Political Special ਨਗਰ ਨਿਗਮ ਚੋਣਾਂ : ਜਿੱਤ ਦੇ ਗੋਡੇ ਗੋਡੇ ਚਾਅ ’ਚ ਕੌਂਸਲਰ ਨੇ ਆਪਣੇ ਘਰ ਖੁਸਰੇ ਨਚਾਏ
ਅਸ਼ੋਕ ਵਰਮਾ
ਬਠਿੰਡਾ, 8 ਜੂਨ 2026 : ਨਗਰ ਨਿਗਮ ਬਠਿੰਡਾ ਦੀਆਂ ਹਾਲੀਆ ਚੋਣਾਂ ਮੌਕੇ ਚੋਣ ਜਿੱਤਕੇ ਕੌਂਸਲਰ ਬਣੇ ਆਗੂਆਂ ਨੂੰ ਜਿੱਤ ਦਾ ਗੋਡੇ ਗੋਡੇ ਚਾਅ ਚੜ੍ਹਿਆ ਹੋਇਆ ਹੈ। ਆਉਣ ਵਾਲੇ ਦਿਨਾਂ ਦੌਰਾਨ ਇੰਨ੍ਹਾਂ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਏਗੀ ਜਿਸ ਤੋਂ ਬਾਅਦ ਮੇਅਰ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਕਰਵਾਈ ਜਾਣੀ ਹੈ। ਇੰਨ੍ਹਾਂ ਕੌਂਸਲਰਾਂ ਨੇ ਸੌਂਹ ਚੁੱਕ ਸਮਾਗਮਾਂ ਅਤੇ ਲੋਕ ਮਿਲਣੀ ਲਈ ਅਗੇਤੀਆਂ ਤਿਆਰੀਆਂ ਵਿੱਢੀਆਂ ਹਨ। ਕੋਈ ਜਿੱਤ ਦਾ ਸ਼ੁਕਰਾਨਾ ਕਰਨ ਗੁਰੂ ਘਰ ਨਤਮਸਤਕ ਹੋਇਆ ਹੈ ਜਦੋਂਕਿ ਦੋ ਕੌਂਸਲਰਾਂ ਦੇ ਹੋਰਨੀਂ ਥਾਈਂ ਆਪਣੀ ਸੁੱਖ ਲਾਹੁਣ ਲਈ ਪੁੱਜਣ ਦੀਆਂ ਖਬਰਾਂ ਹਨ। ਹਾਕਮ ਧਿਰ ਦੇ ਕੌਂਸਲਰਾਂ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਸਾਬਕਾ ਮੇਅਰ ਪਦਮਜੀਤ ਮਹਿਤਾ ਦੀ ਅਗਵਾਈ ਹੇਠ ਆਪਣੀ ਸ਼ੁਰੂਆਤ ਰਾਜਸਥਾਨ ਦੇ ਸਾਲਾਸਰ ਧਾਮ ਵਿਖੇ ਆਪਣੇ ਧਾਰਮਿਕ ਅਕੀਦਿਆਂ ਦੀ ਪੂਰਤੀ ਕਰਨ ਤੋਂ ਕੀਤੀ ਅਤੇ ਬਠਿੰਡਾ ਦੀ ਬਹੁਪੱਖੀ ਤਰੱਕੀ ਲਈ ਆਸ਼ੀਰਵਾਦ ਲਿਆ ਹੈ।
