Big Breaking- ਸਰਹਿੰਦ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਵਿਆਹ ਦੇ ਨਾਂ 'ਤੇ ਹੋ ਗਿਆ ਵੱਡਾ ਧੋਖਾ; ਫ਼ਰਜ਼ੀ PCS ਅਫ਼ਸਰ ਪਤਨੀ ਸਮੇਤ 6 ਖ਼ਿਲਾਫ਼ ਕੇਸ ਦਰਜ
ਸਰਹਿੰਦ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਵਿਆਹ ਦੇ ਨਾਂ 'ਤੇ ਧੋਖਾਧੜੀ, ਫ਼ਰਜ਼ੀ PCS ਅਫ਼ਸਰ ਪਤਨੀ ਸਮੇਤ 6 ਖ਼ਿਲਾਫ਼ ਕੇਸ
ਰਵਿੰਦਰ ਸਿੰਘ ਢਿੱਲੋਂ
ਖੰਨਾ, 6 ਅਕਤੂਬਰ 2026- ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਸਰਹਿੰਦ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਬਲਾਕ ਸੰਮਤੀ ਮੈਂਬਰ ਅਮਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਵਿਆਹ ਦੇ ਨਾਂ 'ਤੇ ਧੋਖਾਧੜੀ, ਗਲਤ ਜਾਣਕਾਰੀ ਦੇਣ ਅਤੇ ਜਾਲਸਾਜ਼ੀ ਕਰਨ ਦੇ ਦੋਸ਼ ਹੇਠ ਇੱਕ ਔਰਤ (ਫ਼ਰਜ਼ੀ PCS ਅਫ਼ਸਰ) ਅਤੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ 6 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐੱਸਪੀ ਫਤਿਹਗੜ੍ਹ ਸਾਹਿਬ ਕੁਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਮੰਡੋਫਲ ਦੇ ਰਹਿਣ ਵਾਲੇ ਅਮਰਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤਕਰਤਾ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੁਰ ਸਿੰਘ ਦੀ ਰਹਿਣ ਵਾਲੀ ਮਨਵਿੰਦਰ ਕੌਰ ਨੇ ਖ਼ੁਦ ਨੂੰ ਅਣਵਿਆਹੀ, ਘੱਟ ਉਮਰ ਅਤੇ ਇੱਕ PCS ਅਫ਼ਸਰ ਵਜੋਂ ਪੇਸ਼ ਕੀਤਾ। ਇਸ ਤੋਂ ਬਾਅਦ ਜਾਲੀ ਦਸਤਾਵੇਜ਼ਾਂ (ਜਨਮ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ) ਦੇ ਆਧਾਰ 'ਤੇ ਉਸ ਨੇ 10 ਫਰਵਰੀ 2026 ਨੂੰ ਅਮਰਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ।
ਵਿਆਹ ਤੋਂ ਕੁਝ ਦਿਨ ਬਾਅਦ ਹੀ ਉਕਤ ਔਰਤ ਘਰੋਂ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਈ। ਪੁਲਿਸ ਜਾਂਚ 'ਚ ਸਾਹਮਣੇ ਆਇਆ ਕਿ ਮਨਵਿੰਦਰ ਕੌਰ ਪਹਿਲਾਂ ਤੋਂ ਤਲਾਕਸ਼ੁਦਾ ਹੈ, ਉਸ ਦਾ ਇੱਕ ਬੱਚਾ ਵੀ ਹੈ ਅਤੇ ਉਹ ਕਿਸੇ ਸਰਕਾਰੀ ਅਹੁਦੇ 'ਤੇ ਤਾਇਨਾਤ ਨਹੀਂ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਮਨਵਿੰਦਰ ਕੌਰ, ਉਸ ਦੇ ਭਰਾ ਤਰਲੋਚਨ ਸਿੰਘ, ਮਾਂ ਅਮਰਜੀਤ ਕੌਰ, ਤਾਇਆ ਦੇ ਪੁੱਤਰ ਨਰਿੰਦਰ ਸਿੰਘ, ਭਾਬੀ ਰੁਪਿੰਦਰ ਕੌਰ ਅਤੇ ਸਾਬਕਾ ਸਰਪੰਚ ਸੁਖਮਿੰਦਰ ਸਿੰਘ ਰਾਣਾ (ਸਾਰੇ ਵਾਸੀ ਪਿੰਡ ਸੁਰ ਸਿੰਘ, ਥਾਣਾ ਭਿੱਖੀਵਿੰਡ, ਤਰਨਤਾਰਨ) ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਐੱਸਪੀ ਕੁਲਬੀਰ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਕੋਈ ਵੀ ਝੂਠੀ ਅਫ਼ਵਾਹ ਜਾਂ ਗਲਤ ਖ਼ਬਰ ਨਾ ਫੈਲਾਈ ਜਾਵੇ, ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-