Babushahi Special- ਵਿਜੀਲੈਂਸ ਵੱਲੋਂ ਪਟਵਾਰਖਾਨੇ ਦੀਆਂ ਖਾਮੋਸ਼ ਕੰਧਾਂ ਪਿੱਛੇ ਛੁਪਿਆ ਰਿਸ਼ਵਤ ਦਾ ਕਾਲਾ ਸੱਚ ਬੇਪਰਦ
ਮਾਮਲਾ ਪਟਵਾਰੀ ਦੇ ਕਰਿੰਦੇ ਦੀ ਗ੍ਰਿਫਤਾਰੀ ਦਾ
ਅਸ਼ੋਕ ਵਰਮਾ
ਬਠਿੰਡਾ , 23 ਅਕਤੂਬਰ 2026 : ਵਿਜੀਲੈਂਸ ਵੱਲੋਂ 30 ਹਜ਼ਾਰ ਰੁਪਏ ਕਥਿਤ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਮਾਲ ਹਲਕਾ ਚਾਉਕੇ , ਤਹਿਸੀਲ ਮੌੜ , ਜ਼ਿਲ੍ਹਾ ਬਠਿੰਡਾ ਦੇ ਪਟਵਾਰੀ ਮਨਿੰਦਰ ਸਿੰਘ ਦੇ ਨਿੱਜੀ ਸਹਾਇਕ ਪ੍ਰਿਤਪਾਲ ਸਿੰਘ ਦੇ ਮਾਮਲੇ ’ਚ ਮੁਦਈ ਪ੍ਰਿਤਪਾਲ ਸਿੰਘ ਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਜਿਸ ਜਮੀਨ ਨੂੰ ਉਹ ਖਰੀਦ ਰਿਹਾ ਹੈ ਉਹ ਉਸ ਨੂੰ ਇੱਕ ਦਿਨ ਕਾਨੂੰਨ ਦੀਆਂ ਬਰੂਹਾਂ ’ਤੇ ਲਿਜਾ ਖੜ੍ਹਾਏਗੀ। ਦਰਅਸਲ ਇਸ ਕਹਾਣੀ ਦਾ ਮੁੱਢ ਸਾਲ 2002 ਤੋਂ ਬੱਝਦਾ ਹੈ ਜਦੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਦੇ ਇੱਕ ਪਰਿਵਾਰ ਨੇ ਪਿੰਡ ਚਾਉਕੇ ਵਿੱਚ ਮਿਹਨਤ ਦੀ ਕਮਾਈ ਨਾਲ ਜ਼ਮੀਨ ਖਰੀਦੀ ਸੀ। ਮੁਦਈ ਪ੍ਰਿਤਪਾਲ ਸਿੰਘ ਅਤੇ ਉਸ ਦੇ ਭੈਣ ਭਰਾਵਾਂ ਨੂੰ ਆਸ ਸੀ ਕਿ ਹੁਣ ਉਹ ਆਪਣੀ ਜਮੀਨ ਦੇ ਸਿਰ ਦੇ ਸਿਰ ’ਤੇ ਹੋਰ ਵੀ ਤਰੱਕੀ ਕਰਨਗੇ ਪਰ ਉਨ੍ਹਾਂ ਲਈ ਤਾਂ ਜਮੀਨ ਨਾਮ ਕਰਵਾਉਣ ਦਾ ਸੰਤਾਪ ਭੋਗਣਾ ਪੈ ਗਿਆ।
