀ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਚੇਅਰਮੈਨ ਅਤੇ ਮਹਾਨ ਵਿਗਿਆਨੀ ਡਾ. ਏ.ਐੱਸ. ਕਿਰਨ ਕੁਮਾਰ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਦੌਰਾਨ ਡਾ. ਏ.ਐੱਸ. ਕਿਰਨ ਕੁਮਾਰ ਦੇ ਯੂਨੀਵਰਸਿਟੀ ਵਿਚ ਫੇਰੀ ਨਾਲ ਕੈਂਪਸ ਦਾ ਮਾਹੌਲ ਗਿਆਨ ਦੇ ਇਕ ਚਾਨਣ ਮੁਨਾਰੇ, ਸਕਾਰਾਤਮਿਕ ਦ੍ਰਿਸ਼ਟੀਕੋਣ ਅਤੇ ਪ੍ਰੇਰਨਾ ਨਾਲ ਰੋਸ਼ਨ ਹੋ ਗਿਆ। ਉਨ੍ਹਾਂ ਦੀ ਆਮਦ ਵਿਦਿਆਰਥੀਆਂ ਅਤੇ ਫੈਕਲਟੀ ਲਈ ਇਕ ਯਾਦਗਾਰ ਪਲ ਸਾਬਤ ਹੋਈ। ਇਸ ਦੌਰਾਨ, ਡਾ. ਕਿਰਨ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਆਪਣੇ 50 ਮਿੰਟ ਦੇ ਭਾਸ਼ਣ ਵਿੱਚ ਭਾਰਤ ਦੀਆਂ ਪੁਲਾੜ ਖੇਤਰ ਵਿੱਚ ਪ੍ਰਾਪਤੀਆਂ, ਚੁਨੌਤੀਆਂ ਅਤੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨੌਜਵਾਨ ਇੰਜੀਨੀਅਰਾਂ ਲਈ ਉਪਲਬਧ ਮੌਕਿਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲਗਨ ਅਤੇ ਮੌਲਿਕਤਾ ਨੂੰ ਅਪਣਾਉਣ ਦੀ ਅਪੀਲ ਕੀਤੀ ਡਾ. ਕੁਮਾਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਨਵੀਨਤਾ ਸਿਰਫ਼ ਖੋਜ ਕਰਨਾ ਨਹੀਂ, ਸਗੋਂ ਜਿਗਿਆਸਾ ਨਾਲ ਜੁੜੇ ਰਹਿਣਾ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨਾਲ ਸਵਾਲ-ਜਵਾਬ ਦਾ ਦੌਰ ਚੱਲਿਆ, ਜਿੱਥੇ ਵਿਦਿਆਰਥੀਆਂ ਨੇ ਸੈਟੇਲਾਈਟ ਖੋਜ, ਅੰਤਰਿਕਸ਼ ਯਾਤਰਾ ਅਤੇ ਕੈਰੀਅਰ ਮੌਕਿਆਂ ਬਾਰੇ ਸਵਾਲ ਕੀਤੇ ਜਿਨ੍ਹਾਂ ਦੇ ਉਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਜਵਾਬ ਦਿੱਤੇ।
ਸੀ.ਜੀ.ਸੀ. ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਡਾ. ਕੁਮਾਰ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਵੱਲੋਂ ਭਾਰਤ ਦੇ ਪੁਲਾੜ ਪ੍ਰੋਗਰਾਮ ਵਿਚ ਦਿੱਤੇ ਗਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸੰਬੋਧਨ ਵਿਚ ਕਿਹਾ ਕਿ ਡਾ. ਕਿਰਨ ਕੁਮਾਰ ਦਾ ਭਾਸ਼ਣ ਸੁਣਨਾ ਸਿਰਫ਼ ਭਾਰਤ ਦੇ ਪੁਲਾੜ ਪ੍ਰੋਗਰਾਮ ਬਾਰੇ ਜਾਣਨਾ ਹੀ ਨਹੀਂ ਸੀ, ਬਲਕਿ ਇਹ ਦੇਖਣਾ ਵੀ ਸੀ ਕਿ ਕਿਵੇਂ ਲਗਨ ਅਤੇ ਦੂਰਅੰਦੇਸ਼ੀ ਇੱਕ ਰਾਸ਼ਟਰ ਦੀ ਸੋਚ ਨੂੰ ਬਦਲ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸੈਸ਼ਨ ਸਾਡੇ ਵਿਦਿਆਰਥੀਆਂ ਲਈ ਇੱਕ ਪ੍ਰੇਰਨਾ ਤੋਂ ਵੱਧ ਸੀ, ਇਹ ਇੱਕ ਯਾਦ ਦਿਵਾਉਂਦਾ ਹੈ ਕਿ ਉਨ੍ਹਾਂ ਦੀਆਂ ਆਪਣੀਆਂ ਯਾਤਰਾਵਾਂ ਵੀ ਇਤਿਹਾਸ ’ਤੇ ਇੱਕ ਛਾਪ ਛੱਡ ਸਕਦੀਆਂ ਹਨ। ਇਸ ਫੇਰੀ ਦੌਰਾਨ ਡਾ. ਕਿਰਨ ਕੁਮਾਰ ਨੇ ਕੈਂਪਸ ਦੇ ਸਿੱਖਿਆਂ ਸ਼ਾਸਤਰੀਆਂ ਨਾਲ ਮੀਟਿੰਗ ਵੀ ਕੀਤੀ। ਇਸ ਵਿੱਚ ਖੋਜ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਲਈ ਕਈ ਮਹੱਤਵਪੂਰਨ ਮੌਕੇ ਸਾਹਮਣੇ ਆਏ। ਇਸ ਫੇਰੀ ਨਾਲ ਯੂਨੀਵਰਸਿਟੀ ਦੇ ਕੈਂਪਸ ਨੂੰ ਹੋਰ ਏ.ਆਈ. ਸਮਰਪਿਤ ਬਣਾਉਣ ਅਤੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਪੇਸ਼ੇਵਾਰ ਵਿਕਾਸ ਲਈ ਵਧੀਆ ਸੁਵਿਧਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਵੀ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ।
ਫ਼ੋਟੋ ਕੈਪਸ਼ਨ- ਸੀ.ਜੀ.ਸੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਇਸਰੋ ਦੇ ਸਾਬਕਾ ਚੇਅਰਮੈਨ ਡਾ. ਏ.ਐੱਸ. ਕਿਰਨ ਕੁਮਾਰ।
ਫ਼ੋਟੋ ਕੈਪਸ਼ਨ: ਸੀ.ਜੀ.ਸੀ ਯੂਨੀਵਰਸਿਟੀ ਮੋਹਾਲੀ ’ਚ ਸਾਬਕਾ ਈਸਰੋ ਚੇਅਰਮੈਨ ਡਾ. ਏ.ਐੱਸ. ਕਿਰਨ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਨ ਮੈਂਬਰ।