Babushahi Special: ‘ਠੰਢੀ ਬੀਅਰ’ ਦੀਆਂ ਚੁਸਕੀਆਂ ਆਮੋ ਆਮ – ਪੀਣ ਵਾਲਾ ਪਾਣੀ ਮਿਲਣਾ ਹੋਇਆ ਹਰਾਮ
ਅਸ਼ੋਕ ਵਰਮਾ
ਬਠਿੰਡਾ,4ਮਈ2025:ਸਰਕਾਰਾਂ ਵੱਲੋਂ ਕੀਤੇ ਵਾਅਦਿਆਂ ਦਰਮਿਆਨ ਹੁਣ ਪੰਜਾਬ ਦੇ ਕਈ ਪਿੰਡਾਂ ‘ਚ ਹੁਣ ਪਾਣੀ ਮੁੱਲ ਵਿਕਦਾ ਹੈ। ਪਾਣੀ ਦੀ ਕਿੱਲਤ ਨੇ ਇਨ੍ਹਾਂ ਪਿੰਡਾਂ ਦੀ ਜ਼ਿੰਦਗੀ ਨੂੰ ਬੰਨ੍ਹ ਮਾਰ ਦਿੱਤਾ ਹੈ। ਸਰਕਾਰ ਨੇ ਇਹਨਾਂ ਪਿੰਡਾਂ ਵਿੱਚ ਠੰਢੀ ਬੀਅਰ ਤਾਂ ਪੁੱਜਦੀ ਕਰ ਦਿੱਤੀ ਹੈ ਪਰ ਪਿਆਸ ਬੁਝਾਉਣ ਦਾ ਕੋਈ ਹੀਲਾ ਨਹੀਂ ਕੀਤਾ ਹੈ। ਖਾਸ ਤੌਰ ਤੇ ਟੇਲਾਂ ਜਾਂ ਸੂਬੇ ਦੀ ਹੱਦ ਤੇ ਪੈਂਦੇ ਪਿੰਡਾਂ ’ਚ ਤਾਂ ਗਰਮੀ ਆਉਂਦਿਆਂ ਹੀ ਸਥਿਤੀ ਤਿਲਕਣ ਲੱਗ ਜਾਂਦੀ ਹੈ ਅਤੇ ਪਾਣੀ ਦਾ ਧੰਦਾ ਜ਼ੋਰ ਫੜ੍ਹਨ ਲੱਗ ਜਾਂਦਾ ਹੈ। ਕਈ ਪਿੰਡਾਂ ਵਿੱਚ ਤਾਂ ਬਜ਼ੁਰਗ ਔਰਤਾਂ ਨੇ ਤਾਂ ਪਾਣੀ ਢੋਂਦਿਆਂ ਜ਼ਿੰਦਗੀ ਗੁਜ਼ਾਰ ਦਿੱਤੀ ਹੈ। ਔਰਤਾਂ ਦਾ ਕਹਿਣਾ ਹੈ ਕਿ ਪਾਣੀ ਢੋਹਣ ਕਾਰਨ ਉਨਾਂ ਦੇ ਸਿਰ ਗੰਜੇ ਹੋ ਗਏ ਹਨ। ਧਰਤੀ ਹੇਠਲਾ ਪਾਣੀ ਪੀਣ ਯੋਗ ਨਾਂ ਹੋਣ ਕਰਕੇ ਆਰ.ਓ. ਪਲਾਂਟਾਂ ’ਤੇ ਲਾਏ ਕਰੋੜਾਂ ਰੁਪਏ ਖੂਹ ਖਾਤੇ ਪੈਣ ਵਰਗੇ ਹਨ।

ਯੋਜਨਾਬੰਦੀ ਦੀ ਘਾਟ ਕਰਕੇ ਸਰਕਾਰ ਲੋਕਾਂ ਦਾ ਪੀਣ ਵਾਲੇ ਪਾਣੀ ਦਾ ਮਸਲਾ ਹੱਲ ਨਹੀਂ ਕਰ ਸਕੀ ਹੈ। ਫਾਜਿਲਕਾ ਜਿਲ੍ਹੇ ਦੇ ਰਾਜਸਥਾਨ ਦੀ ਸੀਮਾ ਨਾਲ ਲੱਗਦੇ ਕੱਲਰਖੇੜਾ,ਪੰਨੀਵਾਲਾ, ਜੰਡਵਾਲਾ ਅਤੇ ਉਸਮਾਨ ਖੇੜਾ ਆਦਿ ਪਿੰਡਾਂ ਦੇ ਲੋਕਾਂ ਲਈ ਵੱੱਡਾ ਮਸਲਾ ਪਾਣੀ ਹੀ ਬਣਦਾ ਹੈ ਜਿੰਨ੍ਹਾਂ ਨੂੰ ਪੀਣ ਵਾਲਾ ਪਾਣੀ ਟੈਂਕਰਾਂ ਰਾਹੀਂ ਮੰਗਵਾਉਣਾ ਪੈਂਦਾ ਹੈ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਉਨ੍ਹਾਂ ਨੂੰ ਬਿਮਾਰੀਆਂ ਵੰਡਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਥਿਤੀ ਤੇ ਕਾਬੂ ਨਾਂ ਪਾਇਆ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਨਹਿਰਬੰਦੀ ਦੌਰਾਨ ਤਾਂ ਜਲ ਘਰ ਵੀ ਖਾਲੀ ਹੋ ਜਾਂਦੇ ਹਨ ਜਿਸ ਕਰਕੇ ਲੋਕ ਟੈਂਕਰਾਂ ਰਾਹੀਂ ਪਾਣੀ ਮੰਗਵਾਉਣ ਲਈ ਮਜਬੂਰ ਹੋ ਜਾਂਦੇ ਹਨ। ਪਿੰਡ ਵਾਸੀ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਇੱਕ ਟੈਂਕਰ ਤੇ 7 ਤੋਂ 8 ਸੌ ਰੁਪਏ ਖਰਚ ਕਰਨੇ ਪੈਂਦ ਹਨ।
ਉਹਨਾਂ ਦੱਸਿਆ ਕਿ ਜਰੂਰਤ ਅਨੁਸਾਰ ਕਈ ਪ੍ਰੀਵਾਰਾਂ ਨੂੰ ਤਾਂ ਦਿਨ ’ਚ ਤਿੰਨ ਤੋਂ ਚਾਰ ਟੈਂਕਰ ਮੰਗਵਾਉਣ ਦੀ ਨੌਬਤ ਆ ਜਾਂਦੀ ਹੈ। ਕੁੱਝ ਲੋਕਾਂ ਨੇ ਦੱਸਿਆ ਕਿ ਨਹਿਰਾਂ ਵਿੱਚ ਇੰਨ੍ਹੀਂ ਦਿਨੀ ਕਾਲਾ ਪਾਣੀ ਆ ਰਿਹਾ ਹੈ ਜੋ ਸੀਵਰੇਜ਼ ਦੇ ਪਾਣੀ ਦਾ ਭੁਲੇਖਾ ਪਾਉਂਦਾ ਹੈ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਸੂਏ ਅਤੇ ਕੱਸੀਆਂ ਵਿੱਚ ਗੰਦਗੀ ਸੁੱਟਣ ਨਾਲ ਵੀ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਔਰਤਾਂ ਵੱਲੋਂ ਇੰਨ੍ਹਾਂ ਦੇ ਕੰਢਿਆਂ ਤੇ ਧਾਤੇ ਜਾਂਦੇ ਕੱਪੜਿਆਂ ਕਾਰਨ ਵੀ ਪਾਣੀ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਆਪਣੀ ਜਿੰਮੇਵਾਰੀ ਪਛਾਨਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਪਾਣੀ ਵਰਤਣਾ ਕਿੰਨਾਂ ਖਤਰਨਾਕ ਹੋਵੇਗਾ ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਬਲਾਕ ਖੂਈਆਂ ਸਰਵਰ ਦੇ ਕਾਂਗਰਸੀ ਆਗੂ ਵੇਦ ਪ੍ਰਕਾਸ਼ ਆਖਦੇ ਹਨ ਕਿ ਪਾਣੀ ਦੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ।
ਏਦਾਂ ਹੀ ਸੰਗਰੂਰ ਜਿਲ੍ਹੇ ਦੇ ਕਾਫੀ ਪਿੰਡ ਪੀਣ ਵਾਲੇ ਪਾਣੀ ਦੀ ਘਾਟ ਨਾਲ ਜੂਝਦੇ ਹੋਏ ਦਿਨ ਕਟੀ ਕਰ ਰਹੇ ਹਨ। ਹਰਿਆਣਾ ਸਰਹੱਦ ਤੇ ਪੈਂਦੇ ਸੰਗਰੂਰ ਜਿਲ੍ਹੇ ਦੇ ਪਿੰਡ ਭੂਲਣ ਵਿੱਚ ਪਿਛਲੇ ਢਾਈ ਦਹਾਕਿਆਂ ਤੋਂ ਮੰਦਾ ਹਾਲ ਬਣਿਆ ਹੋਇਆ ਹੈ। ਮਹੱਤਵਪੂਰਨ ਇਹ ਵੀ ਹੈ ਕਿ ਪੰਜਾਬ ਦੇ ਇੰਨ੍ਹਾਂ ਸਰਹੱਦੀ ਪਿੰਡਾਂ ਲਈ ਕੋਈ ਵੀ ਛਾਟੀ ਵੱਡੀ ਚੋਣ ਰਾਹਤ ਦੀ ਖਬਰ ਨਹੀਂ ਲਿਆ ਸਕੀ ਹੈ। ਇਸ ਪਿੰਡ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਸ਼ੋਰੇ ਦੀ ਮਾਤਰਾ ਹੱਦ ਤੋਂ ਵੱਧ ਹੈ। ਪਿੰਡ ਵਾਸੀਆਂ ਨੂੰ ਭਾਖੜਾ ਨਹਿਰ ਤੋਂ ਲਿਆਉਣ ਲਈ ਬਾਲਟੀਆਂ ਵਿੱਚ ਭਰਨ ਮੌਕੇ ਖਤਰਾ ਮੁੱਲ ਲੈਣਾ ਪੈਂਦਾ ਹੈ। ਪਿੰਡ ਵਾਸੀ ਤੇ ਸਮਾਜਿਕ ਕਾਰਕੁੰਨ ਮਹਾਂਵੀਰ ਦਾ ਕਹਿਣਾ ਸੀ ਕਿ ਪਿੰਡ ਦੇ ਜਿਸ ਪਾਣੀ ਨਾਲ ਡਾਕਟਰ ਹੱਥ ਧੋਣ ਤੋਂ ਵਰਜਦੇ ਹਨ ਤਾਂ ਪੀਣਾ ਕਿੰਨਾ ਖਤਰਨਾਕ ਹੋ ਸਕਦਾ ਹੈ ਇਸ ਦਾ ਅੰਦਾਜਾ ਲਾਉਣਾ ਮੁਸ਼ਕਲ ਨਹੀਂ ਹੈ।
