ਮੀਂਹ ਨਾਲ ਨੁਕਸਾਨੇ ਘਰਾਂ ਦੀ ਮੁਆਵਜਾ ਰਾਸ਼ੀ ਦੇ ਚੈੱਕ ਲੋਕਾਂ ਨੂੰ 72 ਘੰਟੇ ਵਿੱਚ ਵੰਡੇ
*ਹੜ੍ਹਾਂ ਕਾਰਨ ਨੁਕਸਾਨੀ ਹਰ ਚੀਜ਼ ਦਾ ਮੁਆਵਜ਼ਾ ਦੇਵੇਗੀ ਪੰਜਾਬ ਸਰਕਾਰ-ਚੇਅਰਮੈਨ ਮਧੇਕੇ
ਮੋਗਾ, 8 ਸਤੰਬਰ:
ਪੰਜਾਬ ਅੰਦਰ ਹੜ੍ਹਾਂ ਦੀ ਮਾਰ ਨਾਲ ਜਿੱਥੇ ਕਿਸਾਨਾਂ ਦੀ ਹਜਾਰਾਂ ਏਕੜ ਫਸਲ ਖਰਾਬ ਹੋ ਗਈ ਉੱਥੇ ਹੀ ਬਹੁਤ ਸਾਰੇ ਘਰਾਂ ਦਾ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਹੜ੍ਹਾਂ ਕਾਰਨ ਨੁਕਸਾਨੀ ਗਈ ਹਰ ਇੱਕ ਚੀਜ਼ ਦਾ ਮੁਆਵਜ਼ਾ ਦੇਣ ਲਈ ਵਚਨਬੱਧ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਲੈਨਿੰਗ ਬੋਰਡ ਬਰਿੰਦਰ ਕੁਮਾਰ ਮਧੇਕੇ ਨੇ ਅੱਜ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਬਾਰਸ਼ ਕਾਰਨ ਨੁਕਸਾਨੇ ਗਏ ਘਰਾਂ ਦੇ ਮੁਆਵਜੇ ਦੇ ਚੈੱਕ ਐਸ ਡੀ ਐਮ ਸਵਾਤੀ (ਪੀ ਸੀ ਐਸ) ਦੀ ਹਾਜਰੀ ਵਿੱਚ ਤਕਸੀਮ ਕਰਨ ਸਮੇਂ ਕੀਤਾ।
ਚੇਅਰਮੈਨ ਬਰਿੰਦਰ ਕੁਮਾਰ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਹੈ ਜੋ ਸਾਡੇ ਪੰਜਾਬ ਵਾਸੀਆਂ ਦੇ ਦੁੱਖਾਂ-ਸੁੱਖਾਂ ਵਿੱਚ ਉਨ੍ਹਾਂ ਦੇ ਨਾਲ ਖੜ੍ਹਦੀ ਹੈ ਜਿਸਦੀ ਜਿਉਦੀਂ ਜਾਗਦੀ ਮਿਸਾਲ ਇਹ ਹੈ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਬਾਰਸ਼ ਨਾਲ ਨੁਕਸਾਨੇ ਗਏ 40 ਘਰਾਂ ਦੇ ਮੁਆਵਜੇ ਦੇ ਪਹਿਲੇ ਪੜਾਅ ਦੇ ਚੈੱਕ 72 ਘੰਟਿਆਂ ਦੇ ਵਿੱਚ ਹੀ ਪੀੜਤ ਪਰਿਵਾਰਾਂ ਨੂੰ ਤਕਸੀਮ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਹੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਆਪਣੀ ਟੀਮ ਨਾਲ ਹਲਕੇ ਦੇ ਬਾਰਸ਼ ਕਾਰਨ ਨੁਕਸਾਨੇ ਗਏ ਘਰਾਂ ਦਾ ਜਾਇਜ਼ਾ ਲਿਆ ਸੀ ਅਤੇ ਅਧਿਕਾਰੀਆਂ ਨੂੰ ਰਿਪੋਰਟ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਸਨ ਜਿਨਾਂ ਦਾ ਨਤੀਜਾ ਕਿ ਅੱਜ ਐਸਡੀਐਮ ਦਫਤਰ ਨਿਹਾਲ ਸਿੰਘ ਵਾਲਾ ਵਿੱਚ ਹੜਾਂ ਨਾਲ ਨੁਕਸਾਨੇ ਗਏ ਘਰਾਂ ਦੇ ਮਾਲਕਾਂ ਨੂੰ ਬੁਲਾ ਕੇ 40 ਚੈੱਕ ਤਕਸੀਮ ਕੀਤੇ ਗਏ। ਜਿਨ੍ਹਾਂ ਲੋਕਾਂ ਦੇ ਚੈੱਕ ਰਹਿ ਗਏ ਹਨ ਉਨ੍ਹਾਂ ਨੂੰ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਦੇ ਦਿੱਤੇ ਜਾਣਗੇ ।
ਉਨ੍ਹਾਂ ਕਿਹਾ ਕਿ ਉਹ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਪੰਜਾਬ ਸਰਕਾਰ ਦੇ ਧੰਨਵਾਦੀ ਹਨ ਜੋ ਸਮੇਂ ਸਿਰ ਹਲਕਾ ਵਾਸੀਆਂ ਅਤੇ ਪੰਜਾਬ ਵਾਸੀਆਂ ਦੇ ਦਰਦਾਂ ਤੇ ਮੱਲ੍ਹਮ ਲਗਾਉਣ ਦਾ ਕੰਮ ਕਰਦੇ ਹਨ । ਚੇਅਰਮੈਨ ਮਧੇਕੇ ਨੇ ਕਿਹਾ ਕਿ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਹਸਪਤਾਲ ਵਿੱਚੋਂ ਹੀ ਕੈਬਨਿਟ ਮੀਟਿੰਗ ਕਰਕੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਵੱਡੇ ਐਲਾਨ ਕੀਤੇ ਹਨ। ਮਾਨ ਸਾਹਿਬ ਨੇ ਹੜ੍ਹਾਂ ਨਾਲ ਨੁਕਸਾਨ ਹੋਈਆ ਫਸਲਾਂ ਦਾ ਮੁਆਵਜ਼ਾ 20 ਹਜਾਰ ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਜੋ ਕਿ ਸਾਰੇ ਦੇਸ਼ ਵਿੱਚੋਂ ਸਭ ਤੋਂ ਜਿਆਦਾ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਘਰਾਂ ਦੇ ਨੁਕਸਾਨ, ਪਸ਼ੂਆਂ ਦੇ ਨੁਕਸਾਨ ਅਤੇ ਇਨਸਾਨ ਦੀ ਮੌਤ ਹੋਣ ਦਾ ਵੀ ਵੱਖ-ਵੱਖ ਮੁਆਵਜਾ ਦਿੱਤਾ ਜਾਵੇਗਾ।
ਇਸ ਮੋਕੇ ਉਨ੍ਹਾਂ ਨਾਲ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ, ਅੰਮ੍ਰਿਤਪਾਲ ਸਿੰਘ ਖਾਲਸਾ,ਸੰਗਠਨ ਇੰਚਾਰਜ਼ ਅਤੇ ਮੈਂਬਰ ਪਲੈਨਿੰਗ ਬੋਰਡ ਦਵਿੰਦਰ ਸਿੰਘ ਤਖਤੂਪੁਰਾ,ਸਰਪੰਚ ਰਾਜਪਾਲ ਸਿੰਘ ਰਣੀਆ, ਸਰਪੰਚ ਕੁਲਦੀਪ ਬਲਵੀਰ ਸਿੰਘ ਮਧੇਕੇ, ਦਿਲਪ੍ਰੀਤ ਸਿੰਘ ਭਾਗੀਕੇ, ਸਰਪੰਚ ਰਾਜਪਾਲ ਸਿੰਘ ਰਣੀਆ, ਸਰਪੰਚ ਕੁਲਦੀਪ ਸਿੰਘ ਮਧੇਕੇ ਤੇ ਹੋਰ ਆਗੂ ਹਾਜ਼ਰ ਸਨ।