ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਜਾਰੀ
ਡਿਪਟੀ ਕਮਿਸ਼ਨਰ ਨੇ ਮੁੱਖ ਚੋਣ ਅਧਿਕਾਰੀ ਨੂੰ ਜ਼ਿਲ੍ਹੇ ’ਚ ਚੱਲ ਰਹੀ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਪ੍ਰਕਿਰਿਆ ਤੋਂ ਕਰਵਾਇਆ ਜਾਣੂ
ਜਲੰਧਰ, 09 ਅਗਸਤ 2022: ਵੋਟਰ ਸੂਚੀ ’ਚ ਦਰਜ ਵੋਟਰਾਂ ਦੀ ਪ੍ਰਮਾਣਿਕਤਾ ਜਾਂ ਕਿਸੇ ਵੀ ਵਿਅਕਤੀ ਦੀ ਦੋ ਥਾਵਾਂ ’ਤੇ ਵੋਟ ਨਾ ਬਣਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਮੌਜੂਦਾ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦੇ ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕਰਨ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜ਼ਿਲ੍ਹੇ ’ਚ ਹੁਣ ਤੱਕ 4132 ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕੀਤੇ ਜਾ ਚੁੱਕੇ ਹਨ।
ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਵੱਲੋਂ ਵੋਟਰ ਸੂਚੀ ਦੀ ਚੱਲ ਰਹੀ ਵਿਸ਼ੇਸ਼ ਸਰਸਰੀ ਸੁਧਾਈ ਦੇ ਕੰਮ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ ’ਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਪ੍ਰਸ਼ਾਸਨ ਵੱਲੋਂ 14 ਅਗਸਤ ਤੱਕ ਸਭ ਤੋਂ ਵੱਧ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਵਾਲੇ 5 ਬੀ.ਐਲ.ਓਜ਼ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਤੋਂ ਇਲਾਵਾ 4 ਸਤੰਬਰ ਨੂੰ ਵਿਸ਼ੇਸ਼ ਕੈਂਪ ਵੀ ਲਗਾਇਆ ਜਾ ਰਿਹਾ ਹੈ, ਜਿਸ ਦੌਰਾਨ ਬੀ.ਐਲ.ਓਜ਼ ਆਪੋ-ਆਪਣੇ ਪੋਲਿੰਗ ਬੂਥਾਂ ’ਤੇ ਵੋਟਰਾਂ (ਜਿਨ੍ਹਾਂ ਦੀ ਪਹਿਲਾਂ ਹੀ ਵੋਟ ਬਣੀ ਹੋਈ ਹੈ) ਪਾਸੋਂ ਫਾਰਮ ਨੰ. 6-ਬੀ ਰਾਹੀਂ ਤਸਦੀਕਸ਼ੁਦਾ ਆਧਾਰ ਕਾਰਡ ਦੀ ਕਾਪੀ ਪ੍ਰਾਪਤ ਕਰ ਕੇ ਗਰੁੜਾ ਐਪ ਰਾਹੀਂ ਵੋਟ ਨਾਲ ਲਿੰਕ ਕਰਨਗੇ।
ਜ਼ਿਲ੍ਹੇ ’ਚ ਚੱਲ ਰਹੀ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਪ੍ਰਕਿਰਿਆ ਦੀ ਪ੍ਰਗਤੀ ਬਾਰੇ ਜਾਣੂ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 1500 ਤੋਂ ਵੱਧ ਵੋਟ ਵਾਲਾ ਕੋਈ ਵੀ ਪੋਲਿੰਗ ਸਟੇਸ਼ਨ ਨਹੀਂ ਹੈ ਪਰ ਫਿਰ ਵੀ ਪੋਲਿੰਗ ਸਟੇਸ਼ਨਾਂ ਨੂੰ ਮਰਜ਼/ਰੀਅਰੇਂਜ਼ਡ ਕਰਨ ਸਬੰਧੀ ਕਾਰਵਾਈ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਰਾਜਨੀਤਿਕ ਪਾਰਟੀਆਂ ਅਤੇ ਸਵੀਪ ਨੋਡਲ ਅਫ਼ਸਰਾਂ ਨੂੰ ਚੋਣ ਐਕਟ ਅਤੇ ਨਿਯਮਾਂ ਵਿੱਚ ਹੋਈ ਸੋਧ, ਨਵੇਂ/ਸੋਧੇ ਫਾਰਮ ਅਤੇ ਪੋਲਿੰਗ ਸਟੇਸ਼ਨ ਦੀ ਰੈਸ਼ਨਲਾਈਜ਼ੇਸ਼ਨ ਅਤੇ ਰਵੀਜ਼ਨ ਪ੍ਰੋਗਰਾਮ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਵੋਟਰਾਂ ਨੂੰ ਨਵੀਆਂ ਯੋਗਤਾ ਮਿਤੀਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਲਈ ਸਕੂਲਾਂ ਕਾਲਜਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਨਾਲ ਸਬੰਧਤ ਲੀਗਲ ਪ੍ਰੋਵੀਜ਼ਨ/ਆਈ.ਟੀ. ਪ੍ਰੋਸੈਸ ਬਾਰੇ ਸਟੇਟ ਲੈਵਲ ਮਾਸਟਰ ਟ੍ਰੇਨਰ-ਕਮ-ਐਸ.ਡੀ.ਐਮ. ਜਲੰਧਰ-2, ਜ਼ਿਲ੍ਹੇ ਦੇ ਸਮੂਹ ਈ. ਆਰ. ਓਜ਼ /ਡੀ. ਐਲ. ਐਮ. ਟੀਜ਼/ਏ. ਐਲ. ਐਮ. ਟੀਜ਼/ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਹੀਨਾ ਜੂਨ ਵਿੱਚ ਕੁੱਲ 1279 ਵੋਟਰ ਕਾਰਡ ਤਿਆਰ ਕਰਕੇ ਸਪੀਡ ਪੋਸਟ ਵਿਧੀ ਰਾਹੀਂ ਸਬੰਧਤ ਵੋਟਰਾਂ ਨੂੰ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਤਹਿਤ ਮੀਟਿੰਗ ਕਰਕੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ।
ਇਸ ਮੌਕੇ ਏ.ਸੀ.ਏ. ਜਲੰਧਰ ਵਿਕਾਸ ਅਥਾਰਟੀ ਜਸਬੀਰ ਸਿੰਘ, ਐਸ.ਡੀ.ਐਮਜ਼ ਜੈ ਇੰਦਰ ਸਿੰਘ, ਬਲਬੀਰ ਰਾਜ ਸਿੰਘ, ਲਾਲ ਵਿਸ਼ਵਾਸ ਅਤੇ ਰਣਦੀਪ ਸਿੰਘ ਹੀਰ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਐਕਸੀਅਨ ਪੁੱਡਾ ਯਾਦਵਿੰਦਰ ਸਿੰਘ, ਏ.ਡੀ.ਓ. ਡਾ. ਦਿਨੇਸ਼, ਏ.ਪੀ.ਓ. ਨਗਰ ਨਿਗਮ ਨਿਰਮਲਜੀਤ ਕੌਰ, ਚੋਣ ਕਾਨੂੰਨਗੋ ਰਕੇਸ਼ ਕੁਮਾਰ, ਰਮਨਦੀਪ ਕੌਰ, ਮਨਦੀਪ ਕੌਰ ਤੇ ਪਰਕੀਰਤ ਸਿੰਘ ਅਤੇ ਪ੍ਰੋਗਰਾਮਰ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।