ਬੁੱਢਾ ਦਲ ਵੱਲੋਂ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਯਾਦ ਵਿੱਚ ਬੁੱਢਾ ਜੋਹੜ ਵਿਖੇ ਸਲਾਨਾ ਜੋੜ ਮੇਲਾ ਹੋਵੇਗਾ : ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ:- 6 ਸਤੰਬਰ 2025 : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ 18 ਵੀਂ ਸਦੀ ਤੋਂ ਸਥਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਨਿਹੰਗ ਸਿੰਘਾਂ ਜੀ ਦਾ ਸਲਾਨਾ ਜੋੜਮੇਲਾ ਛਾਉਣੀ ਬੁੱਢਾ ਦਲ ਬੁੱਢਾ ਜੋਹੜ ਰਾਜਿਸਥਾਨ ਵਿਖੇ 8 ਤੋਂ 10 ਸਤੰਬਰ ਤੀਕ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।
ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਦੱਸਿਆ ਕਿ ਕੌਮ ਦੇ ਮਹਾਨ ਯੋਧੇ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ, ਗੁਰਦੁਆਰਾ ਬੁੱਢਾ ਜੋਹੜ ਰਾਜਸਥਾਨ ਵਿਖੇ 8 ਸਤੰਬਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਕਰਮਵਾਰ 10 ਸਤੰਬਰ ਨੂੰ ਭੋਗ ਪੈਣਗੇ। ਉਨ੍ਹਾਂ ਕਿਹਾ ਕੌਮਾਂ ਨੂੰ ਵਿਰਾਸਤ ਵਿਰਸੇ ‘ਚ ਮਿਲਦੀ ਹੈ।ਗੌਰਵਮਈ ਕੌਮਾਂ ਹੀ ਆਪਣੇ ਵਿਰਸੇ ਨੂੰ ਸੰਭਾਲਦੀਆਂ ਅਤੇ ਆਪਣੇ ਨਾਇਕਾਂ/ਜਰਨੈਲਾਂ ਨੂੰ ਯਾਦ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਕਈ ਸਥਾਨ ਕੁਝ ਖਾਸ ਮਹੱਤਵਪੂਰਨ ਘਟਨਾਵਾਂ ਕਾਰਨ ਇਤਿਹਾਸਕ ਬਣ ਜਾਂਦੇ ਹਨ।ਉਨ੍ਹਾਂ ਇਤਿਹਾਸ ਦੇ ਹਵਾਲੇ ਨਾਲ ਕਿਹਾ ਯਕਰੀਆਂ ਖਾਨ ਜੋ ਕਿ ਲਾਹੌਰ ਦਾ ਗਵਰਨਰ ਸੀ ਨੇ ਮੱਸੇ ਰੰਘੜ ਨੂੰ ਅੰਮ੍ਰਿਤਸਰ ਦਾ ਮੁੱਖੀ ਨਿਯੁਕਤ ਕਰ ਦਿੱਤਾ ਤੇ ਉਸ ਨੇ ਹਰਿਮੰਦਰ ਸਾਹਿਬ ਨੂੰ ਅਯਾਸ਼ੀ ਦਾ ਅੱਡਾ ਬਣਾ ਦਿੱਤਾ ਸੀ।ਜਦੋਂ ਇਸ ਬਾਰੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਪਤਾ ਲੱਗਾ ਤਾਂ ਉਨ੍ਹਾਂ ਨਿਹੰਗ ਸਿੰਘ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਨੂੰ ਮੱਸੇ ਰੱਘੜ ਨੂੰ ਸੋਧਣ ਵਾਸਤੇ ਅੰਮ੍ਰਿਤਸਰ ਸਾਹਿਬ ਭੇਜਿਆ। ਇਹ ਦੋਹਾਂ ਨਿਹੰਗ ਸਿੰਘਾਂ ਨੇ ਮੱਸੇ ਰੰਘੜ ਦਾ ਸਿਰ ਵੱਢ ਕੇ ਨੇਜੇ ਉੱਪਰ ਟੰਗ ਕੇ ਹਨੂੰਮਾਨਗੜ੍ਹ ਟਾਊਨ ਵਿਖੇ ਕੁਝ ਸਮਾਂ ਠਹਿਰੇ ਸਨ। ਬਾਬਾ ਜੋਗਾ ਸਿੰਘ, ਬਾਬਾ ਬੂਟਾ ਸਿੰਘ ਨੇ ਸਾਂਝੇ ਤੌਰ ਤੇ ਦਸਿਆ ਕਿ ਦੋਹਾਂ ਅਸਥਾਨਾਂ ਤੇ ਹਨੂੰਮਾਨਗੜ੍ਹ ਟਾਊਨ ਤੇ ਬੁੱਢਾ ਜੋਹੜ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਗੁਰ ਇਤਿਹਾਸ, ਪੁਰਾਤਨ ਸਿੰਘਾਂ ਦੀਆਂ ਕੁਰਬਾਨੀਆਂ, ਸਿੱਖ ਰਹਿਤ ਮਰਯਾਦਾ ਨੂੰ ਸੁਰਜੀਤ ਰੱਖਣ ਲਈ ਵਿਚਾਰਾਂ ਤੋਂ ਇਲਾਵਾ ਸਿੰਘ ਸਾਹਿਬ ਪੰਥ ਦੀ ਚੜ੍ਹਦੀਕਲਾ ਤੇ ਆਲਮਾਨਾਂ ਵਿਚਾਰਾਂ ਰਾਹੀਂ ਨਵੀਂ ਸੇਧ ਦੇਣ ਲਈ ਪ੍ਰੋਗਰਾਮ ਉਲੀਕਣਗੇ। ਇਨਾਂ ਧਾਰਮਿਕ ਦੀਵਾਨਾਂ ਵਿੱਚ ਤਖ਼ਤਾਂ ਦੇ ਸਿੰਘ ਸਾਹਿਬਾਨ, ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸੰਤ-ਮਹਾਂਪੁਰਸ਼, ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ, ਸਮਾਜਿਕ ਪ੍ਰਮੁੱਖ ਸਖਸ਼ੀਅਤਾਂ ਹਾਜ਼ਰੀ ਭਰਨਗੀਆਂ। ਅੰਮ੍ਰਿਤ ਸੰਚਾਰ ਸਮਾਗਮ ਹੋਵੇਗਾ, ਗੁਰੂ ਕਾ ਲੰਗਰ ਅਤੁੱਟ ਚੱਲਣਗੇ।