Babushahi Special ਨਰਾਤਿਆਂ ’ਤੇ ਵਿਸ਼ੇਸ਼: ਮਾਈਸਰਖਾਨਾ ਮੰਦਿਰ ’ਚ ਨਤਮਸਤਕ ਹੋਣ ਨਾਲ ਪੂਰੀਆਂ ਹੁੰਦੀਆਂ ਮੁਰਾਦਾਂ
ਅਸ਼ੋਕ ਵਰਮਾ
ਬਠਿੰਡਾ , 19 ਮਾਰਚ 2026 : ਬਠਿੰਡਾ ਤੋਂ ਮਾਨਸਾ ਰੋਡ ’ਤੇ ਸਥਿਤ ਪਿੰਡ ਮਾਈਸਰਖਾਨਾ ’ਚ ਇਤਿਹਾਸਕ ਅਤੇ ਪ੍ਰਾਚੀਨ ਸ਼੍ਰੀ ਦੁਰਗਾ ਮੰਦਿਰ ਕੌਮਾਂਤਰੀ ਪੱਧਰ ’ਤੇ ਪ੍ਰਸਿੱਧ ਹੈ ਜਿੱਥੇ ਨਰਾਤਿਆਂ ਮੌਕੇ ਲੱਗਣ ਵਾਲੇ ਮੇਲੇ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਆਪਣੇ ਧਾਰਮਿਕ ਅਕੀਦਿਆਂ ਦੀ ਪੂਰਤੀ ਲਈ ਪੁੱਜਦੇ ਹਨ। ਮਾਨਤਾ ਹੈ ਕਿ ਜੋ ਸ਼ਰਧਾਲੂ ਸਮਰਪਿਤ ਭਾਵਨਾ ਨਾਲ ਮੇਲੇ ’ਚ ਆਉਂਦੇ ਹਨ ਉਨ੍ਹਾਂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਸ਼ਰਧਾਲੂਆਂ ਦਾ ਮੰਨਣਾ ਹੈ ਕਿ ਮਾਂ ਜਵਾਲਾ ਪਿੰਡੀ ਦੇ ਰੂਪ ਵਿੱਚ ਇੱਥੇ ਦਰਸ਼ਨ ਦਿੰਦੀ ਹੈ। ਸਾਲ ’ਚ ਦੋ ਵਾਰ ਲੱਗਣ ਵਾਲਾ ਮਾਂ ਦੁਰਗਾ ਦਾ ਮੇਲਾ ਵਿਸ਼ਵ ਭਰ ’ਚ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰਾਚੀਨ ਸ੍ਰੀ ਦੁਰਗਾ ਮੰਦਿਰ 511 ਸਾਲ ਪੁਰਾਣਾ ਹੈ ਜਿਸ ਦੀ ਸਥਾਪਨਾ 1515 ਈਸਵੀ ’ਚ ਕੀਤੀ ਗਈ ਸੀ।
ਲੱਖਾਂ ਲੋਕਾਂ ਦੀ ਆਸਥਾ ਦੇ ਕੇਂਦਰ ਇਸ ਮੰਦਰ ’ਚ ਦਰਬਾਰ ਦਾ ਸ਼ਿੰਗਾਰ 8 ਕੁਇੰਟਲ ਚਾਂਦੀ ਨਾਲ ਕੀਤਾ ਗਿਆ ਹੈ। ਮੰਦਿਰ ਵਿੱਚ ਰਾਜਸਥਾਨੀ ਕਾਰੀਗਰਾਂ ਨੇ ਚਾਂਦੀ ਦੀ ਚਾਦਰ ’ਤੇ ਸ਼੍ਰੀ ਯੰਤਰ, ਹਨੂੰਮਾਨ ਜੀ, ਮਾਂ ਸਰਸਵਤੀ, ਸਵਾਸਤਿਕ , ਮਾਂ ਦੁਰਗਾ ਅਤੇ ਕਲਸ਼ ਆਦਿ ਬਣਾਏ ਹਨ। ਨਰਾਤਿਆਂ ਦੀ ਪੰਜਵੀਂ ਤਰੀਕ ਨੂੰ ਰਾਤ ਨੂੰ 10 ਵਜੇ ਦੋ ਘੰਟਿਆਂ ਲਈ ਮੰਦਿਰ ਬੰਦ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ ਪਿੰਡੀ ਦੇ ਰੂਪ ’ਚ ਬਿਰਾਮਾਨ ਮਾਂ ਜਵਾਲਾ ਜੀ ਨੂੰ ਇਸ਼ਨਾਨ , ਵਸਤਰ ਧਾਰਨ ਅਤੇ ਸ਼ਿੰਗਾਰ ਕਰਕੇ ਮੁੱਖ ਪੁਜਾਰੀ ਵੱਲੋਂ ਵਿਧੀ ਵਿਧਾਨ ਅਨੁਸਾਰ ਦੁਰਗਾ ਪੂਜਾ, ਨੌਂ ਗ੍ਰਹਿਾਂ ਅਤੇ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਪੰਜਵੀ ਦੀ ਅੱਧ ਰਾਤ ਨੂੰ 12 ਵਜੇ ਮਾਂ ਜਵਾਲਾ ਦੀ ਜੋਤ ਪ੍ਰਵੇਸ਼ ਅਤੇ ਮਹਾਂਆਰਤੀ ਹੁੰਦੀ ਹੈ ਜਿਸ ਪਿੱਛੋ ਮੇਲਾ ਸ਼ੁਰੂ ਹੋ ਜਾਂਦਾ ਹੈ।
ਮਹੱਤਵਪੂਰਨ ਇਹ ਵੀ ਹੈ ਕਿ ਦੱਖਣ ’ਚ ਮਾਲਵਾ ਪ੍ਰਾਂਤ ਬ੍ਰਾਹਮਣ ਸਭਾ ਅਤੇ ਉੱਤਰ ’ਚ ਸਵਰਨਕਾਰ ਦੁਰਗਾ ਮੰਦਰ ਹਨ ਜਦੋਂਕਿ ਥੋੜ੍ਹੀ ਦੂਰ ਸ਼ੀਤਲਾ ਮਾਤਾ ਦਾ ਮੰਦਰ ਹੈ। ਇਤਿਹਾਸ ਅਨੁਸਾਰ ਮਾਈਸਰਖਾਨਾ ਦਾ ਜਿਮੀਂਦਾਰ ਕਮਾਲੂ ਨਥਾਣੇ ਵਾਲੇ ਬਾਬਾ ਕਾਲੂ ਰਾਮ ਦਾ ਭਗਤ ਸੀ ਜੋ ਹਰ ਸਾਲ ਜਵਾਲਾ ਜੀ (ਹਿਮਚਲ ਪ੍ਰਦੇਸ਼) ਦੇ ਦਰਸ਼ਨਾਂ ਲਈ ਜਾਇਆ ਕਰਦਾ ਸੀ। ਇਕ ਵਾਰ ਜਵਾਲਾ ਜੀ ਗਏ ਕਮਾਲੂ ਨੇ ਬਾਬਾ ਕਾਲੂ ਨਾਥ ਕੋਲ ਇੱਛਾ ਜਤਾਈ ਕਿ ਇਹ ਮੇਲਾ ਮੇਰੇ ਪਿੰਡ ਮਾਈਸਰਖਾਨਾ ਲੱਗਿਆ ਕਰੇ ਤਾਂ ਕਿੰਨਾਂ ਚੰਗਾ ਹੋਵੇਗਾ। ਕਮਾਲੂ ਅਕਸਰ ਮਾਈਸਰਖਾਨਾ ਤੋਂ ਨਥਾਣੇ ਸੰਤਾਂ ਵਾਸਤੇ ਦੁੱਧ ਲੈਕੇ ਜਾਂਦਾ ਸੀ। ਇਕ ਵਾਰ ਜਦ ਉਹ ਦੁੱਧ ਲੈ ਕੇ ਨਥਾਣੇ ਗਿਆ ਤਾਂ ਬਾਬਾ ਕਾਲੂ ਨਾਥ ਕੋਲ ਕੋਹੜੀਆਂ ਦੀ ਟੋਲੀ ਬੈਠੀ ਸੀ, ਜੋ ਉਨ੍ਹਾਂ ਤੋਂ ਅਸ਼ੀਰਵਾਦ ਲੈ ਕੇ ਆਪਣਾ ਕੋਹੜ ਠੀਕ ਕਰਵਾਉਣ ਆਈ ਸੀ।
