ਸਟੀਲ ਸਟ੍ਰਿਪਸ ਵ੍ਹੀਲਜ਼ ਲਿਮਟਿਡ ਨੇ ਦੋ ਸਕੂਲਾਂ 'ਚ ਉਸਾਰੀ ਕਾਰਜਾਂ ਦੀ ਸ਼ੁਰੂਆਤ ਕਰਵਾਈ
ਮਲਕੀਤ ਸਿੰਘ ਮਲਕਪੁਰ
ਲਾਲੜੂ 8 ਸਤੰਬਰ 2025: ਸਟੀਲ ਸਟ੍ਰਿਪਸ ਵ੍ਹੀਲਜ਼ ਲਿਮਟਿਡ ਲੈਹਲੀ ਨੇ ਸਰਕਾਰੀ ਹਾਈ ਤੇ ਪ੍ਰਾਇਮਰੀ ਸਕੂਲ ਹਸਨਪੁਰ ਵਿੱਚ ਤਿੰਨ ਕਮਰੇ, ਇੱਕ ਹਾਲ, ਮਿਡ-ਡੇਅ ਮੀਲ ਸ਼ੈੱਡ ,ਇੱਕ ਕਮਰਾ, ਟਾਇਲਟ ਅਤੇ ਪਿੰਡ ਚਾਂਦਹੇੜੀ ਦੇ ਸਰਕਾਰੀ ਸਕੂਲ ਵਿੱਚ ਪੰਜ ਕਮਰੇ, ਮਿਡ-ਡੇਅ ਮੀਲ ਸ਼ੈੱਡ ਅਤੇ ਕਮਰਾ, ਸਟੇਜ ਅਤੇ ਟਾਇਲਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਸਾਰੀ ਦੇ ਕੰਮ ਦੀ ਸ਼ਰੂਆਤ ਕਰਨ ਤੋਂ ਬਾਅਦ ਕੰਪਨੀ ਦੇ ਸੀਨੀਅਰ ਅਧਿਕਾਰੀ ਨਰੇਸ਼ ਕਪਿਲ ਅਤੇ ਮੈਨੇਜਰ ਅਮਿਤ ਕੁਮਾਰ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਬਿਹਤਰ ਸਹੂਲਤਾਂ, ਉੱਨਤ ਸਿੱਖਿਆ ਵਾਤਾਵਰਣ ਅਤੇ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਅਕਾਦਮਿਕ ਅਤੇ ਨਿੱਜੀ ਪੱਧਰ 'ਤੇ ਸੰਪੂਰਨ ਵਿਕਾਸ ਕਰ ਸਕਣ। ਉਨ੍ਹਾਂ ਕਿਹਾ ਕਿ ਕੰਪਨੀ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਅਤੇ ਉੱਚ ਸਿੱਖਿਆ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲੰਬੇ ਸਮੇਂ ਤੋਂ ਲਗਾਤਾਰ ਕੰਮ ਕਰ ਰਹੀ ਹੈ। ਇਹ ਪ੍ਰੋਜੈਕਟ ਵੀ ਉਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਕੰਪਨੀ ਪਹਿਲਾਂ ਵੀ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਚੁੱਕੀ ਹੈ। ਇਸ ਮੌਕੇ ਸਕੂਲ ਮੁੱਖੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਿੱਖਿਆ ਨੂੰ ਮਜ਼ਬੂਤ ਕਰਦੇ ਹਨ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਨੀਂਹ ਰੱਖਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚਾਦਹੇੜੀ ਦੀ ਮੁੱਖੀ ਵੀਨੂੰ ਨੇ ਕੰਪਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਕੰਪਨੀ ਦੇ ਅਧਿਕਾਰੀ ਅਨੂਪ ਕੁਮਾਰ, ਸਾਹਿਲ, ਨਰੇਸ਼ ਕਟੋਚ, ਸਾਬਕਾ ਸਰਪੰਚ ਹਰੀ ਚੰਦ ਚਾਂਦਹੇੜੀ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਮੌਜੂਦ ਸੀ।