Breaking: ਨੇਪਾਲ ਦੇ ਪ੍ਰਧਾਨ ਮੰਤਰੀ KP Sharma Oli ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਬਾਬੂਸ਼ਾਹੀ ਬਿਊਰੋ
ਕਾਠਮੰਡੂ, 9 ਸਤੰਬਰ 2025: ਨੇਪਾਲ ਵਿੱਚ Social Media Ban ਨੂੰ ਲੈ ਕੇ ਸ਼ੁਰੂ ਹੋਏ 'Gen-Z' ਅੰਦੋਲਨ ਨੇ ਹੁਣ ਇੱਕ ਵੱਡੇ ਸਿਆਸੀ ਸੰਕਟ ਦਾ ਰੂਪ ਲੈ ਲਿਆ ਹੈ । ਦੇਸ਼ ਵਿੱਚ ਵਧਦੇ ਹਿੰਸਕ ਪ੍ਰਦਰਸ਼ਨਾਂ ਅਤੇ ਭਾਰੀ ਦਬਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਮੰਗਲਵਾਰ (9 ਸਤੰਬਰ) ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ।
ਆਰਮੀ ਚੀਫ ਜਨਰਲ ਅਸ਼ੋਕ ਰਾਜ ਸਿਗਦੇਲ ਦੀ ਸਲਾਹ 'ਤੇ ਦਿੱਤਾ ਅਸਤੀਫ਼ਾ
ਦੇਸ਼ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਆਰਮੀ ਚੀਫ ਜਨਰਲ ਅਸ਼ੋਕ ਰਾਜ ਸਿਗਦੇਲ ਨੇ ਪ੍ਰਧਾਨ ਮੰਤਰੀ ਓਲੀ ਨੂੰ ਕੁਰਸੀ ਛੱਡਣ ਦੀ ਸਲਾਹ ਦਿੱਤੀ ਸੀ। ਉਹਨਾਂ ਦਾ ਮੰਨਣਾ ਸੀ ਕਿ ਓਲੀ ਦੇ ਅਹੁਦੇ 'ਤੇ ਰਹਿੰਦਿਆਂ ਹਾਲਾਤ ਨੂੰ ਕਾਬੂ ਕਰਨਾ ਮੁਸ਼ਕਲ ਹੈ। ਉਹਨਾਂ ਸਾਫ਼ ਕਿਹਾ ਕਿ ਜੇਕਰ ਪੀਐੱਮ ਅਸਤੀਫਾ ਦਿੰਦੇ ਹਨ, ਤਾਂ ਉਹ ਸਥਿਤੀ ਸੰਭਾਲਣ ਲਈ ਤਿਆਰ ਹੈ ।
ਇਸ ਤੋਂ ਪਹਿਲਾਂ, ਪੀਐੱਮ ਓਲੀ ਨੇ ਸੈਨਾ ਮੁਖੀ ਤੋਂ ਸਥਿਤੀ ਨੂੰ ਕੰਟਰੋਲ ਕਰਨ ਅਤੇ ਖੁਦ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਮਦਦ ਮੰਗੀ ਸੀ, ਜਿਸ ਦੇ ਜਵਾਬ ਵਿੱਚ ਉਨ੍ਹਾਂ ਨੂੰ ਅਸਤੀਫ਼ਾ ਦੇਣ ਦੀ ਸਲਾਹ ਦਿੱਤੀ ਗਈ। ਓਲੀ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਹੈ ਕਿ ਉਹ ਦੇਸ਼ ਦੀ ਅਸਾਧਾਰਨ ਸਥਿਤੀ ਨੂੰ ਦੇਖਦੇ ਹੋਏ ਅਤੇ ਸਮੱਸਿਆਵਾਂ ਦੇ ਸਿਆਸੀ ਹੱਲ ਦਾ ਰਾਹ ਕੱਢਣ ਲਈ ਇਹ ਕਦਮ ਚੁੱਕ ਰਹੇ ਹਨ ।