.jpg)
ਬਾਬਾ ਕਾਲੂ ਨਾਥ ਨੇ ਕਮਾਲੂ ਵੱਲੋਂ ਲਿਆਂਦਾ ਦੁੱਧ ਕੋਹੜੀਆਂ ਨੂੰ ਦੇ ਦਿੱਤਾ ਅਤੇ ਕੋਹੜੀਆਂ ਦਾ ਬਚਿਆ ਹੋਇਆ ਜੂਠਾ ਦੁੱਧ ਕਮਾਲੂ ਭਗਤ ਨੂੰ ਪੀਣ ਲਈ ਦੇ ਦਿੱਤਾ। ਕਮਾਲੂ ਭਗਤ ਨੇ ਉਹ ਦੁੱਧ ਦਰੱਖਤ ਦੀ ਜੜ੍ਹ ਵਿੱਚ ਪਾ ਦਿੱਤਾ। ਦੁੱਧ ਡੁੱਲਣ ਸਾਰ ਹੀ ਸੁੱਕਾ ਦਰੱਖਤ ਹਰਿਆ ਭਰਿਆ ਹੋ ਗਿਆ ਅਤੇ ਕੋਹੜੀ ਠੀਕ ਹੋ ਗਏ ਜਿਸ ਤੋਂ ਗੁੱਸੇ ’ਚ ਆਏ ਬਾਬਾ ਕਾਲੂ ਨਾਥ ਨੇ ਤਪੱਸਿਆ ਸ਼ੁਰੂ ਕਰ ਦਿੱਤੀ। ਦੁੱਧ ਡੋਲਣ ਕਰਕੇ ਬਾਬਾ ਕਾਲੂ ਨਾਥ ਕਮਾਲੂ ਭਗਤ ਨਾਲ ਨਰਾਜ਼ ਸਨ । ਇਸ ਤੋਂ ਬਾਅਦ ਉਨ੍ਹਾਂ ਬਾਬਾ ਕਾਲੂ ਨਾਥ ਦੀ ਸੇਵਾ ਸ਼ੁਰੂ ਕਰ ਦਿੱਤੀ। ਬਾਬਾ ਕਾਲੂ ਨਾਥ ਨੇ ਇੱਕ ਦਿਨ ਸਮਾਧੀ ਖੋਹਲੀ ਅਤੇ ਕਮਾਲੂ ਨੂੰ ਕਿਹਾ ਕਿ ਉਹ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਪਹੁੰਚੇ ਜਿੱਥੇ ਮਾਤਾ ਜਵਾਲਾ ਜੀ ਕੋਹੜਨ ਦੇ ਰੂਪ ਵਿਚ ਆਈ ਹੋਈ ਹੈ।
ਕਮਾਲੂ ਭਗਤ ਸ਼ਮਸ਼ਾਨ ਘਾਟ ਪੁੱਜਿਆ ਅਤੇ ਮਾਂ ਨੂੰ ਆਪਣੇ ਅਸਲੀ ਰੂਪ ਵਿੱਚ ਦਰਸ਼ਨ ਦੇਣ ਦੀ ਬੇਨਤੀ ਕੀਤੀ। ਮਾਂ ਨੇ ਕਮਾਲੁ ਨੂੰ ਹਰ ਸਾਲ ਅੱਸੂ ਅਤੇ ਚੇਤ ਦੇ ਨਰਾਤਿਆਂ ਨੂੰ ਇੱਥੇ ਦਰਸ਼ਨ ਦੇਣ ਦਾ ਵਰਦਾਨ ਦਿੰਦਿਆਂ ਕਿਹਾ ਕਿ ਜੋ ਵੀ ਭਗਤ ਇੱਥੇ ਆਕੇ ਦਰਸ਼ਨ ਕਰੇਗਾ ਮਾਂ ਜਵਾਲਾ ਉਸ ਦੀ ਹਰ ਮਨੋਕਾਮਨਾ ਪੂਰੀ ਕਰੇਗੀ। ਉਦੋਂ ਤੋਂ ਹੀ ਇਸ ਸਥਾਨ ‘ਤੇ ਅੱਸੂ ਅਤੇ ਚੇਤ ਦੀ ਛਟ ਨੂੰ ਭਾਰੀ ਮੇਲਾ ਲਗਦਾ ਹੈ। ਮੇਲੇ ਦਾ ਪ੍ਰਬੰਧ ਤਿੰਨ ਵੱਖ ਵੱਖ ਸਭਾਵਾਂ ਕਰਦੀਆਂ ਹਨ। ਮੰਦਿਰ ਦੇ ਬਾਹਰ ਬਣੇ ਟਿੱਲੇ ’ਤੇ ਸ਼ਰਧਾਲੂ ਆਪਣੀ ਸੁੱਖ ਪੂਰੀ ਹੋਣ ਤੋਂ ਬਾਅਦ ਮਿੱਟੀ ਕੱਢਣ ਲਈ ਆਉਂਦੇ ਹਨ। ਮੰਦਿਰ ਅੰਦਰ ਪੁਰਾਤਨ ਬੇਰੀ ਦੇ ਦਰੱਖਤ ਹੇਠ ਬੱਚਿਆਂ ਦੀ ਝੰਡ (ਮੁੰਡਣ ਸੰਸਕਾਰ) ਲਾਹੀ ਜਾਂਦੀ ਹੈ। ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਆਪਣੀ ਯਾਤਰਾ ਸਫਲ ਸਮਝਦੇ ਹਨ।
ਸੰਗਤ ਲਈ ਢੁੱਕਵੇਂ ਪ੍ਰਬੰਧ
ਪ੍ਰਾਚੀਨ ਦੁਰਗਾ ਮੰਦਰ ਮਾਈਸਰਖਾਨਾ ਦੇ ਕਾਰਜਕਾਰੀ ਪ੍ਰਧਾਨ ਐਡਵੋਕੇਟ ਰਾਜਨ ਗਰਗ ਦਾ ਕਹਿਣਾ ਸੀ ਕਿ ਨਰਾਤਿਆਂ ਮੌਕੇ ਲੱਖਾਂ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਉਨ੍ਹਾਂ ਦੀ ਸੁਵਿਧਾ ਲਈ ਹਰ ਪ੍ਰਕਾਰ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿੱਚ ਲੰਗਰ ਭੋਜਨ, ਸਫਾਈ ਮੁਹਿੰਮ , ਮੰਦਰ ਦੀ ਸਜਾਵਟ ਅਤੇ ਸੁਰੱਖਿਆ ਵਗੈਰਾ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਨਰਾਤੇ ਸਿਰਫ ਧਾਰਮਿਕ ਤਿਉਹਾਰ ਨਹੀਂ ਸਗੋਂ ਸਮਾਜ ਵਿੱਚ ਭਰਾਤਰੀ ਭਾਵ, ਸੇਵਾ ਭਾਵਨਾ ਅਤੇ ਸਾਂਝ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਵੀ ਹੈ। ਉਨ੍ਹਾਂ ਸੰਗਤ ਨੂੰ ਇਹ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਉਣ ਅਤੇ ਸਮਾਗਮਾਂ ਨੂੰ ਸੁਚਾਰਨੂੰ ਰੂਪ ’ਚ ਚਲਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ।
Click to Follow Babushahi Facebook page →