ਸਿਵਲ ਸਰਜਨ ਬਠਿੰਡਾ ਵੱਲੋਂ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 27 ਜੂਨ 2025 :ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਡਾ ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ਅਤੇ ਜਿਲ੍ਹਾ ਐਪੀਡੀਮੋਲੋਜਿਸਟ ਦੀ ਦੇਖ ਰੇਖ ਹੇਠ ਡੇਂਗੂ ਅਤੇ ਮਲੇਰੀਆ ਬੁਖਾਰ ਤੋ ਬਚਾਅ ਲਈ ਜਾਗਰੂਕਤਾ ਸਮਾਗਮ ਅਤੇ ਡੇਂਗੂ ਮਲੇਰੀਏ ਵਿਰੋਧੀ ਗਤੀਵਿਧੀਆਂ ਕੀਤੀਆ ਜਾ ਰਹੀਆਂ ਹਨ । ਅੱਜ ਫਰਾਈਡੇ ਡਰਾਈਡੇ ਦੇ ਸਬੰਧ ਵਿੱਚ ਜਿਲ੍ਹਾ ਸਿਹਤ ਅਫਸਰ ਡਾ ਊਸ਼ਾ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਘਰ-ਘਰ ਜਾ ਕੇ ਲਾਰਵੇ ਦੀ ਭਾਲ ਕੀਤੀ ਜਾ ਰਹੀ ਹੈ । ਅੱਜ ਅਰਬਨ ਐਂਟੀ ਲਾਰਵਾ ਟੀਮਾਂ ਵੱਲੋ ਜਿਲ੍ਹੇ ਦੇ ਵੱਖ-ਵੱਖ ਏਰੀਆ ਵਿੱਚ ਲਾਰਵੇ ਦੀ ਭਾਲ ਕੀਤੀ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਸਬੰਧ ਵਿੱਚ ਜਿਲ੍ਹਾ ਐਪੀਡੀਮਾਲੋਜਿਸਟ ਡਾ ਸੁਕਰਿਤੀ ਨੇ ਦੱਸਿਆ ਕਿ ਇਸ ਮੌਸਮ ਵਿੱਚ ਮੱਛਰਾਂ ਦੀ ਪੈਦਾਵਾਰ ਵਿੱਚ ਵਾਧਾ ਹੋ ਜਾਂਦਾ ਹੈ । ਜਿਸ ਕਾਰਨ ਡੇਂਗੂ ਬੁਖਾਰ ਦੇ ਫੈਲਣ ਦਾ ਖਤਰਾ ਵੱਧ ਜਾਂਦਾ ਹੈ ਸੋ ਡੇਂਗੂ ਬੁਖਾਰ ਤੋ ਖੁਦ ਨੂੰ, ਆਪਣੇ ਪਰਿਵਾਰ ਅਤੇ ਸਮਾਜ ਨੂੰ ਬਚਾਉਣ ਲਈ ਸਾਡੀ ਸਾਰਿਆਂ ਦੀ ਜਿਮੇਵਾਰੀ ਬਣਦੀ ਹੈ ਕਿ ਆਪਣੇ ਆਲੇ—ਦੁਆਲੇ ਦੀ ਸਫਾਈ ਰੱਖੀ ਜਾਵੇ ਇਸ ਕਰਕੇ ਅੱਜ ਜਿਲ੍ਹੇ ਦੇ ਅਰਬਨ ਏਰੀਆ ਅਤੇ ਬਲਾਕਾ ਵਿੱਚ ਟੋਟਲ 142 ਟੀਮਾਂ ਦਾ ਗਠਨ ਕਰਕੇ ਡੇਂਗੂ ਅਤੇ ਮਲੇਰੀਆ ਦਾ ਸਰਵੇ ਅਤੇ ਜਾਗਰੂਕ ਕੀਤਾ ਗਿਆ । ਉਹਨਾਂ ਦੱਸਿਆ ਕਿ ਮੱਛਰ ਪੈਦਾ ਹੋਣ ਦੇ ਸੋਮਿਆ ਦਾ ਖਾਤਮਾ ਕੀਤਾ ਜਾਵੇ। ਸਰਕਾਰੀ ਦਫਤਰਾਂ ਵਿੱਚ ਹਰ ਸੁਕਰਵਾਰ ਨੂੰ ਡਰਾਈ ਡੇ ਮਨਾਇਆ ਜਾਵੇ ਜਿਸ ਦੌਰਾਨ ਘਰ ਵਿੱਚ ਮੌਜੂਦ ਕੂਲਰਾਂ, ਫਰਿਜ਼ ਦੀ ਟਰੇਅ , ਪੰਛੀਆਂ ਲਈ ਰਖੇ ਪਾਣੀ ਦੇ ਕਟੋਰੇ ਆਦਿ ਦੀ ਸਫਾਈ ਕੀਤੀ ਜਾਵੇ ਅਤੇ ਘਰ ਵਿੱਚ ਵਾਧੂ ਪਏ ਕਬਾੜ ਦਾ ਸਮਾਨ ਆਦਿ ਦਾ ਨਿਪਟਾਰਾ ਕੀਤਾ ਜਾਵੇ।
ਉਹਨਾਂ ਦੱਸਿਆ ਕਿ ਇਸ ਤੋ ਇਲਾਵਾ ਘਰ ਦੇ ਨੇੜੇ ਖੜੇ ਪਾਣੀ ਅਤੇ ਛੱਪੜਾ ਆਦਿ ਵਿੱਚ ਹਰ ਹਫਤੇ ਕਾਲੇ ਤੇਲ ਦਾ ਛਿੜਕਾ ਕੀਤਾ ਜਾਵੇ ਤਾਂ ਜ਼ੋ ਮੱਛਰ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ। ਸਿਹਤ ਵਿਭਾਗ ਵੱਲੋ ਸਿਵਲ ਹਸਪਤਾਲ ਬਠਿੰਡਾ ਵਿਖੇ ਡੇਂਗੂ ਤੋ ਪੀੜਤ ਮਰੀਜ਼ਾ ਦੇ ਇਲਾਜ ਲਈ ਡੇਂਗੂ ਵਾਰਡ ਦੀ ਵਿਵਸਥਾ ਵੀ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਜੇ ਕਰ ਕਿਸੇ ਵਿਅਕਤੀ ਨੂੰ ਡੇਂਗੂ ਬੁਖਾਰ ਦੇ ਲੱਛਣ ਜਿਸ ਵਿੱਚ ਇਕ ਦਮ ਤੇਜ਼ ਬਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾ ਦੇ ਪਿਛਲੇ ਹਿੱਸੇ ਵਿੱਚ ਦਰਦ, ਚਮੜੀ ਤੇ ਦਾਣੇ ਆਦਿ ਨਜਰ ਆਉਣ ਤਾ ਤੁਰੰਤ ਸਿਹਤ ਸੰਸਥਾ ਵਿੱਚ ਜਾਕੇ ਜਾਂਚ ਕਰਵਾਈ ਜਾਵੇ। ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਬੁਖਾਰ ਦੇ ਟੇਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ ।ਉਹਨਾ ਸਮੂਹ ਸਮਾਜ ਸੇਵੀ ਸੰਸਥਾਵਾ ਦੇ ਨੁਮਾਂਇੰਦਿਆਂ ਅਤੇ ਜਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਡੇਂਗੂ ਬੁਖਾਰ ਦੀ ਰੋਕ ਥਾਮ ਲਈ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।