ਨਸ਼ਾ ਮੁਕਤ ਭਾਰਤ ਵੱਲ ਇਕ ਕਦਮ - CGC ਝੰਜੇੜੀ ਨੇ ਐਂਟੀ-ਨਾਰਕੋਟਿਕ ਸਾਈਕਲੋਥਾਨ 2025 ਸਬੰਧੀ ਕਰਵਾਇਆ ਪ੍ਰੋਗਰਾਮ
ਮੋਹਾਲੀ : ਚੰਡੀਗੜ੍ਹ ਗਰੁੱਪ ਆਫ਼ ਕਾਲਜਜ਼ ਝੰਜੇੜੀ, ਮੋਹਾਲੀ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ, ਚੰਡੀਗੜ੍ਹ ਜ਼ੋਨਲ ਯੂਨਿਟ ਨਾਲ ਸਾਂਝਦਾਰੀ ਕਰਕੇ ਅੰਤਰਰਾਸ਼ਟਰੀ ਨਸ਼ਾ ਰੋਧ ਦਿਵਸ ਮੌਕੇ ਐਂਟੀ-ਨਾਰਕੋਟਿਕ ਸਾਈਕਲੋਥਾਨ 2025 ਦਾ ਆਯੋਜਨ ਕੀਤਾ। ਇਸ ਸਾਈਕਥਲੋਨ ਨੂੰ ਮੁੱਖ ਮਹਿਮਾਨ ਸੰਬਿਤ ਮਿਸ਼ਰਾ, ਆਈ.ਆਰ.ਐੱਸ, ਐਨ ਸੀ ਬੀ ਜ਼ੋਨਲ ਹੈੱਡਕੁਆਟਰ, ਮੋਹਾਲੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਮੁੱਖ ਮਹਿਮਾਨ ਸੰਬਿਤ ਮਿਸ਼ਰਾ ਨੇ ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਨਸ਼ਾ ਮੁਕਤ ਭਾਰਤ ਦੀ ਲੋੜ ਅਤੇ ਇਸ ਲਈ ਸਾਰੇ ਸਮਾਜ ਦੇ ਸਾਂਝੇ ਯਤਨਾਂ ਉੱਤੇ ਜ਼ੋਰ ਦਿੱਤਾ। ਇਸ ਮੌਕੇ ਤੇ ਅਮਨਜੀਤ ਸਿੰਘ, ਆਈ.ਆਰ.ਐੱਸ., ਐਡੀਸ਼ਨਲ ਡਾਇਰੈਕਟਰ, ਐਨ ਸੀ ਬੀ, ਚੰਡੀਗੜ੍ਹ, ਸੁਨੀਲ ਕੁਮਾਰ, ਭਾਰਤੀ ਹੈਂਡਬਾਲ ਕੋਚ ਅਤੇ ਸਾਬਕਾ ਏ.ਆਈ.ਯੂ. ਖਿਡਾਰੀ, ਸੁਰੇਸ਼ ਕੁਮਾਰ, ਸਾਬਕਾ ਪ੍ਰੋ ਕਬੱਡੀ ਲੀਗ ਖਿਡਾਰੀ, ਅਮਨਦੀਪ ਸਿੰਘ, ਸਟੀਲ ਮੈਨ ਆਫ਼ ਇੰਡੀਆ ਅਤੇ ਐਮ.ਐਮ.ਏ ਫਾਈਟਰ, ਮਨਦੀਪ ਕੌਸ਼ਿਕ, ਡਿਸਟ੍ਰਿਕਟ ਸਪੋਰਟਸ ਅਫ਼ਸਰ ਵਿਸ਼ੇਸ਼ ਮਹਿਮਾਨਾਂ ਵਿਚ ਸ਼ਾਮਲ ਸਨ।
ਇਸ ਰੈਲੀ ਵਿਚ 300 ਤੋਂ ਵੱਧ ਸਾਈਕਲ ਸਵਾਰਾਂ ਨੇ ਹਿੱਸਾ ਲਿਆ, ਜਿਸ ਵਿਚ ਵਿਦਿਆਰਥੀ, ਅਧਿਆਪਕ, ਪ੍ਰੋਫੈਸ਼ਨਲ ਸਵਾਰ ਅਤੇ ਖੇਡ ਪ੍ਰੇਮੀ ਸ਼ਾਮਲ ਸਨ। ਸਵੇਰੇ ਸੈਕਟਰ 66, ਮੋਹਾਲੀ ਤੋਂ ਸੀ ਜੀ ਸੀ ਝੰਜੇੜੀ ਤੱਕ ਕੱਢੀ ਗਈ ਇਸ ਰੈਲੀ ਦਾ ਮਾਰਗ ਜਗ੍ਹਾ-ਜਗ੍ਹਾ ਲੱਗੇ ਬੈਨਰਾਂ ਅਤੇ ਨਾਅਰਿਆਂ ਨਾਲ ਸਜਾਇਆ ਗਿਆ। ਇਸ ਦੌਰਾਨ ਰਾਹ ਵਿਚ ਹਾਈਡ੍ਰੇਸ਼ਨ ਅਤੇ ਸੁਰੱਖਿਆ ਚੈੱਕ ਪੁਆਇੰਟ ਵੀ ਲਗਾਏ ਗਏ। ਸਾਰੇ ਭਾਗੀਦਾਰਾਂ ਨੇ ”ਜੀਵਨ ਨੂੰ ਹਾਂ, ਨਸ਼ੇ ਨੂੰ ਨਾ” ਦਾ ਸੰਦੇਸ਼ ਫੈਲਾਇਆ। ਅਖੀਰ ਵਿਚ ਸੀ ਜੀ ਸੀ ਝੰਜੇੜੀ ਪਹੁੰਚ ਕੇ ਹੋਏ ਸਨਮਾਨ ਸਮਾਰੋਹ ਵਿਚ ਮਰਦ ਅਤੇ ਮਹਿਲਾ ਵਰਗਾਂ ਦੇ ਟੌਪ ਪਰਫਾਰਮਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਭਾਗੀਦਾਰਾਂ ਨੂੰ ਈ-ਸਰਟੀਫਿਕੇਟ ਦਿੱਤੇ ਗਏ।
ਇਸ ਮੌਕੇ ਸੀ ਜੀ ਸੀ ਝੰਜੇੜੀ ਦੇ ਐੱਮ ਡੀ ਅਰਸ਼ ਧਾਲੀਵਾਲ ਕਿਹਾ ਕਿ ਸਾਡਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਇਹ ਸਾਈਕਲੋਥਨ ਸਿਰਫ਼ ਇੱਕ ਸਮਾਗਮ ਨਹੀਂ ਸੀ, ਸਗੋਂ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਲਈ ਸਾਡੀ ਸਮੂਹਿਕ ਪ੍ਰਤੀਬੱਧਤਾ ਦਾ ਪ੍ਰਤੀਕ ਸੀ। ਐਨ.ਸੀ.ਬੀ. ਟੀਮ ਵੱਲੋਂ ਸੀ.ਜੀ.ਸੀ ਝੰਜੇੜੀ ਦੀ ਮੈਨੇਜਮੈਂਟ ਅਤੇ ਸਮਰਪਿਤ ਖੇਡ ਵਿਭਾਗ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ ਗਈ।