ਇਸੇ ਤਰਾਂ ਹੀ ਇੱਕ ਅਜਿਹਾ ਹੀ ਮਾਮਲਾ ਵਾਰਡ ਨੰਬਰ 34 ਤੋਂ ਚੋਣ ਜਿੱਤੇ ਕਾਂਗਰਸੀ ਕੌਂਸਲਰ ਸੰਦੀਪ ਬੌਬੀ ਦਾ ਹੈ ਜਿੰਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਉਣ ਅਤੇ ਆਪਣੀ ਜਿੱਤ ਦੀ ਖੁਸ਼ੀ ’ਚ ਆਪਣੇ ਘਰ ਖੁਸਰੇ ਨਚਾਏ ਹਨ। ਆਮ ਤੌਰ ’ਤੇ ਪੰਜਾਬੀ ਸਮਾਜ ’ਚ ਪੁੱਤਰ ਹੋਣ ਦੀ ਖੁਸ਼ੀ ’ਚ ਅਜਿਹਾ ਕੀਤਾ ਜਾਂਦਾ ਹੈ ਪਰ ਸ਼ਹਿਰ ਦੇ ਸਭ ਤੋਂ ਵੱਧ ਵੋਟਾਂ ਵਾਲੇ ਵਾਰਡ ’ਚ ਕਰੜੀ ਟੱਕਰ ਦੌਰਾਨ ਹਾਕਮ ਧਿਰ ਨੂੰ ਹਰਾਉਣ ਦੀ ਖੁਸ਼ੀ ਹੀ ਐਨੀ ਜਿਆਦਾ ਸੀ ਕਿ ਉਨ੍ਹਾਂ ਘਰ ਮਹੰਤਾਂ ਦਾ ਪ੍ਰੋਗਰਾਮ ਰੱਖਿਆ ਸੀ। ਇਸ ਮੌਕੇ ਮਹੰਤਾਂ ਦੀ ਟੀਮ ਨੇ ਪੰਜਾਬੀ ਗੀਤਾਂ ਰਾਹੀਂ ਇੱਕ ਘੰਟੇ ਤੋਂ ਵੱਧ ਸੰਦੀਪ ਬੌਬੀ ਦੇ ਘਰ ਨੱਚ ਨੱਚ ਕੇ ਧੂੜਾਂ ਪੱਟੀਆਂ ਅਤੇ ਕੌਂਸਲਰ ਨੂੰ ਆਸ਼ੀਰਵਾਦ ਵੀ ਦਿੱਤਾ। ਇਹ ਕਹਾਣੀ ਇਕੱਲੇ ਸੰਦੀਪ ਬਾਬੀ ਹੀ ਨਹੀਂ ਬਲਕਿ ਪਹਿਲੀ ਵਾਰ ਬਣੇ ਕਈ ਕੌਂਸਲਰ ਵੀ ਵੱਖਰੇ ਹੀ ਰੰਗ ’ਚ ਹਨ।
.jpg)
ਵਿਸ਼ੇਸ਼ ਗੱਲ ਇਹ ਹੈ ਕਿ ਇੰਨ੍ਹਾਂ ’ਚ ਕੋਈ ਇੱਕ ਧਿਰ ਨਹੀਂ ਬਲਕਿ ਸਾਰੀਆਂ ਹੀ ਸਿਆਸੀ ਧਿਰਾਂ ਦੇ ਕੌਂਸਲਰ ਸ਼ਾਮਲ ਹਨ । ਇੱਕ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਹਾਕਮ ਧਿਰ ਨੂੰ ਸਖਤ ਟੱਕਰ ਦੌਰਾਨ ਹਰਾਉਣ ਵਾਲੀ ਇੱਕ ਮਹਿਲਾ ਕੌਂਸਲਰ ਨੂੰ ਉਸ ਦੇ ਪਤੀ ਨੇ ਨਵਾਂ ‘ਪਲਾਜੋ ਸੂਟ’ ਅਤੇ ਸੋਨੇ ਦੀ ਮੁੰਦਰੀ ਤੋਹਫੇ ’ਚ ਦਿੱਤੀ ਹੈ। ਇਸੇ ਤਰਾਂ ਇੱਕ ਕੌਂਸਲਰ ਨਵੀਂ ਪੁਸ਼ਾਕ ਤਿਆਰ ਕਰਵਾ ਰਿਹਾ ਹੈ ਜਦੋਂਕਿ ਕੁੱਝ ਹੋਰਨਾਂ ਤਿਆਰੀਆਂ ’ਚ ਲੱਗੇ ਹੋਏ ਹਨ। ਸ਼ਹਿਰ ਦੇ ਇੱਕ ਟੇਲਰ ਮਾਸਟਰ ਕੋਲ ਸਿਲਾਈ ਦਾ ਕੰਮ ਵਧਿਆ ਹੈ ਜਿਸ ਨੇ ਕੁੱਝ ਮਹਿਲਾ ਕੌਂਸਲਰਾਂ ਦੇ ਸੂਟ ਸਿਉਣ ਸਬੰਧੀ ਮੰਨਿਆ ਹੈ। ਸੂਤਰ ਦੱਸਦੇ ਹਨ ਕਿ ਇੱਕ ਕੌਂਸਲਰ ਨੇ ਤਾਂ ਜੋਤਸ਼ੀ ਦੀ ਭਵਿੱਖਬਾਣੀ ਮੁਤਾਬਕ ਚਿੱਟੇ ਰੰਗ ਦਾ ਕੁੜਤਾ ਪਜਾਮਾ ਸੁਆਇਆ ਹੈ। ਉਸ ਨੂੰ ਤਾਂ ਜੋਤਸ਼ੀ ਨੇ ਸੌਂਹ ਚੁੱਕਣ ਮੌਕੇ ਜੇਬ ’ਚ ਸਫੈਦ ਰੁਮਾਲ ਜਾਂ ਚਿੱਟਾ ਫੁੱਲ ਰੱਖਣ ਦੀ ਸਲਾਹ ਵੀ ਦਿੱਤੀ ਹੈ।
ਇਹੋ ਜਿਹੀ ਸਥਿਤੀ ਮਾਲਵੇ ਦੀਆਂ ਕਈ ਨਗਰ ਕੌਂਸਲਾਂ ਅਤੇ ਦੋ ਨਗਰ ਨਿਗਮਾਂ ਦੇ ਕੌਂਸਲਰਾਂ ਸਬੰਧੀ ਸਾਹਮਣੇ ਆਈ ਹੈ ਜਿੰਨ੍ਹਾਂ ਨੇ ਇੱਕ ਮਸ਼ਹੂਰ ਟੇਲਰ ਮਾਸਟਰ ਨੂੰ ਨਵੀਆਂ ਪੁਸ਼ਾਕਾਂ ਸਿਉਣ ਲਈ ਦਿੱਤੀਆਂ ਹਨ। ਭਾਵੇਂ ਇਸ ਟੇਲਰ ਮਾਸਟਰ ਨੇ ਕਿਸੇ ਵੀ ਪਾਰਟੀ ਦੇ ਕੌਂਸਲਰ ਦਾ ਨਾਮ ਦੱਸਣ ਤੋਂ ਤਾਂ ਗੁਰੇਜ਼ ਕੀਤਾ ਹੈ ਪਰ ਉਨ੍ਹਾਂ ਇਹ ਪੁਸ਼ਟੀ ਕੀਤੀ ਕਿ ਇਹ ਲੋਕ ਆਪਣੀਆਂ ਪੂਰੀਆਂ ਤਿਆਰੀਆਂ ਕਰ ਰਹੇ ਹਨ। ਬਠਿੰਡਾ ਜਿਲ੍ਹੇ ਦੋ ਕੌਂਸਲਰਾਂ ਨੇ ਵੀ ਨਵੇਂ ਕੱਪੜੇ ਸੁਆਏ ਹਨ, ਜਿਨ੍ਹਾਂ ਦੀ ਡਲਿਵਰੀ 12 ਜੂਨ ਤੋਂ ਪਹਿਲਾਂ ਤੱਕ ਦਿੱਤੀ ਜਾਣੀ ਹੈ। ਇਸੇ ਜ਼ਿਲ੍ਹੇ ਦੇ ਇੱਕ ਅਕਾਲੀ ਕੌਂਸਲਰ ਨੇ ਆਪਣੇ ਘਰ ਵਿੱਚ ਜਿੱਤ ਦਾ ਜਸ਼ਨ ਮਨਾਇਆ ਹੈ । ਨਗਰ ਪੰਚਾਇਤ ’ਚ ਚੰਗਾ ਅਹੁਦਾ ਮਿਲਣ ਦੀ ਸੂਰਤ ’ਚ ਉਨ੍ਹਾਂ ਆਪਣੇ ਸਮਰਥਕਾਂ ਨੂੰ ਅਗਲੇ ਜਸ਼ਨਾਂ ਲਈ ਤਿਆਰ ਰਹਿਣ ਵਾਸਤੇ ਕਿਹਾ ਹੈ। ਜਸ਼ਨ ਰੰਗੀਨ ਬਨਾਉਣ ਲਈ ਉਨ੍ਹਾਂ ਗੁਲਾਲ ਅਤੇ ਆਤਿਸ਼ਬਾਜ਼ੀਆਂ ਦੇ ਇੰਤਜਾਮ ਦੀ ਫਰਮਾਇਸ਼ ਕੀਤੀ ਹੈ।