ਬਠਿੰਡਾ ਜਿਲ੍ਹੇ ਦੇ ਪਿੰਡ ਗਿਆਨਾ ਵਿੱਚ ਹਰਿਆਣੇ ਦਾ ਪਾਣੀ ਧੜਾਧੜ ਵਿਕਦਾ ਹੈ। ਗਰਮੀ ਦੌਰਾਨ ਟੈਂਕੀਆਂ ਵਾਲੇ ਟਰੈਕਟਰਾਂ ਦੀ ਲੰਮੀ ਕਤਾਰ ਲੱਗਦੀ ਹੈ। ਪਿੰਡਾਂ ਲਈ ਪਾਣੀ ਨਦਾਰਦ ਹੋਣ ਕਰਕੇ ਨਹਿਰੀ ਪਾਣੀ ਮੁੱਲ ਖਰੀਦਣਾ ਮਜਬੂਰੀ ਬਣਿਆ ਹੋਇਆ ਹੈ। ਲੋਕ ਆਖਦੇ ਹਨ ਕਿ ਲੀਡਰਾਂ ਅਤੇ ਅਫਸਰਾਂ ਦੇ ਹਾੜ੍ਹੇ ਕੱਢਦਿਆਂ ਜੀਭ ਤਾਲੂ ਨਾਲ ਲੱਗ ਗਈ ਹੈ ਜਿਸ ਨੂੰ ਗਿੱਲੀ ਕਰਨ ਲਈ ਵੀ ਸਹਾਰਾ ਵੀ ਮੁੱਲ ਦਾ ਪਾਣੀ ਬਣਦਾ ਹੈ ਜੋ ਟੈਂਕੀਆਂ ਸਪਲਾਈ ਕਰਦੀਆਂ ਹਨ। ਜਦੋਂ ਭਾਖੜਾ ਬੰਦ ਹੁੰਦੀ ਹੈ ਤਾਂ ਪਾਣੀ ਦੀ ਵੇਟਿੰਗ ਸ਼ੁਰੂ ਹੋ ਜਾਂਦੀ ਹੈ। ਲੋਕਾਂ ਨੇ ਤਾਂ ਘਰਾਂ ਵਿੱਚ ਪਾਣੀ ਸਟੋਰ ਕਰਨ ਲਈ ਡਿੱਗੀਆਂ ਬਣਾਈਆਂ ਹੋਈਆਂ ਹਨ। ਕਿੱਲਤ ਨੇ ਲੋਕਾਂ ਨੂੰ ਸਰਫੇ ਦੇ ਰਾਹ ਪਾਇਆ ਹੋਇਆ ਹੈ। ਪਿੰਡ ਵਾਸੀ ਦੱਸਦੇ ਹਨ ਕਿ ਸੰਜਮ ਦੇ ਬਾਵਜੂਦ ਪਾਣੀ ਲਗਾਤਾਰ ਮੰਗਵਾਉਣਾ ਪੈਂਦਾ ਹੈ ਕਿਉਂਕਿ ਇੱਕ ਡਿੱਗੀ ਕਿੰਨਾਂ ਕੁ ਡੰਗ ਟਪਾ ਸਕਦੀ ਹੈ।
ਖਾਲੀ ਨਹਿਰਾਂ ਵੀ ਬਣਦੀਆਂ ਸਹਾਰਾ
ਕਈ ਇਲਾਕਿਆਂ ’ਚ ਬੰਦੀ ਮਗਰੋ ਨਹਿਰ ਵਿੱਚ ਖਲੋਤਾ ਪਾਣੀ ਲੋਕਾਂ ਦੀ ਪਿਆਸ ਬੁਝਾਉਂਦਾ ਹੈ। ਲੋਕ ਦੱਸਦੇ ਹਨ ਕਿ ਗਰਮੀ ’ਚ ਪਾਣੀ ਸਪਲਾਈ ਕਰਨ ਵਾਲੀਆਂ ਟੈਂਕੀਆਂ ਨੂੰ ਸਾਹ ਲੈਣਾ ਨਹੀਂ ਮਿਲਦਾ ਹੈ। ਇੱਕ ਟੈਂਕੀ ਵਾਲੇ ਨੇ ਦੱਸਿਆ ਕਿ ਕਈ ਵਾਰ ਤਾਂ ਉਨ੍ਹਾਂ ਦੇ ਦਸ ਦਸ ਗੇੜੇ ਲੱਗ ਜਾਂਦੇ ਹਨ। ਮਾਲਵੇ ਦੀਆਂ ਕਾਫੀ ਢਾਣੀਆਂ ਨੂੰ ਮੁੱਲ ਦਾ ਪਾਣੀ ਪੀਣਾ ਪੈਂਦਾ ਹੈ। ਕਈ ਥਾਈਂ ਤਾਂ ਪਾਣੀ ਸਿੰਚਾਈ ਯੋਗ ਵੀ ਨਹੀਂ ਹੈ ਪੀਣਾ ਤਾਂ ਦੂਰ ਦੀ ਗੱਲ ਹੈ। ਜਦੋਂ ਹਰਿਆਣਾ ਨੂੰ ਪਾਣੀ ਦੇਣ ਦਾ ਮੁੱਦਾ ਉੱਠਿਆ ਹੈ ਤਾਂ ਪਹਿਲਾਂ ਪੰਜਾਬੀਆਂ ਦੀ ਅਵਾਜ਼ ਵੀ ਸੁਣਨੀ ਬਣਦੀ ਹੈ।