ਇਸ ਦੌਰਾਨ ਵਕਤ ਦਾ ਪਹੀਆ ਆਪਣੀ ਰਸ ਤੋਰੇ ਤੁਰਦਾ ਗਿਆ ਪਰ ਸਰਕਾਰੀ ਵਹੀ ਖਾਤਿਆਂ ਵਿਚਲਾ ਕਾਗਜ਼ਾਂ ਦਾ ਜਾਲ ਐਸਾ ਉਲਝਿਆ ਕਿ ਮਾਲ ਰਿਕਾਰਡ ਵਿੱਚ ਇਹ ਜਮੀਨ ਪ੍ਰਿਤਪਾਲ ਸਿੰਘ ਆਦਿ ਦੇ ਨਾਮ ਨਾਂ ਚੜ੍ਹ ਸਕੀ। ਹਾਲਾਂਕਿ ਪਟਵਾਰੀ ਦੇ ਕਰਿੰਦੇ ਦੀ ਗ੍ਰਿਫਤਾਰੀ ਤੋਂ ਬਾਅਦ ਕੋਈ ਕਾਰਵਾਈ ਕੀਤੀ ਗਈ ਹੋਵੇ ਤਾਂ ਇਸ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ ਪਰ ਇਸ ਤੋਂ ਪਹਿਲਾਂ ਤੱਕ ਜਮੀਨ ਦਾ ਖਾਤਾ ਅਸਲੀ ਮਾਲਕਾਂ ਦੀ ਬਜਾਏ ਪਿਛਲੇ ਵੇਚਣ ਵਾਲੇ ਦਾ ਨਾਮ ਹੀ ਚੱਲ ਰਿਹਾ ਸੀ। ਜਦੋਂ ਪ੍ਰਿਤਪਾਲ ਨੇ ਇਸ ਗ਼ਲਤੀ ਨੂੰ ਠੀਕ ਕਰਵਾਉਣ ਲਈ ਹਲਕੇ ਦੇ ਪਟਵਾਰੀ ਮਨਿੰਦਰ ਸਿੰਘ ਨਾਲ ਰਾਬਤਾ ਕੀਤਾ , ਤਾਂ ਅਸਲ ਖੇਡ ਸਾਹਮਣੇ ਆਈ। ਪਟਵਾਰੀ ਨੇ ਖ਼ੁਦ ਸਾਹਮਣੇ ਆਉਣ ਦੀ ਬਜਾਏ ਆਪਣਾ ਖਾਸਮ ਖਾਸ ਪ੍ਰਾਈਵੇਟ ਕਰਿੰਦਾ ਪ੍ਰਿਤਪਾਲ ਸਿੰਘ ਅੱਗੇ ਕਰ ਦਿੱਤਾ। ਪ੍ਰਿਤਪਾਲ ਸਿੰਘ ਦਾ ਜਮੀਨੀ ਰਿਕਾਰਡ ਦਰੁਸਤ ਕਰਨ ਬਦਲੇ ਕਰਿੰਦੇ ਵੱਲੋਂ ਕਥਿਤ ਤੌਰ ’ਤੇ ਡੇਢ ਲੱਖ ਰੁਪਏ ਰਿਸ਼ਵਤ ਵਜੋਂ ਮੰਗੇ ਗਏ।
ਵਿਜੀਲੈਂਸ ਅਨੁਸਾਰ ਜਦੋਂ ਸ਼ਿਕਾਇਤਕਰਤਾ ਆਪਣੇ ਮਸਲੇ ਦਾ ਹੱਲ ਕਰਵਾਉਣ ਦੇ ਸਬੰਧ ਵਿੱਚ ਪਟਵਾਰੀ ਮਨਿੰਦਰ ਸਿੰਘ ਦੇ ਦਫ਼ਤਰ ਗਿਆ, ਤਾਂ ਕਰਿੰਦਾ ਪ੍ਰਿਤਪਾਲ ਸਿੰਘ ਉਸ ( ਸ਼ਕਾਇਤ ਕਰਨ ਵਾਲੇ ਪ੍ਰਿਤਪਾਲ ਸਿੰਘ ) ਨੂੰ ਖਿੱਚ ਕੇ ਦਫ਼ਤਰ ਦੀ ਇਮਾਰਤ ਦੇ ਪਿੱਛੇ ਇੱਕ ਕੋਨੇ ਵਿੱਚ ਲੈ ਗਿਆ। ਵਿਜੀਲੈਂਸ ਅਨੁਸਾਰ ਉੱਥੇ ਖੜ੍ਹੇ-ਖੜ੍ਹੇ ਹੀ ਮੁਲਜਮ ਕਰਿੰਦੇ ਪ੍ਰਿਤਪਾਲ ਸਿੰਘ ਨੇ ਸ਼ਕਾਇਤਕਰਤਾ ਦੀ ਪਟਵਾਰੀ ਮਨਿੰਦਰ ਸਿੰਘ ਨਾਲ ਫ਼ੋਨ ’ਤੇ ਗੱਲ ਕਰਵਾਈ । ਇਸ ਗੱਲਬਾਤ ਦੌਰਾਨ ਜਮੀਨ ਦੇ ਰਿਕਾਰਡ ਨੂੰ ਦਰੁਸਤ ਕਰਨ ਲਈ ਸੌਦਾ ਇੱਕ ਲੱਖ ਚਾਲੀ ਹਜ਼ਾਰ ਵਿੱਚ ਪੱਕਾ ਹੋ ਗਿਆ। ਵਿਜੀਲੈਂਸ ਮੁਤਾਬਕ ਪਹਿਲਾਂ ਮੌਕੇ ’ਤੇ ਕੱੁਝ ਪੈਸਾ ਲੈ ਲਿਆ ਗਿਆ ਅਤੇ ਬਾਕੀ ਰਕਮ ਵਸੂਲਣ ਵਾਸਤੇ ਅਗਲਾ ਦਿਨ ਯਾਨੀਕਿ 22 ਅਕਤੂਬਰ 2026 ਤਰੀਕ ਤੈਅ ਕਰ ਦਿੱਤੀ ਗਈ। ਸੂਤਰ ਦੱਸਦੇ ਹਨ ਕਿ ਪਟਵਾਰੀ ਤੇ ਕਰਿੰਦਾ ਸੌਦਾ ਹੋਣ ’ਤੇ ਕਾਫੀ ਹੌਂਸਲੇ ’ਚ ਸਨ ਪਰ ਇਸ ਵਾਰ ਖਿਡਾਰੀਆਂ ਦੀ ਗ਼ਲਤ ਬੰਦੇ ਨਾਲ ਟੱਕਰ ਹੋ ਗਈ ਸੀ।
ਵਿਜੀਲੈਂਸ ਨੇ ਵਿਛਾਇਆ ਜਾਲ
ਪਿਛੇ ਕਈ ਸਾਲਾਂ ਤੋਂ ਜਮੀਨ ਆਪਣੇ ਨਾਮ ਨਾਂ ਹੋਣ ਦਾ ਦਰਦ ਹੰਢਾ ਰਹੇ ਪੀੜਤ ਪ੍ਰਿਤਪਾਲ ਸਿੰਘ ਨੇ ਰਿਸ਼ਵਤ ਨਾਂ ਦੇਣ ਦਾ ਫੈਸਲਾ ਕਰ ਲਿਆ ਅਤੇ ਸਿੱਧਾ ਵਿਜੀਲੈਂਸ ਬਿਊਰੋ ਬਠਿੰਡਾ ਦੇ ਦਫਤਰ ਪੁੱਜ ਗਿਆ। ਸੂਤਰਾਂ ਮੁਤਾਬਕ ਵਿਜੀਲੈਂਸ ਅਧਿਕਾਰੀਆਂ ਨੇ ਮਾਮਲੇ ਦੀ ਮੁਢਲੀ ਛਾਣਬੀਣ ਤੋਂ ਬਾਅਦ ਆਪਣੀ ਯੋਜਨਾ ਤਿਆਰ ਕਰਕੇ ਜਾਲ ਵਿਛਾ ਲਿਆ। ਜਿਵੇਂ ਹੀ ਤੈਅ ਕੀਤੇ ਦਿਨ ਅਤੇ ਸਮੇਂ ’ਤੇ ਪਟਵਾਰੀ ਮਨਿੰਦਰ ਸਿੰਘ ਦਾ ਨਿੱਜੀ ਕਰਿੰਦਾ ਪ੍ਰਿਤਪਾਲ ਰਿਸ਼ਵਤ ਦੀ ਅਗਲੀ ਕਿਸ਼ਤ ਫੜਨ ਲਈ ਅੱਗੇ ਵਧਿਆ ਤਾਂ ਵਿਜੀਲੈਂਸ ਅਧਿਕਾਰੀਆਂ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਉਸ ਨੂੰ 30 ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਦਬੋਚ ਲਿਆ।
ਵਿਜੀਲੈਂਸ ਵੱਲੋਂ ਤਫਤੀਸ਼ ਸ਼ੁਰੂ
ਪਟਵਾਰਖਾਨੇ ’ਚ ਚੱਲ ਰਹੀ ਇਸ ਕਾਲੀ ਖੇਡ੍ਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਵਿਜੀਲੈਂਸ ਨੇ ਇਸ ਸਬੰਧ ਵਿੱਚ ਮੁਲਜਮ ਪ੍ਰਿਤਪਾਲ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੂਤਰ ਆਖਦੇ ਹਨ ਕਿ ਵਿਜੀਲੈਂਸ ਵੱਲੋਂ ਹੁਣ ਸਬੰਧਤ ਪਟਵਾਰੀ ਨੂੰ ਇਸ ਮਾਮਲੇ ’ਚ ਨਾਮਜਦ ਕਰਨ ਦੀ ਤਿਲਾਰੀ ਕੀਤੀ ਜਾ ਰਹੀ ਹੈ ਪਰ ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਅਫਸਰ ਹਾਲੇ ਕੁੱਝ ਬੋਲਣ ਨੂੰ ਤਿਆਰ ਨਹੀਂ ਹਨ। ਸੂਤਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਵਿਜੀਲੈਂਸ ਇਹ ਪਤਾ ਲਾਉਣ ’ਚ ਜੁਟ ਗਈ ਹੈ ਕਿ ਕਿਧਰੇ ਇਸ ਦਫਤਰ ’ਚ ਹੋਰਨਾਂ ਲੋਕਾਂ ਦੀ ਰੱਤ ਤਾਂ ਨਹੀਂ ਨਿਚੋੜੀ ਜਾ ਰਹੀ ਹੈ।
ਕਰਿੰਦੇ ਵਾਲਾ ਗੋਰਖਧੰਦਾ ਪੁਰਾਣਾ
ਪਟਵਾਰੀ ਮਨਿੰਦਰ ਸਿੰਘ ਵੱਲੋਂ ਨਿੱਜੀ ਕਰਿੰਦਾ ਰੱਖਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਇਹ ਗੋਰਖਧੰਦਾ ਲੰਘੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਕਈ ਸਾਲ ਪਹਿਲਾਂ ਵੀ ਜਦੋਂ ਵਿਜੀਲੈਂਸ ਨੇ ਪਟਵਾਰਖਾਨੇ ਛਾਪਾ ਮਾਰਿਆ ਸੀ ਤਾਂ ਪਟਵਾਰੀਆਂ ਦੇ ਕਰਿੰਦੇ ਕਾਬੂ ਕੀਤੇ ਗਏ ਸਨ। ਉਸ ਮਾਮਲੇ ਦਾ ਕੀ ਬਣਿਆ ਇਸ ਸਬੰਧੀ ਜਾਣਕਾਰੀ ਤਾਂ ਨਹੀਂ ਮਿਲ ਸਕੀ ਪਰ ਇੱਕ ਪਟਵਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਇਸ ਵਰਤਾਰੇ ਨੂੰ ਮਜਬੂਰੀ ਦੱਸਿਆ ਹੈ। ਇੱਕ ਸੇਵਾਮੁਕਤ ਕਾਨੂੰਗੋ ਦਾ ਕਹਿਣਾ ਸੀ ਕਿ ਬਹੁਤੇ ਪਿੰਡਾਂ ਦੀ ਜਿੰਮੇਵਾਰੀ ਕਾਰਨ ਬਣਦਾ ਕੰਮ ਦਾ ਬੋਝ ਅਤੇ ਵੰਗਾਰ ਪਟਵਾਰੀਆਂ ਨੂੰ ਇਸ ਰਾਹ ਪਾ ਦਿੰਦੀ ਹੈ।
- Download Babushahi App
-
-