Mobile ਦੀ ਇਸ ਚੀਜ਼ ਲਈ ਚੀਨ 'ਤੇ ਨਿਰਭਰਤਾ ਖਤਮ, ਭਾਰਤ ਵਿੱਚ ਲੱਗੀ ਪਹਿਲੀ ਫੈਕਟਰੀ, ਕੀਤਾ ਗਿਆ ਉਦਘਾਟਨ
Babushahi Bureau
ਨੋਇਡਾ (ਉੱਤਰ ਪ੍ਰਦੇਸ਼), 30 ਅਗਸਤ 2025 (ANI): ਭਾਰਤ ਦੇ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਸੈਕਟਰ (Electronic Manufacturing Sector) ਵਿੱਚ ਆਤਮ-ਨਿਰਭਰਤਾ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ, ਕੇਂਦਰੀ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਨੋਇਡਾ ਵਿੱਚ ਦੇਸ਼ ਦੇ ਪਹਿਲੇ Tempered Glass Manufacturing Plant ਦਾ ਉਦਘਾਟਨ ਕੀਤਾ । 'ਆਪਟੀਮਸ ਇਨਫਰਾਕਾਮ ਲਿਮਿਟੇਡ' ਦਾ ਇਹ ਪਲਾਂਟ ਹੁਣ ਤੱਕ ਦਰਾਮਦ ਕੀਤੇ ਜਾਣ ਵਾਲੇ ਮੋਬਾਈਲ ਫੋਨ ਦੇ ਟੈਂਪਰਡ ਗਲਾਸ ਦਾ ਦੇਸ਼ ਵਿੱਚ ਹੀ ਉਤਪਾਦਨ ਕਰੇਗਾ ।
ਹੁਣ ਦਰਾਮਦ ਖਤਮ, ਭਾਰਤ ਵਿੱਚ ਬਣਨਗੇ 2.5 ਕਰੋੜ Tempered Glass
ਇਸ ਮੌਕੇ 'ਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਪਲਾਂਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੇਕ ਇਨ ਇੰਡੀਆ' ਵਿਜ਼ਨ ਦਾ ਇੱਕ ਵੱਡਾ ਪ੍ਰਤੀਕ ਹੈ । ਉਨ੍ਹਾਂ ਦੱਸਿਆ, "ਹੁਣ ਤੱਕ ਮੋਬਾਈਲ ਫੋਨ ਵਿੱਚ ਵਰਤਿਆ ਜਾਣ ਵਾਲਾ ਟੈਂਪਰਡ ਗਲਾਸ ਦਰਾਮਦ ਕੀਤਾ ਜਾਂਦਾ ਸੀ ਪਰ ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਭਾਰਤ ਵਿੱਚ ਹੀ ਸਾਲਾਨਾ ਲਗਭਗ 2.5 ਕਰੋੜ ਟੈਂਪਰਡ ਗਲਾਸ ਦਾ ਨਿਰਮਾਣ ਹੋਵੇਗਾ ।"
ਮੰਤਰੀ ਨੇ ਪਿਛਲੇ 11 ਸਾਲਾਂ ਵਿੱਚ ਦੇਸ਼ ਦੀ ਇਲੈਕਟ੍ਰਾਨਿਕ ਤਰੱਕੀ 'ਤੇ ਜ਼ੋਰ ਦਿੰਦਿਆਂ ਕਿਹਾ, "ਪੀਐਮ ਮੋਦੀ ਦੇ 'ਮੇਕ ਇਨ ਇੰਡੀਆ' ਪ੍ਰੋਗਰਾਮ ਦੇ ਤਹਿਤ, ਇਲੈਕਟ੍ਰੋਨਿਕਸ ਉਤਪਾਦਨ ਵਿੱਚ ਲਗਭਗ ਛੇ ਗੁਣਾ ਅਤੇ ਨਿਰਯਾਤ ਵਿੱਚ ਲਗਭਗ ਅੱਠ ਗੁਣਾ ਵਾਧਾ ਹੋਇਆ ਹੈ ।
ਮੋਬਾਈਲ, ਲੈਪਟਾਪ, ਸਰਵਰ ਤੋਂ ਲੈ ਕੇ ਹਾਰਡਵੇਅਰ ਦੇ ਛੋਟੇ-ਛੋਟੇ ਪੁਰਜ਼ਿਆਂ ਤੱਕ, ਹੁਣ ਸਾਰਿਆਂ ਦਾ ਨਿਰਮਾਣ ਭਾਰਤ ਵਿੱਚ ਸ਼ੁਰੂ ਹੋ ਗਿਆ ਹੈ।" ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਭਾਰਤ ਵਿੱਚ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਸੈਕਟਰ ਲਗਭਗ 25 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ।
ਗੁਜਰਾਤ ਵਿੱਚ ਚਿੱਪ ਪਲਾਂਟ ਦਾ ਵੀ ਹੋਇਆ ਸੀ ਉਦਘਾਟਨ
ਇਹ ਵਰਣਨਯੋਗ ਹੈ ਕਿ ਸਿਰਫ਼ ਦੋ ਦਿਨ ਪਹਿਲਾਂ, 28 ਅਗਸਤ ਨੂੰ, ਮੰਤਰੀ ਅਸ਼ਵਨੀ ਵੈਸ਼ਨਵ ਨੇ ਗੁਜਰਾਤ ਦੇ ਸਾਣੰਦ ਵਿੱਚ ਸੀਜੀ ਸੈਮੀ ਪ੍ਰਾਈਵੇਟ ਲਿਮਿਟੇਡ ਦੀ ਅਤਿ-ਆਧੁਨਿਕ ਸੈਮੀਕੰਡਕਟਰ ਫੈਸਿਲਿਟੀ ਦਾ ਵੀ ਉਦਘਾਟਨ ਕੀਤਾ ਸੀ। ਇਹ ਆਊਟਸੋਰਸ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (OSAT) ਯੂਨਿਟ ਭਾਰਤ ਦੇ ਚਿੱਪ ਮਿਸ਼ਨ ਲਈ ਇੱਕ ਮੀਲ ਪੱਥਰ ਹੈ।
ਇਸ ਮੌਕੇ 'ਤੇ ਵੈਸ਼ਨਵ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ, "ਸੀਜੀ ਪਾਵਰ ਦੀ ਪਾਇਲਟ ਲਾਈਨ ਦਾ ਅੱਜ ਇੱਥੇ ਉਦਘਾਟਨ ਹੋਇਆ ਹੈ, ਅਤੇ ਬਹੁਤ ਜਲਦ ਇਸ ਲਾਈਨ ਤੋਂ ਬਣੇ ਦੇਸ਼ ਦੇ ਪਹਿਲੇ ਚਿੱਪ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰ ਨੂੰ ਸਮਰਪਿਤ ਕਰਨਗੇ।"
ਸੀਜੀ ਪਾਵਰ ਨੇ ਰੇਨੇਸਾਸ ਇਲੈਕਟ੍ਰੋਨਿਕਸ ਅਮਰੀਕਾ ਇੰਕ (Renesas Electronics America Inc.) ਅਤੇ ਸਟਾਰਸ ਮਾਈਕ੍ਰੋਇਲੈਕਟ੍ਰੋਨਿਕਸ (Stars Microelectronics) ਨਾਲ ਸਾਂਝੇਦਾਰੀ ਵਿੱਚ ਲਗਭਗ 7,600 ਕਰੋੜ ਰੁਪਏ ਦੇ ਨਿਵੇਸ਼ ਨਾਲ ਇਹ ਯੂਨਿਟ ਸਥਾਪਤ ਕੀਤੀ ਹੈ।
MA