Political Special-ਸੰਗਰੂਰ ਰੈਲੀ: ‘ਸਿਆਸੀ ਦੁੱਕੀ’ ਨਾਲ ‘ਸੱਤਾ ਦਾ ਯੱਕਾ ਕੁੱਟਣ’ ਦੀ ਤਿਆਰੀ ’ਚ ਜੁਟੀ ਕਾਂਗਰਸ
ਅਸ਼ੋਕ ਵਰਮਾ
ਬਠਿੰਡਾ, 27 ਅਕਤੂਬਰ 2026: ਪੰਜਾਬ ਕਾਂਗਰਸ ਸੱਤਾ ਦਾ ਧੁਰਾ ਅਖਵਾਉਂਦੇ ਮਾਲਵੇ ਦੇ ਸੰਗਰੂਰ ਤੋਂ ਵਿਧਾਨ ਸਭਾ ਚੋਣਾਂ ਲਈ 4 ਸਤੰਬਰ ਨੂੰ ‘ਹਿਸਾਬ ਮੰਗੋ’ ਰੈਲੀ ਰਾਹੀਂ ਚੋਣ ਬਿਗਲ ਵਜਾਏਗੀ ਜਿਸ ’ਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਉਪਰੰਤ ਕਾਂਗਰਸ, ਪੰਜਾਬ ’ਚ ਪਹਿਲੀ ਵੱਡੀ ਰੈਲੀ ਕਰਨ ਜਾ ਰਹੀ ਹੈ। ਵਿਧਾਨ ਸਭਾ ਦੇ 117 ਚੋਂ 69 ਹਲਕੇ ਇਕੱਲੇ ਮਾਲਵੇ ’ਚ ਹਨ ਜਿਸ ਕਰਕੇ ਸਿਆਸੀ ਤੌਰ ’ਤੇ ਅਹਿਮ ਮੰਨੇ ਜਾਂਦੇ ਇਸ ਖਿੱਤੇ ਦੀ ਚੋਣ ਕੀਤੀ ਗਈ ਹੈ। ਸਾਲ 2022 ’ਚ ਸੱਤਾ ਗੁਆਉਣ ਵਾਲੀ ਕਾਂਗਰਸ ਸਮਝ ਚੁੱਕੀ ਹੈ ਕਿ ਜੇਕਰ ਸਰਕਾਰ ਬਨਾਉਣੀ ਹੈ ਤਾਂ ਮਾਲਵੇ ’ਚ ਮਜਬੂਤ ਪਕੜ ਹੋਣੀ ਜਰੂਰੀ ਹੈ। ਇਹੋ ਕਾਰਨ ਹੈ ਕਿ ਪੰਜਾਬ ਦੀ ਸੱਤਾ ਤੱਕ ਪੁੱਜਣ ਲਈ ਮਾਲਵੇ ਦੇ ਵੋਟਰਾਂ ’ਚ ਪ੍ਰਭਾਵ ਕਾਇਮ ਕਰਨ ਹਰ ਪਾਰਟੀ ਦਾ ਮੁੱਖ ਏਜੰਡਾ ਰਹਿੰਦਾ ਹੈ।
ਮਾਮਲੇ ਨੂੰ ਸਮਝਣ ਲਈ ਪਿਛੋਕੜ ’ਚ ਝਾਤੀ ਮਾਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਸਾਲ 2002 ’ਚ ਕਾਂਗਰਸ ਮਾਲਵੇ ਦੇ 29 ਹਲਕਿਆਂ ’ਚ ਜਿੱਤੀ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ। ਸਾਲ 2007 ’ਚ ਕਾਂਗਰਸ ਦਾ ਹੱਥ ਉੱਪਰ ਰਿਹਾ ਅਤੇ ਪਾਰਟੀ 37 ਹਲਕਿਆਂ ’ਚ ਜਿੱਤੀ ਸੀ। ਕਾਂਗਰਸ ਦੀ ਮਾਲਵੇ ’ਚ ਇਸ ਵੱਡੀ ਜਿੱਤ ਦਾ ਸਿਹਰਾ ਡੇਰਾ ਸਿਰਸਾ ਪੈਰੋਕਾਰਾਂ ਦੇ ਸਿਰ ਬੱਝਿਆ ਸੀ ਜਿੰਨ੍ਹਾਂ ਨੇ ਨਿੱਠ ਕੇ ਪੰਜੇ ’ਤੇ ਮੋਹਰਾਂ ਲਾਈਆਂ ਸਨ। ਇਸ ਮੌਕੇ ਅਕਾਲੀ ਦਲ ਨੂੰ 19 ਸੀਟਾਂ ਮਿਲੀਆਂ ਸਨ ਜੋ ਮਾਝੇ ਅਤੇ ਦੁਆਬੇ ਦੇ ਸਿਰ ’ਤੇ ਸਰਕਾਰ ਬਨਾਉਣ ’ਚ ਸਫਲ ਰਿਹਾ ਸੀ। ਸਾਲ 2012 ’ਚ ਸ਼੍ਰੋਮਣੀ ਅਕਾਲੀ ਦਲ 34 ਹਲਕਿਆਂ ’ਚ ਸਫਲ ਰਹਿਣ ਦੇ ਬਾਵਜੂਦ ਕਾਂਗਰਸ ਮਾਲਵੇ ਦੀਆਂ 31 ਸੀਟਾਂ ਜਿੱਤ ਗਈ ਪਰ ਸਰਕਾਰ ਬਨਾਉਣ ’ਚ ਅਸਫਲ ਰਹੀ ਸੀ। ਸਾਲ 2017 ’ਚ ਕਾਂਗਰਸ ਨੇ ਮਾਲਵੇ ’ਚ ਫੋਕਸ ਬਣਾਇਆ ਅਤੇ 40 ਸੀਟਾਂ ਜਿੱਤੀਆਂ ਸਨ।
ਮਾਲਵੇ ਨੇ 2022 ’ਚ ਆਮ ਆਦਮੀ ਪਾਰਟੀ ਨੂੰ ਲਾਮਿਸਾਲ ਫਤਵਾ ਦਿੱਤਾ ਅਤੇ 68 ਚੋਂ 66 ਹਲਕਿਆਂ ਵਿੱਚ ਵਿਰੋਧੀਆਂ ’ਤੇ ਝਾੜੂ ਚੱਲ ਗਿਆ ਸੀ ਜਦੋਂਕਿ ਕਾਂਗਰਸ ਨੂੰ ਦੋ ਅਤੇ ਅਕਾਲੀ ਦਲ ਨੂੰ ਸਿਰਫ ਇੱਕ ਸੀਟ ਮਿਲ ਸਕੀ ਸੀ। ਤਾਂ ਹੀ ਮਾਲਵੇ ਦੀ ਅਹਿਮੀਅਤ ਨੂੰ ਦੇਖਦਿਆਂ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜਿਲ੍ਹੇ ਸੰਗਰੂਰ ਚੋਂ ਚੋਣ ਬਿਗੁਲ ਵਜਾਉਣ ਦਾ ਫੈਸਲਾ ਲਿਆ ਹੈ। ਕਾਂਗਰਸ ਇਸ ਰੈਲੀ ’ਚ ਵੱਡਾ ਇਕੱਠ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਲਈ ਪਾਰਟੀ ਦੇ ਜਰਨਲ ਸਕੱਤਰ ਕੇ ਸੀ ਵੇਨੂੰਗੋਪਾਲ ਅਤੇ ਇੰਚਾਰਜ ਸਚਿਨ ਪਾਇਲਟ ਨੇ ਆਗੂਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ । ਸੂਤਰ ਦੱਸਦੇ ਹਨ ਕਿ ਕਾਂਗਰਸ ਵੱਲੋਂ ਇਸ ਰੈਲੀ ਰਾਹੀਂ ਪਿਛਲੇ ਸਮੇਂ ਦੌਰਾਨ ਪਾਰਟੀ ਦੀ ਅੰਦਰੂਨੀ ਲੜਾਈ ਕਾਰਨ ਬਣਿਆ ਲੋਕਾਂ ਦਾ ਨਜ਼ਰੀਆ ਬਦਲਣ ਦਾ ਯਤਨ ਕੀਤਾ ਜਾਵੇਗਾ ਅਤੇ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਹੁਣ ਜਦੋਂ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਤਾਂ ਠੀਕ ਉਸ ਤੋਂ ਪਹਿਲਾਂ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੇ ਨਸ਼ੇ ਦੇ ਮੁੱਦੇ ਨੂੰ ਸਿਆਸਤ ਦੇ ਕੇਂਦਰ ’ਚ ਲਿਆਂਦਾ ਹੋਇਆ ਹੈ, ਜਿਸ ਦਾ ਕਾਂਗਰਸ ਸਿਆਸੀ ਲਾਹਾ ਲੈਣ ਦੇ ਰੌਅ ’ਚ ਹੈ। ਕਾਂਗਰਸੀ ਆਗੂ ਆਖਦੇ ਹਨ ਕਿ 2022 ਚੋਣਾਂ ਦੌਰਾਨ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚਾਰ ਮਹੀਨੇ ’ਚ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀ ਹੋਇਆ ਹੈ। ਉਂਜ ਇਸ ਮਾਮਲੇ ‘ਚ ਕਾਂਗਰਸ ਵੀ ਬਰੀ ਨਹੀਂ ਕੀਤੀ ਜਾ ਸਕਦੀ ਕਿਉਂਕਿ 2017 ’ਚ ਤਤਕਾਲੀ ਕਾਂਗਰਸੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਸਹੁੰ ਚੁੱਕਕੇ ਚਾਰ ਹਫ਼ਤੇ ’ਚ ਨਸ਼ਾ ਖ਼ਤਮ ਕਰਨ ਦਾ ਕੀਤਾ ਵਾਅਦਾ ਕਾਂਗਰਸ ਸਰਕਾਰ ਪੂਰਾ ਨਹੀਂ ਕਰ ਸਕੀ ਸੀ। ਕਾਂਗਰਸੀ ਆਗੂ ਕੁੱਝ ਵੀ ਕਹਿਣ , ਕੈਪਟਨ ਅਮਰਿੰਦਰ ਸਿੰਘ ਦਾ ਇਹ ਵਾਅਦਾ ਅੱਜ ਵੀ ਕਾਂਗਰਸ ਨੂੰ ਨਿਰਉੱਤਰ ਕਰ ਰਿਹਾ ਹੈ।
ਕਾਂਗਰਸ ਲਈ ਮਾਲਵਾ ਨਾਸੂਰ
ਸਾਲ 2022 ’ਚ ਕਾਂਗਰਸ ਦੋ ਹਲਕਿਆਂ ਨੂੰ ਛੱਡਕੇ 90 ਫੀਸਦੀ ਸੀਟਾਂ ਮਾਝੇ ਅਤੇ ਦੁਆਬੇ ਚੋਂ ਜਿੱਤੀ ਸੀ ਜਦੋਂਕਿ ਆਮ ਆਦਮੀ ਪਾਰਟੀ ਨੇ ਮਾਲਵੇ ’ਚ ਸੂਪੜਾ ਸਾਫ ਕਰ ਦਿੱਤਾ ਸੀ। ਇਸ ਲਿਹਾਜ਼ ਨਾਾਲ ਰਾਹੁਲ ਦੀ ਰੈਲੀ ਦਾ ਮਕਸਦ ਮਾਲਵੇ ’ਚ ਖੁੱਸੀ ਹੋਈ ਆਪਣੀ ਸਿਆਸੀ ਜਮੀਨ ਹਾਸਲ ਕਰਨੀ ਹੋਵੇਗਾ। ਪਿਛਲੇ ਦੋ ਮਹੀਨਿਆਂ ਤੋਂ ਸੰਗਰੂਰ ਸੁਰਖੀਆਂ ’ਚ ਹੈ ਜਿਸ ਕਰਕੇ ਕਾਂਗਰਸ ਰੈਲੀ ਰਾਹੀਂ ਇਸ ਮਹੌਲ ਨੂੰ ਆਪਣੇ ਪੱਖ ’ਚ ਕਰਨ ਦੀ ਫਿਰਾਕ ’ਚ ਵੀ ਜਾਪਦੀ ਹੈ।
ਪ੍ਰਗਟ ਅੱਗੇ ਚੁਣੌਤੀਆਂ ਦੀ ਪੰਡ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਦੀ ਅਗਵਾਈ ਹੇਠ ਹੋਣ ਵਾਲੀ ਇਹ ਪਲੇਠੀ ਰੈਲੀ ਵਕਾਰੀ ਹੋਵੇਗੀ ਜੋ ਉਨ੍ਹਾਂ ਦੀ ਸਿਆਸੀ ਸੂਝ ਬੂਝ ਦੀ ਪਰਖ ਵੀ ਕਰੇਗੀ। ਆਪਸੀ ਝਾਟਮ ਝੀਟੀ ਚੋਂ ਲੰਘੇ ਕਾਂਗਰਸੀਆਂ ਨੂੰ ਇੱਕ ਮੋਰੀ ਲੰਘਾਉਣਾ ਵੀ ਨਵੇਂ ਪ੍ਰਧਾਨ ਲਈ ਚੁਣੌਤੀ ਬਣੇਗਾ।
ਪੰਜਾਬ ’ਚ ਸਰਕਾਰ ਬਣੇਗੀ : ਕਾਲਾ ਢਿੱਲੋਂ
ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਪੂਰੀ ਤਰਾਂ ਇੱਕਜੁਟ ਹੈ । ਉਨ੍ਹਾਂ ਕਿਹਾ ਕਿ ਸੰਗਰੂਰ ਰੈਲੀ ਇਤਿਹਾਸਕ ਹੋਵੇਗੀ ਅਤੇ ‘ਆਪ’ ਸਰਕਾਰ ਨੂੰ ਚਲਦਾ ਕਰਨ ਦਾ ਮੁੱਢ ਬੰਨ੍ਹੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ਅਗਲੀ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਹੈ।
- Download Babushahi App
-
-