ਮੋਦੀ ਹਕੂਮਤ ਵੱਲੋਂ ਕਲਾ ਉੱਪਰ ਪਾਬੰਦੀਆਂ ਮੜ੍ਹਨ ਦੀ ਇਨਕਲਾਬੀ ਕੇਂਦਰ ਪੰਜਾਬ ਨੇ ਕੀਤੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ , 5 ਜੁਲਾਈ 2025:ਮੋਦੀ ਹਕੂਮਤ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਇੱਕ ਵਿਸ਼ੇਸ਼ ਧਾਰਮਿਕ ਘੱਟ ਗਿਣਤੀ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਨਾਉਣਾ ਸ਼ੁਰੂ ਕੀਤਾ ਹੋਇਆ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 'ਗੁਜਰਾਤ ਫਾਈਲਜ' ਦੇ ਨਾਂ ਹੇਠ ਕੌਮਾਂਤਰੀ ਪੱਧਰ ਦੇ ਜਾਣੇ ਪਛਾਣੇ ਮੀਡੀਆ ਅਦਾਰੇ ਬੀਬੀਸੀ ਨੇ ਜਦੋਂ ਡਾਕੂਮੈਂਟਰੀ ਬਣਾਈ ਤਾਂ ਉਸ ਅਦਾਰੇ ਨੂੰ ਮੋਦੀ ਹਕੂਮਤ ਦੇ ਸਾਰੇ ਅਦਾਰਿਆਂ ਈਡੀ, ਇਨਕਮ ਟੈਕਸ ਆਦਿ ਨੇ ਜਾਬਰ ਹੱਥ ਕੰਡੇ ਵਰਤੇ। ਹੁਣ ਦਿਲਜੀਤ ਦੁਸਾਂਝ ਦੀ ਫਿਲਮ 'ਸਰਦਾਰ ਜੀ-3' ਨੂੰ ਨਿਸ਼ਾਨਾ ਇਸ ਕਰਕੇ ਬਣਾਇਆ ਜਾ ਰਿਹਾ ਹੈ ਕਿ ਇਸ ਵਿੱਚ ਇੱਕ ਪਾਕਿਸਤਾਨੀ ਅਦਾਕਾਰਾ 'ਹਾਨੀਆ ਆਮਿਰ' ਨੇ ਰੋਲ ਕੀਤਾ ਹੈ। ਇਸ ਫਿਲਮ ਜਾਂ ਕਲਾਕਾਰ ਨਾਲ ਸਹਿਮਤ ਹੋਣਾ ਜਾਂ ਨਾਂ ਹੋਣ ਨੂੰ ਪੈਮਾਨਾ ਬਨਾਉਣ ਨਾਲੋਂ ਪਾਬੰਦੀ ਮੜ੍ਹਨ ਵਾਲੀ ਧਿਰ ਦੀ ਮਨਸ਼ਾ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ। ਇਹ ਕੋਈ ਪਹਿਲੀ ਫ਼ਿਲਮ ਨਹੀਂ ਜਿਸ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਹੋਵੇ। ਸਗੋਂ ਬਹੁਤ ਸਾਰੀਆਂ ਫਿਲਮਾਂ ਵਿੱਚ ਹਿੰਦੋਸਤਾਨੀ ਕਲਾਕਾਰਾਂ ਨਸੀਰੂਦੀਨ ਸ਼ਾਹ, ਨੇਹਾ ਧੂਪੀਆ, ਸ਼ਵੇਤਾ ਤਿਵਾਰੀ, ਅਰਬਾਜ਼ ਖਾਨ, ਓਮ ਪੁਰੀ
ਆਦਿ ਅਨੇਕਾਂ ਕਲਾਕਾਰਾਂ ਨੇ ਵੀ ਰੋਲ ਨਿਭਾਇਆ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਫ਼ਿਲਮਾਂ ਦੋਵੇਂ ਮੁਲਕਾਂ ਵਿੱਚ ਮਕਬੂਲ ਵੀ ਹੋਈਆਂ ਹਨ। ਪੰਜਾਬ ਤਾਂ ਅੱਜ ਵੀ ਲਹਿੰਦਾ ਪੰਜਾਬ ਦੇ ਅਤੇ ਚੜ੍ਹਦਾ ਪੰਜਾਬ ਅਖਵਾਉਂਦਾ ਹੈ। ਇਸ ਦੀ ਬੋਲੀ, ਸੱਭਿਆਚਾਰ ਸਾਂਝਾ ਹੈ। ਫਾਸ਼ੀਵਾਦੀ ਮੋਦੀ ਹਕੂਮਤ ਦੋਵੇਂ ਮੁਲਕਾਂ ਦੇ ਲੋਕਾਂ ਦੀ ਉੱਸਰੀ ਹੋਈ ਸਾਂਝ ਨੂੰ ਅਜਿਹੀਆਂ ਨਫ਼ਰਤ ਦੀਆਂ ਦੀਵਾਰਾਂ ਖੜ੍ਹੀਆਂ ਕਰਕੇ ਤੋੜਨਾ ਚਾਹੁੰਦੀ ਹੈ। ਸਾਂਝ ਦਾ ਪੈਗ਼ਾਮ ਵੰਡਦੇ ਹਿੰਦੋਸਤਾਨ ਪਾਕਿਸਤਾਨ ਦੇ ਖਿਡਾਰੀਆਂ ਦੇ ਸਾਂਝੇ ਮੈਚਾਂ ਮੌਕੇ ਵੀ ਖਿਡਾਰੀਆਂ ਦੀ ਖੇਡ ਭਾਵਨਾ ਦੀ ਥਾਂ ਹਿੰਦੂ -ਮੁਸਲਿਮ ਵਿੱਚ ਵੰਡਕੇ ਫ਼ਿਰਕੂ ਨਫ਼ਰਤ ਦੇ ਬੀਜ ਵੰਡਣ ਦੀ ਪੂਰੀ ਵਾਹ ਲਾਈ ਜਾਂਦੀ ਹੈ। ਇਸੇ ਹੀ ਤਰ੍ਹਾਂ ਜਸਵੰਤ ਖਾਲੜਾ ਬਾਰੇ ਤਿਆਰ ਕੀਤੀ ਫਿਲਮ 'ਪੰਜਾਬ-95' ਉੱਪਰ 120 ਕੱਟ ਲਗਵਾਕੇ ਫਿਲਮ ਦਾ ਮੂਲ ਮਕਸਦ ਹੀ ਖ਼ਤਮ ਕਰ ਦਿੱਤਾ ਹੈ। ਜਦ ਕਿ ਹਿੰਦੂ ਤਵੀ ਫਾਸ਼ੀ ਮੋਦੀ ਹਕੂਮਤ ਨੂੰ ਰਾਸ ਬਹਿੰਦੀਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀ ਫਿਲਮ 'ਕਸ਼ਮੀਰ ਫਾਈਲਸ' ਨੂੰ ਸਰਕਾਰੀ ਤੰਤਰ ਵੱਲੋਂ ਪ੍ਰਚਾਰਿਆ ਗਿਆ। ਉਸ ਤੋਂ ਟੈਕਸ ਮੁਆਫ਼ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਅਸਲ ਮਾਅਨਿਆਂ ਵਿੱਚ ਕਿਸੇ ਵੀ ਪੱਧਰ ਦੀ ਅਲੋਚਨਾ ਨੂੰ ਸਵੀਕਾਰ ਨਹੀਂ ਕਰਦੀ। ਸਗੋਂ ਮੁਲਕ ਦੇ ਵੱਖੋ ਵੱਖ ਧਰਮਾਂ, ਕੌਮਾਂ ਦੀ ਸਾਂਝੀ ਵਿਰਾਸਤ ਦੀ ਥਾਂ ਮਨੂੰ ਵਾਦੀ ਵਿਚਾਰਧਾਰਾ ਥੋਪਣਾ ਚਾਹੁੰਦੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ ਨੇ ਕਿਹਾ ਕਿ ਕਲਾ ਦਾ ਘੇਰਾ ਬਹੁਤ ਵਿਸ਼ਾਲ ਹੈ, ਕਲਾ ਰਾਹੀਂ ਜੰਗਾਂ ਦੇ ਲੋਕਾਂ ਦੀ ਜ਼ਿੰਦਗੀ ਉੱਤੇ ਪੈਂਦੇ ਪ੍ਰਭਾਵ, ਕਲਾ ਰਾਹੀਂ ਹੀ ਲੋਕਾਂ ਦੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ, ਕਲਾ ਰਾਹੀਂ ਲੋਕਾਂ ਨੂੰ ਆਪਸੀ ਭਰਾ ਮਾਰ ਜ਼ੰਗ ਦੀ ਭੱਠੀ ਵਿੱਚ ਝੋਕਣ ਖਿਲਾਫ਼ ਸਾਜ਼ਿਸ਼ਾਂ ਨੂੰ ਬੇਪਰਦ ਕਰਨਾ ਸਮੇਤ ਅਨੇਕਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਮੁੱਦਿਆਂ ਨੂੰ ਉਭਾਰਿਆ ਜਾਂਦਾ ਰਿਹਾ ਹੈ। ਇਸ ਲਈ ਇਨਕਲਾਬੀ ਕੇਂਦਰ, ਪੰਜਾਬ ਦੀ ਸਮਝਦਾਰੀ ਹੈ ਕਿ ਕਲਾ ਨੂੰ ਕਿਸੇ ਵੀ ਵਿਸ਼ੇਸ਼ ਜਾਤ, ਗੋਤ, ਧਰਮ, ਮੁਲਕ ਦੇ ਅਧਾਰ ਤੇ ਨਿਸ਼ਾਨਾ ਬਣਾਉਣਾ ਬਿਲਕੁਲ ਗੈਰਵਾਜਬ ਹੈ।