ਨੰਗਲ ਵਿੱਚ 137 ਵਿਅਕਤੀ ਰਾਹਤ ਕੈਂਪਾਂ ਵਿੱਚ ਪਹੁੰਚੇ, ਬੇਲਾ ਧਿਆਨੀ ਚੋਂ 18 ਨੂੰ ਕਿਸ਼ਤੀ ਰਾਹੀ ਸੁਰੱਖਿਅਤ ਬਾਹਰ ਕੱਢਿਆ- ਹਰਜੋਤ ਬੈਂਸ
ਪ੍ਰਮੋਦ ਭਾਰਤੀ
ਨੰਗਲ 03 ਸਤੰਬਰ ,2025
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਅੱਜ ਸਵੇਰ ਤੋ ਹੀ ਹੜ੍ਹ ਪ੍ਰਭਾਵਿਤ ਪਿੰਡਾਂ ਬੇਲਾ ਧਿਆਨੀ ਲੋਅਰ, ਬੰਦਲੈਹੜੀ, ਰਾਏਪੁਰ ਲੋਅਰ, ਜੋਹਲ ਦਾ ਦੌਰਾ ਕਰ ਰਹੇ ਹਨ। ਸ.ਬੈਂਸ ਨੇ ਕਿਹਾ ਕਿ ਇਨ੍ਹਾਂ ਬੇਲਾ ਧਿਆਨੀ ਲੋਅਰ ਪਿੰਡ ਵਿਚੋ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਰਾਹਤ ਕੈਂਪਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ ਜਿੱਥੇ ਇਨ੍ਹਾਂ ਦੇ ਰਹਿਣ, ਖਾਣ ਤੇ ਮੈਡੀਕਲ ਸਹੂਲਤ ਉਪਲੱਬਧ ਕਰਵਾਈ ਗਈ ਹੈ। ਇਸ ਮੌਕੇ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਰੂਪਨਗਰ, ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ ਵੀ ਸਮੇਤ ਪ੍ਰਸਾਸ਼ਨ ਅਤੇ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਸਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਰੈਸਕਿਊ ਸੈਂਟਰ ਪੂਰੀ ਤਰ੍ਹਾਂ ਕਾਰਜਸ਼ੀਲ ਹਨ ਅਤੇ ਸਾਡੀਆਂ ਟੀਮਾਂ 24 ਘੰਟੇ ਲੋਕਾਂ ਦੀ ਸੁਰੱਖਿਆ ਲਈ ਤੈਨਾਤ ਹਨ। ਜਿਹੜੇ ਪਿੰਡ ਨੀਵੇ ਇਲਾਕਿਆਂ ਵਿੱਚ ਹਨ ਜਾਂ ਜਿਨ੍ਹਾਂ ਦੇ ਘਰ ਖੇਤਾਂ ਵਿੱਚ ਹਨ, ਉਥੇ ਪਾਣੀ ਵੱਧ ਆਉਣ ਦਾ ਖਤਰਾ ਹੈ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰ ਖਾਲੀ ਕਰਕੇ ਰੈਸਕਿਊ ਸੈਂਟਰਾਂ ਵਿੱਚ ਆ ਜਾਣ।
ਉਨ੍ਹਾਂ ਨੇ ਕਿਹਾ ਕਿ ਕਈ ਪਰਿਵਾਰ ਅਪੀਲ ਮੰਨ ਕੇ ਰੈਸਕਿਊ ਸੈਂਟਰਾਂ ਵਿੱਚ ਪਹੁੰਚ ਚੁੱਕੇ ਹਨ ਅਤੇ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਖੁੱਦ ਮੌਕੇ 'ਤੇ ਮੌਜੂਦ ਹਨ ਅਤੇ ਰੈਸਕਿਊ ਆਪਰੇਸ਼ਨ ਜਾਰੀ ਹੈ।
