ਗੁਰਮੀਤ ਖੁੱਡੀਆਂ ਵੱਲੋਂ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਦੇ ਸੰਕੇਤ
ਅਸ਼ੋਕ ਵਰਮਾ
ਬਠਿੰਡਾ, 24 ਜੁਲਾਈ 2021:ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨ ਵਜੋਂ ਤਾਜਪੋਸ਼ੀ ਵਾਲੇ ਦਿਨ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਆਖਣ ਵਾਲੇ ਬਾਦਲ ਪ੍ਰੀਵਾਰ ਦੇ ਲੰਬੀ ਹਲਕੇ ਨਾਲ ਸਬੰਧਤ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਦੇ ਸੰਕੇਤ ਹਾਸਲ ਹੋਏ ਹਨ। ਹਾਲਾਂਕਿ ਅੱਜ ਉਨ੍ਹਾਂ ਇਸ ਸਬੰਧ ’ਚ ਸਿੱਧੇ ਤੌਰ ਤਾਂ ਕੁੱਝ ਨਹੀਂ ਆਖਿਆ ਪਰ ਉਨ੍ਹਾਂ ਦੀ ਬੋਲਬਾਣੀ ਕਾਫੀ ਕੁੱਝ ਬਿਆਨ ਕਰਨ ਵਾਲੀ ਸੀ। ਅੱਜ ਸੋਸ਼ਲ ਮੀਡੀਆ ਤੇ ਘੁੰਮ ਰਹੀ ਇੱਕ ਪੋਸਟ ’ਚ ਵੀ ਇਹੋ ਆਖਿਆ ਗਿਆ ਹੈ ਕਿ ਜੱਥੇਦਾਰ ਖੁੱਡੀਆਂ ਸੋਮਵਾਰ ਨੂੰ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਸਰਪੰਚਾਂ ਨਾਲ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਗੇ। ਲੰਬੀ ਹਲਕੇ ਦੇ ਅਹਿਮ ਸਿਆਸੀ ਹਲਕਿਆਂ ਅਤੇ ਬਠਿੰਡਾ ਜਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਇਸ ਪੱਤਰਕਾਰ ਕੋਲ ਆਫ ਦਾ ਰਿਕਾਰਡ ਮੰਨਿਆ ਕਿ ਖੁੱਡੀਆਂ ਆਪ ’ਚ ਸ਼ਾਮਲ ਹੋ ਰਹੇ ਹਨ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੱਥੇਦਾਰ ਖੁੱਡੀਆਂ ਕੋਲ ਇਸ ਵੇਲੇ ਦੋ ਬਦਲ ਹਨ ਜਿੱਲ੍ਹਾਂ ’ਚ ਸਭ ਤੋਂ ਅਹਿਮ ਆਦਮੀ ਪਾਰਟੀ ’ਚ ਸ਼ਾਮਲ ਹੋਣਾ ਹੈ ਜਦੋਂਕਿ ਦੂਸਰਾ ਅਜਾਦ ਤੌਰ ਤੇ ਲੜਾਈ ਲੜਨ ਦਾ ਹੈ ਜੋ ਇਮਾਨਦਾਰੀ ਦੀ ਬੰਸਰੀ ਵਜਾਉਣ ਵਾਲਿਆਂ ਨੂੰ ਬਿਲਕੁਲ ਵੀ ਵਾਰਾ ਨਹੀਂ ਖਾਂਦਾ ਹੈ। ਇਹ ਮਾਹਿਰ ਦੱਸਦੇ ਹਨ ਕਿ ਰਾਜਨੀਤਕ ਮੈਦਾਨ ’ਚ ਅਕਾਲੀ ਦਲ ਅਤੇ ਭਾਰਤੀ ਜੰਤਾ ਪਾਰਟੀ ਵਰਗੀਆਂ ਦੋ ਹੋਰ ਸਿਆਸੀ ਧਿਰਾਂ ਵੀ ਹਨ। ਇਹ ਦੋਵੇਂ ਵੀ ਮੌਜੂਦਾ ਹਾਲਾਤ ’ਚ ਉਨ੍ਹਾਂ ਨੂੰ ਫਿੱਟ ਨਹੀਂ ਬੈਠ ਸਕਦੀਆਂ ਕਿਉਂਕਿ ਲੰਬੀ ਹਲਕਾ ਬਾਦਲ ਪ੍ਰੀਵਾਰ ਦਾ ਜੱਦੀ ਹੈ ਜਦੋਂਕਿ ਬੀਜੇਪੀ ਤਾਂ ਖੇਤੀ ਕਾਨੂੰਨਾਂ ਨੂੰ ਲੈਕੇ ਭੜਕੇ ਕਿਸਾਨਾਂ ਕਾਰਨ ਸਿਆਸੀ ਸਾਹ ਵਰੋਲਦੀ ਫਿਰ ਰਹੀ ਹੈ। ਇਹੋ ਕਾਰਟਨ ਹੈ ਕਿ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਕੋਲ ਆਮ ਆਦਮੀ ਵਰਗਾ ਰਾਜਸੀ ਪਲੇਟਫਾਰਮ ਵਿਹਲਾ ਪਿਆ ਹੈ ਜੋਕਿ ਖੁੱਡੀਆਂ ਵਰਗੀ ਸਿਆਸੀ ਸ਼ਖਸ਼ੀਅਤ ਅਤੇ ਪਾਰਟੀ ਦੋਵਾਂ ਦੇ ਮੇਚ ਬੈਠਦਾ ਹੈ।
ਗੌਰਤਲਬ ਹੈ ਕਿ ਮਰਹੂਮ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਗੁਰਮੀਤ ਸਿੰਘ ਖੁੱਡੀਆਂ ਲੰਬੀ ਹਲਕੇ ਦੇ ਇਮਾਨਦਾਰ ਆਗੂ ਹਨ ਜਿੰਨ੍ਹਾਂ ਨੇ ਆਪਣੇ ਪਿਤਾ ਦੀ ਤਰਾਂ ਗੰਧਲੀ ਸਿਆਸਤ ਤੋਂ ਦੂਰੀ ਰੱਖੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਉਮੀਦਵਾਰ ਬਨਾਉਣ ਦੀ ਚਰਚਾ ਸੀ ਪਰ ਅਚਨਚੇਤ ਹਲਕੇ ’ਚ ਪ੍ਰਗਟ ਹੋਏ ਕੈਪਟਨ ਅਮਰਿੰਦਰ ਸਿੰਘ ਕਾਰਨ ਅਜਿਹਾ ਨਾਂ ਹੋ ਸਕਿਆ। ਆਪਣੇ ਨਾਲ ਹੋਏ ਇਸ ਧੱਕੇ ਦੇ ਬਾਵਜੂਦ ਉਨ੍ਹਾਂ ਪਾਰਟੀ ਲਈ ਡੱਟ ਕੇ ਕੰਮ ਕੀਤਾ ਜਿਸ ਦਾ ਮੁੱਲ ਪਾਉਣਾ ਤਾਂ ਦੂਰ ਉਨ੍ਹਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਅੰਤ ਨੂੰ ਸ਼ੁੱਕਰਵਾਰ ਵਾਲੇ ਦਿਨ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਜੱਦੀ ਪਿੰਡ ਖੁੱਡੀਆਂ ਦੇ ਗੁਰੂ ਘਰ ਵਿੱਚ ਵੱਡਾ ਇਕੱਠ ਕਰਕੇ ਕਾਂਗਰਸ ਪਾਰਟੀ ਨੂੰ ਫਤਿਹ ਬੁਲਾ ਦਿੱਤੀ। ਉਨ੍ਹਾਂ ਅਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਹਲਕੇ ਦੀ ਕੋਈ ਸਾਰ ਨਹੀਂ ਲਈ ਜੋ ਉਨ੍ਹਾਂ ਦਾ ਕਾਂਗਰਸ ਨਾਲੋਂ ਤੋੜ ਵਿਛੋੜਾ ਕਰਨ ਦਾ ਕਾਰਨ ਬਣੀ ਹੈ।
ਸਮਰਥਕਾਂ ਨਾਲ ਵਿਚਾਰ ਜਾਰੀ-ਖੁੱਡੀਆਂ
ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਆਪਣੇ ਹਮਾਇਤੀਆਂ ਅਤੇ ਦੋਸਤਾਂ ਮਿੱਤਰਾਂ ਨਾਲ ਵਿਚਾਰ ਚਰਚਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਜਲਦੀ ਹੀ ਫੈਸਲਾ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਸਮੇਤ ਕਈ ਤਰਾਂ ਦੇ ਪ੍ਰਸਤਾਵ ਆਏ ਹਨ ਜਿੰਨ੍ਹਾਂ ਚੋਂ ਕਿਸੇ ਇੱਕ ਤੇ ਮੋਹਰ ਲੱਗ ਸਕਦੀ ਹੈ। ਸੋਸ਼ਲ ਮੀਡੀਆ ਤੇ ਚੱਲ ਰਹੀ ਚੁੰਝ ਚਰਚਾ ਸਬੰਧੀ ਸਵਾਲ ਦੇ ਜਵਾਬ ’ਚ ਉਨ੍ਹਾਂ ਸਿੱਧੇ ਤੌਰ ਤੇ ਕੁੱਝ ਨਹੀ ਕਿਹਾ ਪਰ ਆਪ ਵੱਲ ਇਸ਼ਾਰਾ ਜਰੂਰ ਕੀਤਾ ਹੈ।
ਚੰਗੇ ਬੰਦਿਆਂ ਦਾ ਹਮੇਸ਼ਾ ਸੁਆਗਤ-ਚੀਮਾ
ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਫਿਲਾਹਲ ਉਨ੍ਹਾਂ ਦੀ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਨਾਲ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਹੋਈ ਹੈ। ਉਨ੍ਹਾਂ ਆਖਿਆ ਕਿ ਉਂਜ ਇਮਾਨਦਾਰ ਵਿਅਕਤੀਆਂ ਦਾ ਪਾਰਟੀ ’ਚ ਹਮੇਸ਼ਾ ਹੀ ਸੁਆਗਤ ਹੈ।