ਪਿੰਡਾਂ ਵਿਚ ਰਾਹਤ ਕਾਰਜਾਂ ਦਾ ਮੋਰਚਾ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸੰਭਾਲਿਆ
ਪ੍ਰਮੋਦ ਭਾਰਤੀ
ਨੰਗਲ 09 ਸਤੰਬਰ,2025
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਕਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਅਪ੍ਰੇਸ਼ਨ ਰਾਹਤ ਸੁਰੂ ਕੀਤਾ ਗਿਆ ਹੈ। ਜਿੰਦਗੀ ਨੂੰ ਮੁੜ ਲੀਹ ਤੇ ਲਿਆਉਣ ਲਈ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਦੀ ਗਈ ਹੈ, ਜਲਦ ਹੀ ਇਨ੍ਹਾਂ ਪਿੰਡਾਂ ਦੇ ਹਾਲਾਤ ਆਮ ਵਰਗੇ ਹੋ ਜਾਣਗੇ।
ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਬੇਲਿਆਂ ਦੇ ਪਿੰਡਾਂ ਦੇ ਦੌਰੇ ਦੌਰਾਨ ਸ.ਬੈਂਸ ਨੇ ਕਿਹਾ ਕਿ ਲਗਾਤਾਰ ਪਾਣੀ ਛੱਡਣ ਦੀ ਮਾਤਰਾਂ ਵਿਚ ਕਮੀ ਆ ਰਹੀ ਹੈ, ਹੁਣ 10 ਹਜ਼ਾਰ ਕਿਊਸਿਕ ਹੋਰ ਪਾਣੀ ਘੱਟ ਕਰਕੇ ਕੁੱਲ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਨ੍ਹਾਂ ਵਿਚ 18 ਹਜ਼ਾਰ ਕਿਊਸਿਕ ਦੋਵੇ ਨਹਿਰਾਂ ਵਿਚ ਅਤੇ 32 ਹਜ਼ਾਰ ਕਿਊਸਿਕ ਦਰਿਆ ਵਿਚ ਪਾਇਆ ਜਾ ਰਿਹਾ ਹੈ। ਰੋਜ਼ਾਨਾ ਘੱਟ ਰਹੀ ਮਾਤਰਾ ਨਾਲ ਦਰਿਆ ਨੇੜਲੇ ਪਿੰਡਾਂ ਦੇ ਹਾਲਾਤ ਆਮ ਵਰਗੇ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੜਕੀ ਨੈਟਵਰਕ ਨੂੰ ਚਾਲੂ ਕਰਕੇ ਲੋਕਾਂ ਨੁੰ ਆਵਾਜਾਈ ਦੀ ਸਹੂਲਤ ਦੇਣ ਲਈ ਫੌਰੀ ਕੰਮ ਸੁਰੂ ਕਰ ਦਿੱਤਾ ਗਿਆ ਹੈ। ਵੱਡੀਆ ਪੋਕਲਾਈਨ ਮਸ਼ੀਨਾ, ਜੇ.ਸੀ.ਬੀ ਨਾਂਲ ਰਸਤੇ ਠੀਕ ਕੀਤੇ ਜਾ ਰਹੇ ਹਨ। ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਜ਼ਮੀਨੀ ਪੱਧਰ ਤੇ ਕੰਮ ਸੁਰੂ ਕਰ ਚੁੱਕੇ ਹਨ। ਬਿਜਲੀ ਵਿਭਾਗ ਨੂੰ ਸਾਰੇ ਇਲਾਕੇ ਵਿੱਚ ਬਿਜਲੀ ਦੀਆਂ ਤਾਰਾ, ਟ੍ਰਾਸਫਾਰਮਰ, ਖੰਬਿਆ ਦੀ ਮੁਰੰਮਤ ਦਾ ਕੰਮ ਸੁਰੂ ਕਰ ਦਿੱਤਾ ਹੈ। ਜਲ ਸਪਲਾਈ ਵਿਭਾਗ ਵੱਲੋਂ ਬੇਲਾ ਸ਼ਿਵ ਸਿੰਘ ਵਿੱਚ ਐਨ.ਡੀ.ਆਰ.ਐਫ ਦੀ ਕਿਸ਼ਤੀ ਵਿਚ ਸਵਾਰ ਹੋ ਕੇ ਪਾਣੀ ਦੀ ਸਪਲਾਈ ਪਾਈਪ ਲਾਈਨ ਜੋੜ ਕੇ ਬਹਾਲ ਕੀਤੀ ਹੈ।
