ਬੱਸ ਅੱਡਾ ਬਚਾਉਣ ਲਈ ਲੁਧਿਆਣਾ ’ਚ ਹਾਕਮ ਧਿਰ ਖ਼ਿਲਾਫ਼ ਭੰਡੀ ਪ੍ਰਚਾਰ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 14 ਜੂਨ 2025 : ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਲੜਨ ਦੀ ਸ਼ੁਰੂਆਤ ਕਰਦਿਆਂ ਸੋਮਵਾਰ 16 ਜੂਨ ਨੂੰ ਹਾਕਮ ਧਿਰ ਨੂੰ ਜਗਾਉਣ ਲਈ ਲੁਧਿਆਣਾ ਪੱਛੀ ਹਲਕੇ ’ਚ ਰੋਸ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ। ਪਾਵਰਕੌਮ ਵੱਲੋਂ ਨਵੇਂ ਬੱਸ ਅੱਡੇ ਖਾਤਰ ਜਮੀਨ ਤਬਦੀਲ ਕਰਨ ਤੋਂ ਬਾਅਦ ਸੰਘਰਸ਼ ਕਮੇਟੀ ਨੇ ਆਪਣਾ ਰੁਖ ਤਿੱਖਾ ਕਰ ਲਿਆ ਹੈ। ਕਮੇਟੀ ਨੇ ਇੱਥੇ ਹੰਗਾਮੀ ਮੀਟਿੰਗ ਸੱਦ ਕੇ ਤਾਜ਼ਾ ਹਾਲਾਤ ਦੀ ਸਮੀਖ਼ਿਆ ਕੀਤੀ। ਕਮੇਟੀ ’ਚ ਸ਼ਾਮਲ ਨੁਮਾਇੰਦਿਆਂ ਨੇ ਅੱਡੇ ਦੀ ਉਸਾਰੀ ਲਈ ਸਰਕਾਰ ਦੀ ਕਾਰਵਾਈ ਨੂੰ ਖਤਰਾ ਕਰਾਰ ਦਿੱਤਾ। ਕਮੇਟੀ ਦੇ ਕਨਵੀਨਰ ਬਲਤੇਜ ਵਾਂਦਰ ਅਤੇ ਗੁਰਪ੍ਰੀਤ ਸਿੰਘ ਆਰਟਿਸਟ ਨੇ ਕਿਹਾ ਕਿ ਇੱਕ ਪਾਸੇ ਪ੍ਰਸ਼ਾਸਨ ਅੱਡੇ ਬਾਰੇ ਫੈਸਲਾ ਲੈਣ ਲਈ ਸਮੀਖ਼ਿਆ ਕਮੇਟੀ ਬਣਾ ਕੇ ਲੋਕਾਂ ਦੀ ਰਾਇ ਜਾਣ ਰਿਹਾ ਹੈ ਜਦੋਂਕਿ ਦੂਜੇ ਪਾਸੇ ਲੁਕਵੇਂ ਰੂਪ ਵਿੱਚ ਮਲੋਟ ਰੋਡ ਤੇ ਨਵਾਂ ਬੱਸ ਅੱਡਾ ਬਨਾਉਣ ਲਈ ਤਿਆਰੀਆਂ ਖਿੱਚੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਦਾ ਵਿਰੋਧ ਕਰਨ ਲਈ ਸੋਮਵਾਰ ਨੂੰ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਤੇ ਆਮ ਲੋਕ ਲੁਧਿਆਣਾ ਜਾ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨਗੇ ਅਤੇ ਧੱਕੇਸ਼ਾਹੀ ਦੀ ਪੋਲ ਖੋਹਲੀ ਜਾਵੇਗੀ। ਉਨ੍ਹਾਂ ਕਿਹਾ ਕਿ ਜਨਤਕ ਮਸਲਿਆਂ ਤੇ ਲੋਕ ਰਾਏ ਜਾਨਣ ਦੀ ਗੱਲ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਬਠਿੰਡਾ ਵਾਸੀਆਂ ਨਾਲ ਧਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਵਿਧਾਨ ਸਭਾ ਸਪੀਕਰ ਅਤੇ ਲੋਕਲ ਬਾਡੀ ਮੰਤਰੀ ਕੋਲ ਆਪਣੀ ਗੱਲ ਵੀ ਰੱਖ ਚੁੱਕੀ ਹੈ ਜਿੰਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਕੋਈ ਵੀ ਗਲਤ ਫੈਸਲਾ ਨਹੀਂ ਲਿਆ ਜਾਵੇਗਾ ਪਰ ਇਹ ਭਰੋਸੇ ਵੀ ਝੂਠ ਸਾਬਤ ਹੋਏ ਹਨ। ਕੌਂਸਲਰ ਸੰਦੀਪ ਬਾਬੀ ਨੇ ਦੱਸਿਆ ਕਿ ਹੁਣ ਸੰਘਰਸ਼ ਤੇਜ਼ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਬਸ ਅੱਡੇ ਸਮੇਤ ਸ਼ਹਿਰ ਦੇ ਹੋਰ ਮੁੱਦਿਆਂ ’ਤੇ ਸੰਘਰਸ਼ ਕਮੇਟੀ ਬਠਿੰਡਾ ਬੰਦ ਕਰਵਾਏਗੀ ਤੇ ਪੰਜਾਬ ਸਰਕਾਰ ਦਾ ਵਿਰੋਧ ਤਿੱਖਾ ਕੀਤਾ ਜਾਵੇਗਾ।
ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਨੇ ਕਿਹਾ ਕਿ ਪ੍ਰਸ਼ਾਸਨ ਵਪਾਰੀ ਭਾਈਚਾਰੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸਨੂੰ ਹੁਣ ਸਹਿਣ ਨਹੀਂ ਕੀਤਾ ਜਾਵੇਗਾ। ਸੋਨੂ ਮਹੇਸ਼ਵਰੀ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੋਂ ਵੱਡੀਆਂ ਉਮੀਦਾਂ ਸਨ ਪਰ ਮੁੱਠੀ ਭਰ ਲੋਕਾਂ ਦੇ ਮੁਨਾਫਿਆਂ ਖਾਤਰ ਸਰਕਾਰ ਹਜ਼ਾਰਾਂ ਲੋਕਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਸੰਦੀਪ ਪਾਠਕ ਨੇ ਕਿਹਾ ਕਿ ਸਰਕਾਰ ਦੇ ਖਿਲਾਫ ਇੱਕ ਜਨ ਆੰਦੋਲਨ ਚਲਾਇਆ ਜਾਵੇਗਾ। ਮੀਡੀਆ ਪ੍ਰਭਾਰੀ ਸੰਦੀਪ ਅਗਰਵਾਲ ਨੇ ਕਿਹਾ ਕਿ ਵਿਧਾਇਕ, ਡਿਪਟੀ ਕਮਿਸ਼ਨਰ ਸਮੇਤ ਸਾਰੇ ਸੱਤਾਧਾਰੀ ਆਗੂਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ’ਤੇ ਆਮ ਆਦਮੀ ਪਾਰਟੀ ਦੇ ਵਪਾਰਿਕ ਵਿੰਗ ਦੇ ਵਿਨੋਦ ਕੁਮਾਰ, ਸਾਜਨ ਸ਼ਰਮਾ, ਬੱਗਾ ਸਿੰਘ, ਕੰਵਲਜੀਤ ਨੰਬਰਦਾਰ, ਡਾ. ਅਜੀਤ ਪਾਲ ਸਿੰਘ, ਯਸ਼ ਕਪੂਰ, ਸੁਰਿੰਦਰ ਚੌਧਰੀ, ਦੇਵੀ ਦਿਆਲ, ਰਵਿੰਦਰ ਗੁਪਤਾਅਤੇ ਮਹਿੰਦਰ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮਲੋਟ ਰੋਡ ਤੇ ਨਵਾਂ ਬੱਸ ਅੱਡਾ ਬਨਾਉਣ ਦਾ ਫੈਸਲਾ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ।