Babushahi Special: ਲੁਧਿਆਣਾ ਪੱਛਮੀ ਦੇ ਹਰ ਮੋੜ 'ਤੇ ਝਾੜੂ ਵਾਲਿਆਂ ਨੇ ਮਾਰਿਆ ਪੰਜੇ ਨੂੰ ਸਿਆਸੀ ਧੋਬੀ ਪਟਕਾ
ਅਸ਼ੋਕ ਵਰਮਾ
ਬਠਿੰਡਾ,23 ਜੂਨ 2025:ਜਿਮਨੀ ਚੋਣ ਦੌਰਾਨ ਪੰਜਾਬ ਦਾ ਹਾਈਪ੍ਰੋਫਾਈਲ ਹਲਕਾ ਬਣੇ ਲੁਧਿਆਣਾ ਪੱਛਮੀ ਹਲਕੇ ਦੀ ਗਿਣਤੀ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਆਪਣੀ ਮੁੱਖ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਿਸੇ ਵੀ ਰਾਊਂਡ ਵਿੱਚ ਆਪਣੇ ਨਜ਼ਦੀਕ ਨਹੀਂ ਢੁੱਕਣ ਦਿੱਤਾ ਹੈ। ਇਸ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਕਾਰਨ ਇਹ ਜਿਮਨੀ ਚੋਣ ਕਰਵਾਈ ਗਈ ਸੀ ਜਿਸ ਲਈ 19 ਜੂਨ ਨੂੰ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ ਦਾ ਅਮਲ ਅੱਜ ਸਵੇਰੇ 8 ਵਜੇ ਸ਼ੁਰੂ ਹੋਇਆ ਸੀ ਜਿਸ ਦੌਰਾਨ ਤਿੰਨ ਮੁੱਖ ਧਿਰਾਂ ਆਪ, ਕਾਂਗਰਸ ਅਤੇ ਬੀਜੇਪੀ ’ਚ ਕਾਂਟੇ ਦੀ ਟੱਕਰ ਨਜ਼ਰ ਆਈ ਹੈ ਜਦੋਂਕਿ ਅਕਾਲੀ ਦਲ ਤਾਂ ਇਸ ਸਿਆਸੀ ਦੰਗਲ ’ਚ ਕਿਧਰੇ ਵੀ ਦਿਖਾਈ ਨਹੀਂ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ 1269 ਵੋਟਾਂ ਦੇ ਮਾਮੂਲੀ ਜਿਹੇ ਵਾਧੇ ਨਾਲ ਸ਼ੁਰੂਆਤ ਕੀਤੀ ਸੀ ਜਿਸ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਖਤਮ ਕੀਤਾ ਹੈ।
ਦੱਸਣਯੋਗ ਹੈ ਕਿ ਭਾਰਤ ਭੂਸ਼ਣ ਆਸ਼ੂ ਵੱਲੋਂ ਦੋ ਵਾਰ ਵੱਡੀ ਜਿੱਤ ਦਰਜ ਕਰਨ ਕਾਰਨ ਪੱਛਮੀ ਹਲਕੇ ਨੂੰ ਆਸ਼ੂ ਦਾ ਗੜ੍ਹ ਮੰਨਿਆ ਜਾਣ ਲੱਗਿਆ ਸੀ। ਇਹੋ ਕਾਰਨ ਹੈ ਕਿ ਕਾਂਗਰਸ ਨੇ ਹਲਕੇ ਨੂੰ ਮਹਿਫੂਜ਼ ਮੰਨਦਿਆਂ ਪਾਰਟੀ ਨੇ ਜਿਮਨੀ ਚੋਣ ਦੌਰਾਨ ਆਸ਼ੂ ਤੇ ਦਾਅ ਲਾਇਆ ਸੀ। ਸਿਆਸੀ ਮਾਹਿਰਾਂ ਵੱਲੋਂ ਵੀ ਸੰਜੀਵ ਅਰੋੜਾ ਅਤੇ ਭਾਜਪਾ ਆਗੂ ਜੀਵਨ ਗੁਪਤਾ ਦੇ ਮੁਕਾਬਲੇ ’ਚ ਆਸ਼ੂ ਨੂੰ ਮਜਬੂਤ ਤੇ ਜਿੱਤਣ ਵਾਲਾ ਉਮੀਦਵਾਰ ਮੰਨਿਆ ਜਾਂਦਾ ਸੀ। ਕਾਂਗਰਸ ਦੇ ਵੱਡੇ ਵੱਡੇ ਸਿਆਸੀ ਧੁਨੰਤਰਾਂ ਰਾਣਾ ਗੁਰਜੀਤ ਸਿੰਘ, ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਵਿਧਾਇਕ ਪ੍ਰਗਟ ਸਿੰਘ , ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਕਾਫੀ ਆਗੂਆਂ ਨੇ ਧੂਆਂ ਧਾਰ ਚੋਣ ਪ੍ਰਚਾਰ ਕੀਤਾ ਅਤੇ ਕਾਂਗਰਸ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਨਾਉਣ ’ਚ ਆਪਣੀ ਤਰਫੋਂ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ ਸੀ। ਇਸ ਕਰਕੇ ਪੰਜਾਬ ਦੇ ਸਿਆਸੀ ਅਤੇ ਪ੍ਰਸ਼ਾਸ਼ਕੀ ਹਲਕਿਆਂ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਜਿੱਤ ਦੇ ਵੱਡੇ ਦਾਅਵੇਦਾਰ ਵਜੋਂ ਦੇਖਿਆ ਜਾਣ ਲੱਗਿਆ ਸੀ।
ਜਾਣਕਾਰੀ ਅਨੁਸਾਰ ਅੱਜ ਜਦੋਂ ਸਵੇਰ ਵਕਤ ਗਿਣਤੀ ਸ਼ੁਰੂ ਹੋਈ ਤਾਂ ਕਾਂਗਰਸੀ ਆਗੂ ਅਤੇ ਪਾਰਟੀ ਹਮਾਇਤੀ ਚੋਣ ਨਤੀਜਾ ਆਸ਼ੂ ਦੇ ਹੱਕ ’ਚ ਜਾਣ ਪ੍ਰਤੀ ਆਸਵੰਦ ਸਨ ਪਰ ਵਕਤ ਗੁਜ਼ਰਨ ਨਾਲ ਗਿਣਤੀਆਂ ਮਿਣਤੀਆਂ ਸਭ ਉਲਟਦੀਆਂ ਨਜ਼ਰ ਆਈਆਂ। ਗਿਣਤੀ ਦਾ ਦੂਸਰਾ ਗੇੜ ਖਤਮ ਹੋਣ ਤੱਕ ਆਪ ਦੀ ਲੀਡ ਤਕਰੀਬਨ ਦੁੱਗਣੀ 2482 ਤੱਕ ਪੁੱਜ ਗਈ ਅਤੇ ਤੀਸਰੇ ਗੇੜ ਦੀ ਸਮਾਪਤੀ ਤੱਕ ਇਹ ਅੰਕੜਾ 3060 ਤੇ ਚਲਾ ਗਿਆ। ਇਸ ਗੇੜ ਦੌਰਾਨ ਪਹਿਲੀਆਂ ਦੋ ਵਾਰੀ ਤੀਸਰੇ ਨੰਬਰ ਤੇ ਚਲੇ ਆ ਰਹੇ ਭਾਜਪਾ ਦੇ ਜੀਵਨ ਗੁਪਤਾ ਨੇ ਹੈਰਾਨੀਜਨਕ ਢੰਗ ਨਾਲ ਭਾਰਤ ਭੂਸ਼ਣ ਆਸ਼ੂ ਨੂੰ ਪਛਾੜਦਿਆਂ ਦੂਸਰਾ ਸਥਾਨ ਮੱਲ ਲਿਆ ਪਰ ਚੌਥੇ ਗੇੜ ’ਚ ਕਾਂਗਰਸ ਭਾਜਪਾ ਨਾਲੋਂ ਅੱਗੇ ਚਲੀ ਗਈ। ਰੌਚਕ ਇਹ ਵੀ ਹੈ ਕਿ ਚੌਥੇ , ਪੰਜਵੇਂ ਅਤੇ ਛੇਵੇਂ ਗੇੜ ਦੌਰਾਨ ਆਸ਼ੂ ਦਾ ਪੱਲੜਾ ਪੂਰੀ ਤਰਾਂ ਭਾਰੀ ਰਹਿਣ ਕਾਰਨ ਸੰੰਜੀਵ ਅਰੋੜਾ ਦੀ ਲੀਡ ਨੂੰ ਲੱਗੇ ਖੋਰੇ ਨੇ ਆਪ ਆਗੂਆਂ ਨੂੰ ਘਰਾਂ ’ਚ ਦੜਨ ਲਈ ਮਜ਼ਬੂਰ ਕਰ ਦਿੱਤਾ।
ਗਿਣਤੀ ਦਾ ਅਮਲ ਏਨਾ ਜਿਆਦਾ ਧੀਮਾ ਚੱਲ ਰਿਹਾ ਸੀ ਜਿਸ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਸਮਰਥਕਾਂ ’ਚ ਛੇਵੇਂ ਗੇੜ ਦੀ ਗਿਣਤੀ ਸਮਾਪਤ ਹੋਣ ਤੱਕ ਲੀਡ ਘਟਕੇ 2286 ਰਹਿ ਜਾਣ ਕਾਰਨ ਤੌਖਲੇ ਤੇ ਵਾਲਾ ਮਹੌਲ ਨਜ਼ਰ ਆਇਆ ਅਤੇ ਜਿੱਥੇ ਵੀ ਜਸ਼ਨ ਚੱਲ ਰਹੇ ਸਨ ਉਨ੍ਹਾਂ ਨੂੰ ਇੱਕ ਵਾਰ ਰੋਕ ਦਿੱਤਾ ਗਿਆ। ਬਠਿੰਡਾ ਜਿਲ੍ਹੇ ਦੇ ਇੱਕ ਆਪ ਆਗੂ ਨੇ ਮੰਨਿਆ ਕਿ ਜਿਸ ਤਰਾਂ ਦਾ ਸਿਲਸਿਲਾ ਚੱਲਣ ਲੱਗਿਆ ਸੀ ਉਸ ਨੂੰ ਦੇਖ ਕੇ ਉਹ ਫਿਕਰਮੰਦ ਹੋ ਗਏ ਸਨ ਕਿ ਬਾਕੀ ਬਚਦੇ 8 ਗੇੜਾਂ ਵਿੱਚ ਕੁੱਝ ਵੀ ਹੋ ਸਕਦਾ ਸੀ। ਇਸ ਤੋਂ ਬਾਅਦ ਸੱਤਵੇਂ ਅਤੇ ਅੱਠਵੇਂ ਗੇੜ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਲੀਡ ਵਧਕੇ 3558 ਤੱਕ ਪੁੱਚ ਗਈ ਤਾਂ ਆਪ ਸਮਰਥਕਾਂ ਅਤੇ ਆਗੂਆਂ ਦੇ ਚਿਹਰਿਆਂ ਤੇ ਰੌਣਕ ਪਰਤਣ ਲੱਗ ਪਈ । ਪਾਰਟੀ ਨੇ ਜਸ਼ਨਾਂ ਦਾ ਬੰਦ ਹੋਇਆ ਸਿਲਸਿਲਾ ਮੁੜ ਸ਼ੁਰੂ ਕਰ ਦਿੱਤਾ ਅਤੇ ਮੰਤਰੀਆਂ ,ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੇ ਪਾਰਟੀ ਦਫਤਰਾਂ ਵੱਲ ਵਹੀਰਾਂ ਖਿੱਚ੍ਹ ਦਿੱਤੀਆਂ।
ਦਿਲਚਸਪ ਪਹਿਲੂ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਵਾਲੇ ਰੁਝਾਨਾਂ ’ਚ ਅੱਗੇ ਹੋਣ ਦੇ ਬਾਵਜੂਦ ਆਪ ਲੀਡਰਸ਼ਿਪ ਦੀ ਦਿੱਖ ਫਿਕਰਮੰਦ ਵਾਲੀ ਰਹੀ। ਜਦੋਂ 9ਵੇਂ ਅਤੇ 10ਵੇਂ ਗੇੜ ਦੀ ਗਿਣਤੀ ਤੋਂ ਬਾਅਦ ਆਏ ਰੁਝਾਨ ਦੌਰਾਨ ਸੰਜੀਵ ਅਰੋੜਾ ਦਾ ਅੰਕੜਾ ਵਧਕੇ ਕ੍ਰਮਵਾਰ 4748 ਅਤੇ 6022 ਤੇ ਚਲਾ ਗਿਆ ਤਾਂ ਜਾਕੇ ਮੰਤਰੀਆਂ ਅਤੇ ਸੰਤਰੀਆਂ ਦੇ ਸਾਹ ਵਿੱਚ ਸਾਹ ਆਇਆ। ਇਸ ਤੋਂ ਪਿੱਛੋਂ ਤਾਂ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਕਿਸੇ ਵੀ ਗੇੜ ਦੌਰਾਨ ਨੇੜੇ ਨਹੀਂ ਢੁੱਕਣ ਦਿੱਤਾ। ਸੰਜੀਵ ਅਰੋੜਾ ਦੀ ਲੀਡ 11ਵੇਂ ਗੇੜ ਵਿੱਚ 7504 ਰਹੀ ਜੋ 12ਵੇਂ ’ਚ ਵਧਕੇ 8697,13ਵੇਂ ਗੇੜ ਦੌਰਾਨ 10073 ਅਤੇ ਆਖਰੀ 14ਵੇਂ ਗੇੜ ਵਿੱਚ 10637 ਵੋਟਾਂ ਦੀ ਜੇਤੂ ਲੀਡ ਨਾਲ ਖਤਮ ਹੋਈ ਜਿਸ ਦੇ ਚਲਦਿਆਂ ਆਪ ਹਮਾਇਤੀਆਂ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਚੇਅਰਮੈਨ ਨਾਲ ਗਰਗ ਬਠਿੰਡਾ ਦਾ ਕਹਿਣਾ ਸੀ ਕਿ ਲੁਧਿਆਣਾ ਪੱਛਮੀ ਹਲਕੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਵਿਕਾਸਮੁਖੀ ਅਤੇ ਲੋਕ ਪੱਖੀ ਨੀਤੀਆਂ ਦੀ ਜਿੱਤ ਹੋਈ ਹੈ।
Click to Follow Babushahi Facebook page →