ਫਾਜ਼ਿਲਕਾ ਜ਼ਿਲ੍ਹੇ ਵਿੱਚ ਰਾਹਤ ਸਮੱਗਰੀ ਵੰਡਣ ਦਾ ਤੀਜਾ ਗੇੜ ਸ਼ੁਰੂ
ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਹਰ ਪ੍ਰਕਾਰ ਦੀ ਕਰ ਰਹੀ ਹੈ ਮਦਦ: ਸੌਂਦ
- ਪੰਚਾਇਤ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਵਰਤੇ ਵਤੀਰੇ ਦੀ ਨਿੰਦਾ ਕੀਤੀ
ਫਾਜ਼ਿਲਕਾ 6 ਸਤੰਬਰ:
ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਹਰ ਪ੍ਰਕਾਰ ਦੀ ਰਾਹਤ ਪਹੁੰਚਾ ਰਹੀ ਹੈ ਜਦਕਿ ਕੇਂਦਰ ਸਰਕਾਰ ਦਾ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਜਾਰੀ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਹੋਵੇ ਅਤੇ ਚਾਹੇ ਦੇਸ਼ ਦੇ ਅਨਾਜ ਭੰਡਾਰ ਭਰਨੇ ਹੋਣ, ਪੰਜਾਬ ਹਮੇਸ਼ਾ ਦੇਸ਼ ਲਈ ਅੱਗੇ ਹੋ ਕੇ ਖੜਦਾ ਹੈ ਪਰ ਅੱਜ ਜਦ ਪੰਜਾਬ ਨੂੰ ਲੋੜ ਪਈ ਤਾਂ ਕੇਂਦਰ ਸਰਕਾਰ ਪੰਜਾਬ ਦੀ ਮਦਦ ਕਰਨ ਤੋਂ ਪੱਲਾ ਝਾੜ ਰਹੀ ਹੈ।
ਇਸ ਦੌਰਾਨ ਉਨ੍ਹਾਂ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਦਾ ਤੀਜਾ ਗੇੜ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹੇ ਦੇ 40 ਪਿੰਡ ਪ੍ਰਭਾਵਿਤ ਹਨ ਅਤੇ 24,930 ਆਬਾਦੀ 'ਤੇ ਇਸ ਹੜ੍ਹ ਦਾ ਅਸਰ ਪਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਦੀਆਂ ਟੀਮਾਂ ਵੱਲੋਂ 4202 ਲੋਕਾਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਹੈ ਅਤੇ ਇਹਨਾਂ ਵਿੱਚੋਂ 2553 ਲੋਕਾਂ ਨੇ ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ। ਉਹਨਾਂ ਨੇ ਕਿਹਾ ਕਿ ਰਾਹਤ ਕੈਂਪਾਂ ਵਿੱਚ ਇਹ ਲੋਕ ਆਪਣੇ ਨਾਲ 1226 ਜਾਨਵਰ ਵੀ ਲੈ ਕੇ ਆਏ ਹਨ। ਜ਼ਿਲ੍ਹੇ ਵਿੱਚ ਕੁੱਲ 30 ਰਾਹਤ ਕੈਂਪ ਬਣਾਏ ਗਏ ਹਨ ਜਿਨਾਂ ਵਿੱਚੋਂ ਫਿਲਹਾਲ 14 ਕੈਂਪ ਕਾਰਜਸ਼ੀਲ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 6185 ਪਰਿਵਾਰ ਪ੍ਰਭਾਵਿਤ ਹੋਏ ਹਨ। ਉਹਨਾਂ ਆਖਿਆ ਕਿ ਰਾਹਤ ਕਾਰਜਾਂ ਵਿੱਚ ਐਨ ਡੀ ਆਰ ਐਫ ਦੀਆਂ ਚਾਰ, ਆਰਮੀ ਦੀਆਂ ਦੋ ਅਤੇ ਬੀਐਸਐਫ ਦੀ ਇੱਕ ਟੀਮ ਕਾਰਜਸ਼ੀਲ ਹੈ । ਉਹਨਾਂ ਆਖਿਆ ਕਿ ਹੁਣ ਤੱਕ 8599 ਰਾਸ਼ਨ ਕਿੱਟਾਂ ਲੋਕਾਂ ਨੂੰ ਤਕਸੀਮ ਕੀਤੀਆਂ ਗਈਆਂ ਹਨ ਜਦਕਿ ਲਗਭਗ 5 ਹਜਾਰ ਥੈਲੇ ਕੈਟਲ ਫੀਡ ਲੋਕਾਂ ਨੂੰ ਉਹਨਾਂ ਦੇ ਦੁਧਾਰੂ ਜਾਨਵਰਾਂ ਲਈ ਵੰਡੀ ਗਈ ਹੈ । ਉਹਨਾਂ ਨੇ ਕਿਹਾ ਕਿ ਬਾਰਿਸ਼ ਤੋਂ ਬਚਾਓ ਲਈ 3715 ਤਰਪਾਲਾ ਵੀ ਪ੍ਰਭਾਵਿਤ ਖੇਤਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਵੰਡੀਆਂ ਗਈਆਂ ਹਨ।
ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਉਨਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ 38 ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਇਸ ਤੋਂ ਬਿਨਾਂ ਵੈਟਰਨਰੀ ਵਿਭਾਗ ਦੀਆਂ 28 ਟੀਮਾਂ ਲੱਗੀਆਂ ਹੋਈਆਂ ਹਨ।
ਕੈਬਨਿਟ ਮੰਤਰੀ ਸ੍ਰੀ ਸੌਂਦ ਨੇ ਦੱਸਿਆ ਕਿ ਰਾਹਤ ਸਮਗਰੀ ਦੀ ਪਹੁੰਚ ਹਰ ਲੋੜਵੰਦ ਤੱਕ ਹੋਵੇ ਇਸ ਲਈ ਤਿੰਨ ਤਹਿਸੀਲਦਾਰ, ਦੋ ਨਾਇਬ ਤਹਸੀਲਦਾਰ, ਤਿੰਨ ਬੀਡੀਪੀਓ , 58 ਪਟਵਾਰੀ , ਪੰਜ ਕਾਨੂਗੋ, 10 ਫੂਡ ਸਪਲਾਈ ਅਧਿਕਾਰੀ ਅਤੇ 25 ਹੋਰ ਕਰਮਚਾਰੀ ਇੰਨਾ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਲਗਾਏ ਗਏ ਹਨ।
ਹੜਾਂ ਕਾਰਨ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 123.96 ਕਿਲੋਮੀਟਰ ਸੜਕਾਂ ਨੂੰ ਨੁਕਸਾਨ ਪੁੱਜਿਆ ਹੈ। ਉਹਨਾਂ ਨੇ ਇਸ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਸਰਕਾਰ ਇਨਾ ਸੜਕਾਂ ਨੂੰ ਮੁੜ ਠੀਕ ਕਰਨ ਲਈ ਪਹਿਲ ਦੇ ਅਧਾਰ ਤੇ ਕੰਮ ਕਰੇਗੀ । ਸਰਕਾਰੀ ਇਮਾਰਤਾਂ ਨੂੰ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਜਿਲੇ ਵਿੱਚ 17 ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ ਅਤੇ 18486 ਏਕੜ ਫਸਲਾਂ ਇਸ ਨਾਲ ਪ੍ਰਭਾਵਿਤ ਹੋਈਆਂ ਹਨ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨਾਂ ਨੇ ਕਿਹਾ ਕਿ ਜਿਹੜੇ ਸੇਮ ਨਾਲੇ ਛੋਟੇ ਹਨ ਉਨਾਂ ਦੀ ਸਮਰੱਥਾ ਵਧਾਉਣ ਸਬੰਧੀ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ। ਇਸੇ ਤਰ੍ਹਾਂ ਉਹਨਾਂ ਨੇ ਆਖਿਆ ਕਿ ਫਾਜ਼ਿਲਕਾ ਜਿਲੇ ਵਿੱਚ ਕੱਚੀਆਂ ਜਮੀਨਾਂ ਦੇ ਮਸਲੇ ਨੂੰ ਮੁੱਖ ਮੰਤਰੀ ਸਨਮੁੱਖ ਰੱਖਿਆ ਜਾਵੇਗਾ ਅਤੇ ਜਲਦ ਤੋਂ ਜਲਦ ਇਸ ਦਾ ਢੁਕਵਾਂ ਹੱਲ ਕੀਤਾ ਜਾਵੇਗਾ।
ਇਸ ਮੌਕੇ ਉਨਾਂ ਦੇ ਨਾਲ ਫਾਜ਼ਿਲਕਾ ਦੇ ਐਮਐਲਏ ਨਰਿੰਦਰ ਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਪ੍ਰਧਾਨ ਐਸਸੀ ਵਿੰਗ, ਚੁਸਪਿੰਦਰ ਸਿੰਘ ਚਾਹਲ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ , ਐਸਐਸਪੀ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ , ਐਸ ਡੀ ਐਮ ਵੀਰ ਪਾਲ ਕੌਰ ਵੀ ਹਾਜ਼ਰ ਸਨ।