ਪੰਜਾਬ ਦੇ ਮੁੱਦਿਆਂ ਤੇ ਪਹਿਰੇਦਾਰੀ ਲਈ ਖੇਤਰੀ ਸਿਆਸੀ ਜਮਾਤ ਦਾ ਮਜ਼ਬੂਤ ਹੋਣਾ ਸਮੇਂ ਦੀ ਲੋੜ - ਇਯਾਲੀ
ਪਾਣੀਆਂ ਦੇ ਮੁੱਦੇ ਤੇ ਸਿਆਸੀ ਜ਼ਮੀਨ ਨੂੰ ਤਰਾਸ਼ਣ ਦੀ ਸਿਆਸਤ ਹੋਈ, ਸਾਰੀਆਂ ਸਿਆਸੀ ਧਿਰਾਂ ਵੱਡਾ ਪ੍ਰੋਗਰਾਮ ਦੇਣ ਵਿੱਚ ਨਾਕਾਮ - ਝੂੰਦਾਂ
ਪੰਥ ਅਤੇ ਪੰਜਾਬ ਪ੍ਰਸਤ ਲੀਡਰਸ਼ਿਪ ਦਾ ਉਭਾਰ ਕਰਨਾ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਹਿਮ ਜ਼ਿੰਮੇਵਾਰੀ - ਗਿਆਨੀ ਹਰਪ੍ਰੀਤ ਸਿੰਘ
ਕੁਰਾਲੀ / ਚੰਡੀਗੜ, 5 ਮਈ 2025- ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਅਤੇ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਅਹਿਮ ਮੀਟਿੰਗ ਹਲਕਾ ਖਰੜ ਦੇ ਬਲਾਕ ਮਾਜਰੀ ਵਿੱਚ ਹੋਈ। ਇਸ ਮੀਟਿੰਗ ਵਿੱਚ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸੰਗਤ ਦੇ ਸੱਦੇ ਤੇ ਉਚੇਚੇ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਪੁਆਧ ਦੀ ਧਰਤੀ ਤੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਇਯਾਲੀ ਨੇ ਪੰਜਾਬ ਨਾਲ ਜੁੜੇ ਮੁੱਦਿਆਂ ਦੀ ਠੋਸ ਰਾਖੀ ਅਤੇ ਸਖ਼ਤ ਪਹਿਰੇਦਾਰੀ ਕਰਨ ਲਈ ਆਪਣੀ ਖੇਤਰੀ ਸਿਆਸੀ ਧਿਰ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ। ਸਰਦਾਰ ਇਯਾਲੀ ਨੇ ਕਿਹਾ ਪੁਨਰ ਗਠਨ ਐਕਟ 1966 ਤੋਂ ਲੈਕੇ ਸਮੇਂ ਸਮੇਂ ਦੀਆਂ ਕੇਂਦਰੀ ਵਜਾਰਤ ਵਾਲੀਆਂ ਪਾਰਟੀਆਂ ਨੇ ਪੰਜਾਬ ਦੇ ਹੱਕ ਖੋਹੇ ਹਨ। ਸਾਡੇ ਕੋਲ ਨਾ ਆਪਣੀ ਰਾਜਧਾਨੀ ਹੈ, ਨਾ ਸਾਨੂੰ ਪੰਜਾਬੀ ਬੋਲਦੇ ਇਲਾਕੇ ਮਿਲੇ, ਸਾਡੀ ਸਿੱਖਿਆ ਦਾ ਸਰਵ ਉੱਚ ਸਥਾਨ ਪੰਜਾਬ ਯੂਨੀਵਰਸਿਟੀ ਤੋਂ ਸਾਡੀ ਪਕੜ ਕਮਜੋਰ ਕੀਤੀ ਜਾ ਚੁੱਕੀ ਹੈ। ਬੀਬੀਐਮਬੀ ਵਿੱਚ ਸਾਡੀ ਸਥਾਈ ਮੈਂਬਰਸ਼ਿਪ ਖਤਮ ਕੀਤੀ ਜਾ ਚੁੱਕੀ ਹੈ। ਸਰਦਾਰ ਇਯਾਲੀ ਨੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਅਤੇ ਪੰਥ ਪ੍ਰਤੀ ਸੁਹਿਰਦ ਲੀਡਰਸ਼ਿਪ ਹੱਥ ਦੇਣ ਦੀ ਵਕਾਲਤ ਕਰਦਿਆਂ ਕਿਹਾ ਕਿ, ਜੇਕਰ ਹੁਣ ਵੀ ਅਸੀਂ ਆਪਣੇ ਹੱਕਾਂ ਦੀ ਰਾਖੀ ਲਈ ਅੱਗੇ ਨਾ ਸਕੇ ਤਾਂ ਆਉਣ ਵਾਲਾ ਸਮਾਂ ਅਤੇ ਪੀੜ੍ਹੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ। ਸਰਦਾਰ ਇਯਾਲੀ ਨੇ ਭਰਤੀ ਦੇ ਸਬੰਧ ਵਿੱਚ ਕਿਹਾ ਕਿ ਜਿਸ ਤਰਾਂ ਦਾ ਹੁੰਗਾਰਾ ਪੂਰੇ ਪੰਜਾਬ ਤੋਂ ਮਿਲਿਆ ਹੈ, ਉਸ ਤੋ ਯਕੀਨਣ ਵਿਸ਼ਵਾਸ ਹੈ ਕਿ ਪੰਜਾਬ ਪ੍ਰਸਤ ਲੋਕ ਆਪਣੀ ਸਿਆਸੀ ਧਿਰ ਅਤੇ ਆਪਣੀ ਵਿਸ਼ਵਾਸ ਪਾਤਰ ਲੀਡਰਸ਼ਿਪ ਚੁਣਨ ਲਈ ਮਨ ਬਣਾ ਚੁੱਕੇ ਹਨ।
ਇਸ ਮੌਕੇ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਪਾਣੀਆਂ ਦੇ ਮੁੱਦੇ ਤੇ ਸਖ਼ਤ ਸਟੈਂਡ ਅਖ਼ਤਿਆਰ ਕਰਦਿਆਂ ਕਿਹਾ ਕਿ ਅੱਜ ਸਾਰੀਆਂ ਸਿਆਸੀ ਜਮਾਤਾਂ ਆਪਣੇ ਗੁਆਚੇ ਹੋਏ ਸਿਆਸੀ ਅਧਾਰ ਨੂੰ ਬਚਾਈ ਰੱਖਣ ਲਈ ਸਿਆਸਤ ਕਰ ਰਹੀਆਂ ਹਨ। ਸਰਵ ਪਾਰਟੀ ਮੀਟਿੰਗ ਵਿੱਚ ਢੁੱਕਵਾਂ ਅਤੇ ਸਾਂਝਾ ਵੱਡਾ ਪ੍ਰੋਗਰਾਮ ਨਾ ਦੇਣਾ ਇਹ ਸਾਬਿਤ ਕਰਦਾ ਹੈ ਕਿ ਸਿਆਸੀ ਪਾਰਟੀਆਂ ਪੰਜਾਬ ਦੇ ਮੁੱਦਿਆਂ ਤੇ ਸਿਰਫ ਤੇ ਸਿਰਫ ਸਿਆਸਤ ਕਰ ਰਹੀਆਂ ਹਨ। ਜੱਥੇਦਾਰ ਝੂੰਦਾਂ ਨੇ ਠੋਕ ਕੇ ਕਿਹਾ ਕਿ ਬਤੌਰ ਖੇਤਰੀ ਪਾਰਟੀ ਦੇ ਨੁਮਾਇੰਦੇ ਹੋਣ ਤੇ ਜਿੱਥੇ ਵੀ ਸੂਬੇ ਦੇ ਮੁੱਦਿਆਂ ਦੀ ਰਾਖੀ ਲਈ ਆਵਾਜ ਵੱਜੇਗੀ ਉਥੇ ਹਿਕ ਡਾਹ ਕੇ ਪਹਿਰਾ ਦਿੱਤਾ ਜਾਵੇਗਾ, ਬਸ਼ਰਤੇ ਮੁੱਦਿਆਂ ਤੇ ਕਿਸੇ ਧਿਰ ਦਾ ਸਿਆਸੀ ਸਵਾਰਥ ਨਾ ਹੋਵੇ।
ਇਸ ਵਰਕਰ ਮੀਟਿੰਗ ਵਿੱਚ ਸੰਗਤ ਦੇ ਸੱਦੇ ਤੇ ਆਪਣੇ ਜਰੂਰੀ ਰੁਝੇਵਿਆਂ ਨੂੰ ਛੱਡ ਕੇ ਹਾਜ਼ਰ ਰਹੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ਅਤੇ ਪੰਜਾਬ ਦੇ ਮੌਜੂਦਾ ਮਸਲਿਆਂ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਓਹਨਾ ਕੇਂਦਰ ਦੀ ਬੀਜੇਪੀ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਦੇ ਮੁੱਦਿਆਂ ਲਈ ਅਵਾਜ ਚੁੱਕਣ ਵਾਲਾ ਅਤੇ ਰਾਖੀ ਕਰਨ ਵਾਲਾ ਤਾਕਤਵਰ ਲੀਡਰ ਸਮੇਂ ਦੀ ਮੰਗ ਹੈ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਬਰਾਂ ਨੂੰ ਓਹਨਾ ਦੀ ਜ਼ਿੰਮੇਵਾਰੀ ਦਾ ਮੁੜ ਅਹਿਸਾਸ ਕਰਵਾਉਂਦੇ ਕਿਹਾ ਕਿ, ਅੱਜ ਪੰਥ ਅਤੇ ਪੰਜਾਬ ਪ੍ਰਸਤ ਲੀਡਰਸ਼ਿਪ ਦਾ ਉਭਾਰ ਅਤੇ ਉਥਾਨ ਕਰਨਾ ਓਹਨਾ ਦੀ ਅਹਿਮ ਜ਼ਿੰਮੇਵਾਰੀ ਹੈ।
ਇਸ ਮੌਕੇ ਸਾਬਕਾ ਮੈਬਰ ਪਾਰਲੀਮੈਟ ਪ੍ਰੋ ਚੰਦੂਮਾਜਰਾ ਨੇ ਆਪਣੇ ਭਾਸ਼ਣ ਦੌਰਾਨ ਨੌਜਵਾਨ ਵਰਗ ਨੂੰ ਅੱਗੇ ਆਕੇ ਖੇਤਰੀ ਪਾਰਟੀ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਸਾਬਕਾ ਸਪੀਕਰ ਰਵੀ ਇੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਉਭਾਰਿਆ ਉਥੇ ਹੀ ਇਹਨਾ ਦੇ ਹੱਲ ਅਤੇ ਪਹਿਰੇਦਾਰੀ ਲਈ ਇਕਜੁਟਤਾ ਨੂੰ ਪੰਜਾਬ ਦੀ ਲੋੜ ਕਰਾਰ ਦਿੱਤਾ।
ਇਸ ਮੌਕੇ ਮਿਸਲ ਸਤਲੁਜ ਵਲੋ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਜਿੱਥੇ ਆਈ ਹੋਈ ਲੀਡਰਸ਼ਿਪ ਦਾ ਧੰਨਵਾਦ ਕੀਤਾ ਉਥੇ ਆਸ ਵੀ ਪ੍ਰਗਟ ਕੀਤੀ ਕਿ ਜਾਰੀ ਹੁਕਮਨਾਮਾ ਸਾਹਿਬ ਦੀ ਪਾਲਣਾ ਇੰਨ ਬਿੰਨ ਰੂਪ ਵਿੱਚ ਕਰਦੇ ਹੋਏ ਭਰਤੀ ਕਮੇਟੀ ਮੈਂਬਰ ਪੰਜਾਬ ਅਤੇ ਪੰਥ ਨੂੰ ਸਿਆਸੀ ਅਗਵਾਈ ਦਾ ਨੈਤਿਕ ਅਧਾਰ ਗੁਆ ਚੁੱਕੀ ਲੀਡਰਸ਼ਿਪ ਦੇ ਬਦਲੇ ਸੰਜੀਦਾ,ਪੰਥ ਅਤੇ ਪੰਜਾਬ ਨੂੰ ਸਮਰਪਿਤ ਲੀਡਰਸ਼ਿਪ ਦੇਵੇਗੀ।
ਇਸ ਮੌਕੇ ਰਾਜਵਿੰਦਰ ਸਿੰਘ ਵਜੀਦਪੁਰ,ਸਰਬਜੀਤ ਸਿੰਘ ਕਾਦੀਮਾਜਰਾ, ਮਨਜੀਤ ਸਿੰਘ ਮੁੱਧੋਂ, ਗੁਰਜੀਤ ਸਿੰਘ ਸ਼ੰਟੂ, ਮੇਜਰ ਸਿੰਘ ਬਸੰਤਪੁਰਾ, ਮਨਦੀਪ ਸਿੰਘ ਖਿਜਰਾਬਾਦ, ਰਵਿੰਦਰ ਸਿੰਘ ਪੈਂਟਾ, ਦਰਸ਼ਨ ਸਿੰਘ ਕੰਸਾਲਾ, ਭਜਨ ਸਿੰਘ ਸ਼ੇਰਗਿੱਲ, ਸੁਖਜਿੰਦਰ ਸਿੰਘ ਮੁੰਡੀਆਂ,ਹਰਬੰਸ ਸਿੰਘ ਕੰਦੋਲਾ, ਕੁਲਵਿੰਦਰ ਸਿੰਘ ਸੇਖੋਂ, ਹਰਦੀਪ ਸਿੰਘ ਡੋਡ,ਹਰਜੀਤ ਸਿੰਘ ਸਿੰਘ ਖਾਸ ਤੌਰ ਤੇ ਹਾਜ਼ਰ ਰਹੇ।