ਗੁਪਤ ਲੱਡੂ ਵੱਟਣ ਦੀ ਤਿਆਰੀ
ਸੂਤਰਾਂ ਮੁਤਾਬਕ ਨਗਰ ਪੰਚਾਇਤਾਂ , ਨਗਰ ਕੌਂਸਲਾਂ ਅਤੇ ਨਗਰ ਨਿਗਮ ਦੇ ਕਈ ਉਨ੍ਹਾਂ ਕੌਂਸਲਰਾਂ ਨੇ ਅੰਦਰੋਂ ਅੰਦਰੀ ਲੱਡੂਆਂ ਦੇ ਆਰਡਰ ਵੀ ਦੇ ਰੱਖੇ ਹਨ ਜਿੰਨ੍ਹਾਂ ਨੂੰ ਅਹੁਦੇ ਮਿਲਣ ਦੀ ਆਸ ਹੈ ਇਸ ਬਾਰੇ ਕੋਈ ਦੱਸ ਨਹੀਂ ਰਿਹਾ ਹੈ। ਇੱਕ ਕੌਂਸਲਰ ਤਾਂ ਏਦਾਂ ਦੇ ਵੀ ਹੈ ਜਿਸ ਨੇ ਪ੍ਰਧਾਨਗੀ ਮਿਲਣ ਦੀ ਸੂਰਤ ’ਚ ਚੋਣਾਂ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਭੰਗੜਾ ਪਾਉਣ ਲਈ ਤਿਆਰ ਰਹਿਣ ਵਾਸਤੇ ਵੀ ਆਖਿਆ ਹੈ। ਇਵੇਂ ਹੀ ਵੱਡੇ ਪਟਾਕੇ ਅਤੇ ਆਤਿਸ਼ਬਾਜੀ ਵਾਲੇ ਵੀ ਲੀਡਰਾਂ ਦੇ ਸਮਰਥਕਾਂ ਨੂੰ ਉਡੀਕ ਰਹੇ ਹਨ ਜਿੰਨ੍ਹਾਂ ਦੇ ਕੌਂਸਲਰਾਂ ਨੂੰ ਸਿਰਫ ਮੁੱਖ ਮੰਤਰੀ ਜਾਂ ਫਿਰ ਆਪਣੀ ਲੀਡਰਸ਼ਿਪ ਦੇ ਹੁੰਗਾਰੇ ਦੀ ਉਡੀਕ ਹੈ।
ਕੌਂਸਲਰ ਪਤੀ ਵੀ ਪਿਛੇ ਨਹੀਂ
ਇੱਕ ਮਹਿਲਾ ਕੌਂਸਲਰ ਦੇ ਪਤੀ ਨੇ ਨਤੀਜਾ ਆਉਣ ਤੋਂ ਬਾਅਦ ਨਵਾਂ ਸਮਾਰਟ ਫੋਨ ਖਰੀਦਿਆ ਹੈ ਅਤੇ ਨਵਾਂ ਕੁੜਤਾ ਪਜਾਮਾ ਵੀ ਬਣਵਾਇਆ ਹੈ। ਇਸ ਪ੍ਰੀਵਾਰ ਨੂੰ ਨਗਰ ਕੌਂਸਲ ’ਚ ਚੰਗਾ ਅਹੁਦਾ ਮਿਲਣ ਦੀ ਆਸ ਹੈ। ਅਜਿਹਾ ਹੀ ਇੱਕ ਆਗੂ ਬਠਿੰਡਾ ਦੇ ਮਸ਼ਹੂਰ ਪੇਂਟਰ ਤੋਂ ਕਾਰ ਦੇ ਅੱਗੇ ਪ੍ਰਧਾਨ ਲਿਖਵਾਉਣ ਲਈ ਪਲੇਟ ਦੀ ਕੀਮਤ ਪੁੱਛਕੇ ਗਿਆ ਹੈ। ਇੱਕ ਕੌਂਸਲਰ ਪਤੀ ਵੱਲੋਂ ਆਉਂਦੇ ਦਿਨੀਂ ਨਵੀਂ ਕਾਰ ਅਤੇ ਇੱਕ ਕੌਂਸਲਰ ਦੇ ਬੁਲੇਟ ਲੈਣ ਦੀ ਚਰਚਾ ਵੀ ਹੈ।
- Download Babushahi App
-
-