ਸ.ਬੈਂਸ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੂੰ ਸੜਕਾਂ ਦੀ ਮੁਰੰਮਤ ਦਾ ਕੰਮ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਸਿਹਤ ਵਿਭਾਗ ਦੀਆ ਟੀਮਾਂ ਹਰ ਪਿੰਡ ਵਿਚ ਪਹੁੰਚ ਕੇ ਲੋਕਾਂ ਦੀ ਸਿਹਤ ਜਾਂਚ ਕਰ ਰਹੀਆਂ ਹਨ ਅਤੇ ਵੈਟਨਰੀ ਡਾਕਟਰ ਪਿੰਡਾਂ ਵਿੱਚ ਪਸ਼ੂਆਂ ਦਾ ਟੀਕਾਕਰਨ ਕਰ ਰਹੇ ਹਨ। ਅਧਿਕਾਰੀਆਂ ਦੇ ਨਾਲ ਪੰਚ, ਸਰਪੰਚ, ਨੌਜਵਾਨ ਅਤੇ ਆਪ ਵਲੰਟੀਅਰ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਸੇਵਾ ਕਰ ਰਹੇ ਹਨ, ਜਿਸ ਤਰਾਂ ਹੜ੍ਹਾਂ ਦੌਰਾਨ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਹੈ, ਹੁਣ ਮੁੜ ਜਿੰਦਗੀ ਦੀ ਗੱਡੀ ਨੂੰ ਲੀਹ ਤੇ ਲਿਆਉਣ ਲਈ ਕੰਮ ਸੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਔਖੀ ਘੜੀ ਲੰਘ ਗਈ ਹੈ, ਅਸੀ ਹਾਲਾਤ ਤੇ ਨਜ਼ਰ ਬਣਾ ਕੇ ਰੱਖੀ ਹੋਈ ਹੈ, ਰਾਹਤ ਸਮੱਗਰੀ ਲੋੜਵੰਦਾਂ ਤੱਕ ਪਹੁੰਚਾਈ ਜਾ ਰਹੀ ਹੈ ਅਤੇ ਪਸ਼ੂ ਚਾਰਾ ਵੀ ਵੰਡਿਆ ਜਾ ਰਿਹਾ ਹੈ।
ਸ.ਬੈਂਸ ਨੇ ਕਿਹਾ ਕਿ ਜਿਹੜੇ ਇਲਾਕਿਆਂ ਵਿਚ ਕਿਸਾਨਾ ਦਾ ਨੁਕਸਾਨ ਹੋਇਆ ਹੈ, ਉਸ ਦੇ ਲਈ ਪੰਜਾਬ ਸਰਕਾਰ ਨੇ ਰਾਹਤ ਭਰੇ ਐਲਾਨ ਕੀਤੇ ਹਨ। ਮਕਾਨਾ ਦੇ ਨੁਕਸਾਨ ਦਾ ਵੀ ਆਕਲਣ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪਸ਼ੂ ਧੰਨ ਦੇ ਹੋਏ ਨੁਕਸਾਨ ਦੇ ਵੀ ਆਂਕੜੇ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਸਰਕਾਰ ਤੱਕ ਇਹ ਵੇਰਵੇ ਜਲਦੀ ਪਹੁੰਚਾਏ ਜਾਣ ਅਤੇ ਲੋਕਾਂ ਨੂੰ ਰਾਹਤ ਮਿਲ ਜਾਵੇ। ਉਨ੍ਹਾਂ ਨੇ ਹਰਸਾਬੇਲਾ, ਭਲਾਣ, ਬੇਲਾ ਰਾਮਗੜ੍ਹ, ਪੱਤੀ ਟੇਕ ਸਿੰਘ, ਬੇਲਾ ਸ਼ਿਵ ਸਿੰਘ ਸਮੇਤ ਕਈ ਹੋਰ ਪਿੰਡਾਂ ਦਾ ਦੌਰਾ ਕੀਤਾ ਅਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਇਸ ਹਲਕੇ ਦੇ ਨੌਜਵਾਨਾ ਵਿਚ ਬਹੁਤ ਉਤਸ਼ਾਹ ਹੈ ਅਤੇ ਲੋਕਾਂ ਨੂੰ ਅਨੁਕੂਨ ਹਾਲਾਤ ਮਿਲਣਗੇ। ਇਸ ਮੌਕੇ ਸਚਿਨ ਪਾਠਕ ਐਸ.ਡੀ.ਐਮ ਸਮੇਤ ਆਪ ਵਲੰਟੀਅਰ ਵੱਡੀ ਗਿਣਤੀ ਵਿਚ ਹਾਜ਼ਰ ਸਨ।