Canada ਦੀ ਗੈਂਗਸਟਰਾਂ 'ਤੇ ਵੱਡੀ ਸਟ੍ਰਾਈਕ; ਪੰਜਾਬੀ ਮੂਲ ਦੇ 2 ਗੈਂਗਸਟਰ ਡਿਪੋਰਟ
35 ਹੋਰ ਅਪਰਾਧੀਆਂ ਨੂੰ ਵੀ ਕੱਢਿਆ ਬਾਹਰ
ਓਟਾਵਾ/ਚੰਡੀਗੜ੍ਹ, 19 ਮਾਰਚ 2026: ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਦੇਸ਼ ਵਿੱਚ ਵਧ ਰਹੀਆਂ ਜਬਰੀ ਵਸੂਲੀ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰਦਿਆਂ ਪੰਜਾਬੀ ਮੂਲ ਦੇ ਦੋ ਗੈਂਗਸਟਰਾਂ ਨੂੰ ਦੇਸ਼ ਨਿਕਾਲਾ (Deport) ਕਰ ਦਿੱਤਾ ਹੈ। ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਕੈਨੇਡੀਅਨ ਧਰਤੀ 'ਤੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕੌਣ ਹਨ ਦੇਸ਼ ਨਿਕਾਲਾ ਕੀਤੇ ਗਏ ਗੈਂਗਸਟਰ?
ਅਰਸ਼ਦੀਪ ਸਿੰਘ, ਇਹ 2022 ਵਿੱਚ ਸਟੱਡੀ ਪਰਮਿਟ 'ਤੇ ਕੈਨੇਡਾ ਗਿਆ ਸੀ ਪਰ ਜਲਦੀ ਹੀ ਅਪਰਾਧਿਕ ਗਿਰੋਹਾਂ ਦੇ ਸੰਪਰਕ ਵਿੱਚ ਆ ਗਿਆ। ਉਸ 'ਤੇ ਜਬਰੀ ਵਸੂਲੀ, ਗੋਲੀਬਾਰੀ, ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਨਾਲ ਜੁੜੇ ਹੋਣ ਦੇ ਦੋਸ਼ ਹਨ। ਨਵੰਬਰ 2025 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ "ਜਨਤਕ ਖ਼ਤਰਾ" ਘੋਸ਼ਿਤ ਕਰਕੇ ਬਾਹਰ ਕੱਢ ਦਿੱਤਾ ਗਿਆ।
ਸੁਖਨਾਜ਼ ਸਿੰਘ ਸੰਧੂ, ਇਹ 2016 ਤੋਂ ਅਸਥਾਈ ਨਿਵਾਸੀ ਵਜੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਸੰਗਠਿਤ ਅਪਰਾਧ ਵਿੱਚ ਸ਼ਮੂਲੀਅਤ ਪਾਏ ਜਾਣ 'ਤੇ ਨਵੰਬਰ 2025 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਹੁਣ ਦੇਸ਼ ਨਿਕਾਲਾ ਦੇ ਦਿੱਤਾ ਗਿਆ।
CBSA ਦੀ ਕਾਰਵਾਈ ਦੇ ਅਹਿਮ ਅੰਕੜੇ
35 ਅਪਰਾਧੀਆਂ ਨੂੰ ਹੁਣ ਤੱਕ ਦੇਸ਼ ਨਿਕਾਲਾ ਦਿੱਤਾ ਜਾ ਚੁੱਕਾ ਹੈ। 372 ਇਮੀਗ੍ਰੇਸ਼ਨ ਜਾਂਚਾਂ ਜਾਰੀ ਹਨ ਅਤੇ 70 ਵਿਅਕਤੀਆਂ ਵਿਰੁੱਧ ਬਰਖਾਸਤਗੀ ਦੇ ਹੁਕਮ ਜਾਰੀ ਕੀਤੇ ਗਏ ਹਨ। ਕੈਨੇਡਾ ਇਸ ਸਮੇਂ ਔਸਤਨ ਪ੍ਰਤੀ ਹਫ਼ਤੇ 400 ਵਿਅਕਤੀਆਂ ਨੂੰ ਦੇਸ਼ ਨਿਕਾਲਾ ਦੇ ਰਿਹਾ ਹੈ।
'ਕੈਨੇਡਾ ਬਾਰਡਰ ਪਲਾਨ' ਅਤੇ ਸਖ਼ਤ ਨਿਯਮ
ਭਾਰਤੀ ਮੂਲ ਦੇ ਕਾਰੋਬਾਰੀਆਂ ਨੂੰ ਆ ਰਹੀਆਂ ਧਮਕੀ ਭਰੀਆਂ ਕਾਲਾਂ ਦੇ ਜਵਾਬ ਵਿੱਚ ਕੈਨੇਡਾ ਸਰਕਾਰ ਨੇ ਨਵੀਆਂ ਨੀਤੀਆਂ ਲਾਗੂ ਕੀਤੀਆਂ ਹਨ। ਸਰਕਾਰ ਨੇ $30.4 ਮਿਲੀਅਨ ਦਾ ਬਜਟ ਅਲਾਟ ਕੀਤਾ ਹੈ।ਸਾਲਾਨਾ 20,000 ਅਪਰਾਧੀ ਜਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦਾ ਟੀਚਾ ਰੱਖਿਆ ਗਿਆ ਹੈ। 1,000 ਨਵੇਂ ਸਰਹੱਦੀ ਅਧਿਕਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਹੁਣ ਪੜ੍ਹਾਈ ਜਾਂ ਵਰਕ ਪਰਮਿਟ 'ਤੇ ਆਉਣ ਵਾਲੇ ਨੌਜਵਾਨਾਂ ਦੀ ਬੈਕਗ੍ਰਾਊਂਡ ਜਾਂਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਹੋਵੇਗੀ।
ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਾਰੀ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਵਿੱਚ ਅਪਰਾਧ ਲਈ ਕੋਈ ਥਾਂ ਨਹੀਂ ਹੈ। ਸੀਬੀਐਸਏ ਦੀ ਪ੍ਰਧਾਨ ਏਰਿਨ ਓ'ਗੋਰਮੈਨ ਅਨੁਸਾਰ, ਨਵੀਂ ਤਕਨਾਲੋਜੀ ਅਤੇ ਏਜੰਸੀਆਂ ਦੇ ਆਪਸੀ ਸਹਿਯੋਗ ਨਾਲ ਅਪਰਾਧਿਕ ਨੈੱਟਵਰਕਾਂ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਰਿਹਾ ਹੈ।
Click to Follow Babushahi Facebook page →