ਹੜ੍ਹ ਪੀੜਤਾਂ ਦੀ ਮਦਦ ਲਈ ਮੰਤਰੀ ਬਰਿੰਦਰ ਗੋਇਲ ਵੱਲੋਂ ਡੇਰਾ ਸੱਚਾ ਸੌਦਾ ਦਾ ਧੰਨਵਾਦ
ਅਸ਼ੋਕ ਵਰਮਾ
ਮੂਣਕ, 4 ਸਤੰਬਰ 2025: ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਮੂਣਕ ਨੇੜਲੇ ਪਿੰਡ ਮਕੋਰਡ ਸਾਹਿਬ ਵਿਖੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਮਿਲ ਕੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਲਈ ਅਤੇ ਡੇਰਾ ਸੱਚਾ ਸੋਦਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਵੀ ਕੁਦਰਤੀ ਆਫ਼ਤ ਸਮੇਂ ਡੇਰਾ ਪ੍ਰੇਮੀ ਸਭ ਤੋਂ ਅੱਗੇ ਹੋ ਕੇ ਮਨੁੱਖਤਾ ਦੀ ਸੇਵਾ ਕਰਦੇ ਹਨ ਜਿਸ ਲਈ ਮੈਂ ਸਾਰੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ।
ਦੱਸਣਯੋਗ ਹੈ ਕਿ ਮੂਣਕ ਅਤੇ ਇਸਦੇ ਆਸ ਪਾਸ ਪਿੰਡਾਂ ਨਾਲ ਲਗਦੇ ਘੱਗਰ ਦਰਿਆ ਚ ਹਰ ਰੋਜ ਵੱਧ ਰਹੇ ਪਾਣੀ ਦੇ ਪੱਧਰ ਨੇ ਜਿੱਥੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ ਉੱਥੇ ਹੀ ਸਾਰੇ ਇਲਾਕੇ ਤੇ ਹੜਾਂ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ। ਅਜਿਹੇ ਮੌਕੇ ਹਰ ਮਾਨਵਤਾ ਭਲਾਈ ਕਾਰਜ ਚ ਮੋਹਰੀ ਰਹਿਣ ਵਾਲੀ ਸੰਸਥਾ ਡੇਰਾ ਸੱਚਾ ਸੌਦਾ ਹਮੇਸ਼ਾ ਲੋਕਾਂ ਦੇ ਨਾਲ ਮੂਹਰਲੀ ਕਤਾਰ ਚ ਖੜੀ ਹੋ ਕੇ ਲੋਕਾਂ ਦੀ ਹਰ ਸੰਭਵ ਮਦਦ ਕਰਦੀ ਹੈ। ਮੂਣਕ ਵਿਖੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਵਲੋਂ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਜਿੱਥੇ ਲੋਹੇ ਦੀਆਂ ਤਾਰਾਂ ਦੇ ਜਾਲ ਬਣਾਏ ਜਾ ਰਹੇ ਹਨ ਉੱਥੇ ਹੀ ਘੱਗਰ ਦੇ ਉਪਰ ਬੰਨਾਂ ਨੂੰ ਮਜ਼ਬੂਤ ਕਰ ਰਹੇ ਕਿਸਾਨਾਂ ਲਈ ਲੰਗਰ ਅਤੇ ਚਾਹ ਪਾਣੀ ਦੀ ਸੇਵਾ ਵੀ ਲਗਾਤਾਰ ਕੀਤੀ ਜਾ ਰਹੀ ਹੈ।