ਸ.ਬੈਂਸ ਨੇ ਦੱਸਿਆ ਕਿ ਰੋਸ਼ਨ ਵੀਰ ਦੇ ਪਰਿਵਾਰ ਸਮੇਤ ਕੁਝ ਹੋਰ ਲੋਕਾਂ ਨਾਲ ਸੰਪਰਕ ਹੋਇਆ ਹੈ, ਉਹ ਸੁਰੱਖਿਅਤ ਹਨ ਅਤੇ ਰੈਸਕਿਊ ਟੀਮ ਉਨ੍ਹਾਂ ਨੂੰ ਬਾਹਰ ਕੱਢ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਅਗਲੇ ਕੁਝ ਘੰਟਿਆਂ ਵਿੱਚ ਇਹ ਸਾਰਾ ਰੈਸਕਿਊ ਕੰਮ ਮੁਕੰਮਲ ਹੋ ਜਾਵੇਗਾ। ਰਾਹਤ ਕੈਂਪਾਂ ਵਿਚ ਲਿਆਦੇ ਵਸਨੀਕਾਂ ਲਈ ਲੰਗਰ, ਪਾਣੀ ਅਤੇ ਦਵਾਈਆਂ ਦਾ ਪੂਰਾ ਬੰਦੋਬਸਤ ਕੀਤਾ ਗਿਆ ਹੈ।
ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਖਤਰੇ ਨੂੰ ਅਣਡਿੱਠਾ ਨਾ ਕੀਤਾ ਜਾਵੇ। ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਲੋਅਰ ਬੇਲਾ ਧਿਆਨੀ ਵਿੱਚੋਂ 18 ਮੈਂਬਰਾਂ ਨੂੰ ਕਿਸ਼ਤੀ ਰਾਹੀ ਰਾਹਤ ਕੈਂਪਾਂ ਵਿਚ ਲਿਆਦਾ ਗਿਆ ਹੈ ਜਦੋ ਕਿ 48 ਵਸਨੀਕ ਆਪਣੇ ਟਰੈਕਟਰ, ਟਰਾਲੀ ਰਾਹੀ ਹਰਸਾਬੇਲਾ ਅਤੇ ਸੈਸੋਵਾਲ ਤੋਂ ਬਾਹਰ ਆੲ ਹਨ। ਉਨ੍ਹਾਂ ਨੇ ਦੱਸਿਆ ਕਿ ਨੰਗਲ ਸਬ ਡਵੀਜਨ ਵਿਚ 4 ਰਾਹਤ ਕੈਂਪ ਵਿੱਚ ਪਿੰਡਾਂ ਤੋ ਲੋਕਾਂ ਨੂੰ ਸੁਰੱਖਿਅਤ ਲਿਆ ਕੇ ਰੱਖਿਆ ਹੋਇਆ ਹੈ, 137 ਵਿਅਕਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਣ, ਸਰਕਾਰੀ ਮਿਡਲ ਸਕੂਲ ਭਨਾਮ, ਸਰਕਾਰੀ ਸਿਵਾਲਿਕ ਸਕੂਲ ਨੰਗਲ ਅਤੇ ਸਿੰਘਪੁਰ ਪਲਾਸੀ ਕਮਿਊਨਿਟੀ ਸੈਂਟਰ ਵਿਚ ਮੋਜੂਦ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਸਮੇਂ ਦੌਰਾਨ ਦਰਿਆਵਾ, ਨਹਿਰਾਂ ਦੇ ਨੇੜੇ ਨਾ ਜਾਣ ਅੱਜ ਇੱਕ ਪ੍ਰਵਾਸੀ ਪਰਿਵਾਰ ਦੇ ਪਿਤਾ ਤੇ ਪੁੱਤਰ ਗੜਬਾਗਾ ਨੇੜੇ ਦਰਿਆ ਵਿਚ ਮੱਛੀਆ ਫੜਨ ਚਲੇ ਗਏ, ਜ਼ਿਨ੍ਹਾਂ ਨੂੰ ਸਥਾਨਕ ਵਸਨੀਕਾ ਦੀ ਮੱਦਦ ਨਾਲ ਸੁਰੱਖਿਅਤ ਕੱਢਿਆ ਗਿਆ ਹੈ। ਜਿਕਰਯੋਗ ਹੈ ਕਿ ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੰਗਲ, ਕੁਲਵੀਰ ਸਿੰਘ ਡੀ.ਐਸ.ਪੀ ਨੰਗਲ ਅਤੇ ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਅਤੇ ਅਜੇ ਸਿੰਘ ਡੀ.ਐਸ.ਪੀ ਦੀਆਂ ਟੀਮਾਂ ਵੀ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਜ਼ਮੀਨੀ ਪੱਧਰ ਤੇ ਕੰਮ ਕਰ ਰਹੀਆ ਹਨ।