ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਵਿਖੇ ਦਾਖਲੇ ਦੀ ਮਿਤੀ ਵਿੱਚ ਵਾਧਾ
ਅਸ਼ੋਕ ਵਰਮਾ
ਬਠਿੰਡਾ, 18 ਅਗਸਤ 2025:ਸਰਵ ਭਾਰਤੀ ਤਕਨੀਕੀ ਸਿੱਖਿਆ ਕੌਂਸਲ, ਨਵੀਂ ਦਿੱਲੀ ਵੱਲੋਂ ਪੌਲੀਟੈਕਨਿਕ ਕਾਲਜਾਂ ਵਿੱਚ ਦਾਖਲੇ ਦੀ ਮਿਤੀ ਵਿੱਚ 15 ਸਤੰਬਰ 2025 ਤੱਕ ਵਾਧਾ ਕੀਤਾ ਗਿਆ ਹੈ। ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਦੱਸਿਆ ਕਿ ਦਾਖਲੇ ਦੇ ਚਾਹਵਾਨ ਵਿਦਿਆਰਥੀ ਦਾਖਲਾ ਲੈਣ ਲਈ ਕਾਲਜ ਵਿਖੇ ਸੰਪਰਕ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਕਾਲਜ ਵਿੱਚ ਪਹਿਲੇ ਸਾਲ ਵਿੱਚ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ(ਈ.ਸੀ.ਈ.) ਅਤੇ ਮਕੈਨੀਕਲ ਇੰਜੀਨੀਅਰਿੰਗ (ਪ੍ਰੋਡਕਸ਼ਨ) ਵਿੱਚ ਕੁੱਝ ਸੀਟਾਂ ਖਾਲੀ ਹਨ। ਇਸ ਤੋਂ ਇਲਾਵਾ ਲੈਟਰਲ ਇੰਟਰੀ ਰਾਹੀਂ ਦੂਸਰੇ ਸਾਲ ਵਿੱਚ ਸਿੱਧੇ ਦਾਖਲੇ ਲਈ ਵੀ ਕੁੱਝ ਸੀਟਾਂ ਖਾਲੀ ਹਨ।
ਉਹਨਾਂ ਕਿਹਾ ਕਿ ਦਸਵੀਂ/ਬਾਰਵੀਂ (ਆਰਟਸ, ਸਾਇੰਸ, ਵੋਕਸ਼ਨੇਲ)/ਆਈ.ਟੀ.ਆਈ. ਪਾਸ ਵਿਦਿਆਰਥੀ ਖਾਲੀ ਸੀਟਾਂ ਤੇ ਦਾਖਲੇ ਲਈ ਆਪਣੇ ਦਸਤਾਵੇਜਾਂ ਸਮੇਤ ਕਿਸੇ ਵੀ ਕੰਮ-ਕਾਜੀ ਦਿਨ ਕਾਲਜ ਵਿਖੇ ਪਹੁੰਚ ਕੇ ਦਾਖਲਾ ਲੈ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ 22 ਏਕੜ ਵਿੱਚ ਫੈਲੇ ਇਸ ਵਿਸ਼ਾਲ ਸਰਕਾਰੀ ਪੌਲੀਟੈਕਨਿਕ ਕਾਲਜ ਵਿੱਚ ਮਿਹਨਤੀ ਅਤੇ ਤਜ਼ਰਬੇਕਾਰ ਸਟਾਫ਼, ਉੱਤਮ ਲੈਬਾਂ ਅਤੇ ਵਰਕਸ਼ਾਪਾਂ ਮੌਜੂਦ ਹਨ। ਕਾਲਜ ਵਿੱਚ ਪੜ੍ਹਾਈ ਤੋਂ ਇਲਾਵਾ ਖੇਡਾਂ, ਸਭਿਆਚਾਰਕ ਗਤੀਵਿਧੀਆਂ ਅਤੇ ਹੋਰ ਵਿਦਿਆਰਥੀ ਗਤੀਵਿਧੀਆਂ ਵੱਲ ਵੀ ਵਿਸੇਸ਼ ਧਿਆਨ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕਾਲਜ ਵਿੱਚ ਪਲੇਸਮੈਂਟ ਸੈੱਲ ਸਫਲਤਾਪੂਰਵਕ ਕੰਮ ਕਰ ਰਿਹਾ ਹੈ ਜਿਸ ਦੇ ਸਹਿਯੋਗ ਅਤੇ ਵਿਦਿਆਰਥੀ ਦੇਸ਼ ਦੀਆਂ ਨਾਮੀ ਕੰਪਨੀਆਂ ਅਤੇ ਸਰਕਾਰੀ ਅਦਾਰਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਕਾਲਜ ਦੇ ਦਾਖਲਾ ਇੰਚਾਰਜ ਸ੍ਰੀਮਤੀ ਨਰਿੰਦਰ ਕੌਰ, ਮੁਖੀ ਵਿਭਾਗ ਅਪਲਾਈਡ ਸਾਇੰਸਜ਼ ਨੇ ਦੱਸਿਆ ਕਿ 2.5 ਲੱਖ ਸਲਾਨਾ ਆਮਦਨ ਤੱਕ ਦੇ ਸਾਰੇ ਐਸ.ਸੀ. ਵਿਦਿਆਰਥੀਆਂ ਦੀ ਤਿੰਨ ਸਾਲਾਂ ਦੀ ਪੂਰੀ ਕਾਲਜ ਫੀਸ ਮੁਆਫ ਹੈ, ਸਿਰਫ 1683 ਰੁਪਏ ਦਾਖਲਾ ਫੀਸ ਹੀ ਲਈ ਜਾਵੇਗੀ। ਆਮ ਸ੍ਰੇਣੀ ਅਤੇ ਬਾਕੀ ਵਿਦਿਆਰਥੀਆਂ ਦੀ ਮੁੱਖ ਮੰਤਰੀ ਵਜੀਫ਼ਾ ਸਕੀਮ ਅਧੀਨ ਨੰਬਰਾਂ ਦੇ ਹਿਸਾਬ ਨਾਲ ਫੀਸ ਮੁਆਫ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਾਲਜ ਵਿਖੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਬਾਕੀ ਸਾਰੀਆਂ ਫੀਸ ਮੁਆਫੀ ਅਤੇ ਵਜੀਫਾਂ ਸਕੀਮਾਂ ਵੀ ਲਾਗੂ ਹਨ।