ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਐਡਵਾਈਜ਼ਰੀ ਜਾਰੀ
ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ - ਸਿਵਲ ਸਰਜਨ
ਰੋਹਿਤ ਗੁਪਤਾ
ਗੁਰਦਾਸਪੁਰ, 30 ਅਗਸਤ
- ਪੰਜਾਬ ਵਿੱਚ ਭਿਆਨਕ ਹੜ੍ਹਾਂ ਦੀ ਸਥਿਤੀ ਦੇ ਵਿਚਕਾਰ, ਹੁਣ ਦਸਤ, ਹੈਜ਼ਾ, ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਚੁਣੌਤੀ ਨਾਲ ਨਜਿੱਠਣ ਲਈ, ਪੰਜਾਬ ਸਿਹਤ ਵਿਭਾਗ ਨੇ `ਹਾਈ ਅਲਰਟ` ਐਲਾਨ ਕਰਦਿਆਂ ਲੋਕਾਂ ਦੀ ਸੁਰੱਖਿਆ ਲਈ ਇੱਕ ਜਾਰੀ ਕੀਤੀ ਹੈ। ਵਿਭਾਗ ਨੇ ਬਿਮਾਰੀਆਂ ਨੂੰ ਰੋਕਣ ਲਈ ਵੱਡੇ ਪੱਧਰ `ਤੇ ਮੈਡੀਕਲ ਟੀਮਾਂ ਅਤੇ ਸਰੋਤ ਤਾਇਨਾਤ ਕੀਤੇ ਹਨ।
ਗੁਰਦਾਸਪੁਰ ਦੇ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਲੋਕਾਂ ਨੂੰ ਹੜ੍ਹਾਂ ਦੌਰਾਨ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪਾਣੀ ਅਤੇ ਭੋਜਨ ਵਿੱਚ ਸਾਵਧਾਨੀਆਂ ਵਰਤੇ ਹੋਏ ਕੇਵਲ ਸਾਫ਼ ਪਾਣੀ ਪੀਓ, ਸਿਰਫ਼ ਉਬਾਲੇ ਜਾਂ ਕਲੋਰੀਨ ਵਾਲਾ ਪਾਣੀ ਹੀ ਪੀਓ। ਜੇਕਰ ਪਾਣੀ ਨੂੰ ਉਬਾਲਣਾ ਸੰਭਵ ਨਹੀਂ ਹੈ, ਤਾਂ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਕਰੋ। ਪਾਣੀ ਨੂੰ ਹਮੇਸ਼ਾ ਸਾਫ਼ ਅਤੇ ਢੱਕੇ ਹੋਏ ਭਾਂਡਿਆਂ ਵਿੱਚ ਰੱਖੋ। ਉਨ੍ਹਾਂ ਕਿਹਾ ਕਿ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਧੋਵੋ, ਖਾਸ ਕਰਕੇ ਖਾਣ ਤੋਂ ਪਹਿਲਾਂ। ਹੜ੍ਹ ਦੇ ਪਾਣੀ ਦੇ ਸੰਪਰਕ ਵਿੱਚ ਆਇਆ ਕੋਈ ਵੀ ਖਾਣਾ ਨਾ ਖਾਓ।
ਮੱਛਰਾਂ ਅਤੇ ਕੀੜਿਆਂ ਤੋਂ ਸੁਰੱਖਿਆ ਸਬੰਧੀ ਸਲਾਹ ਦਿੰਦਿਆਂ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਲਈ ਆਪਣੇ ਘਰ ਦੇ ਆਲੇ-ਦੁਆਲੇ ਡਰੰਮਾਂ, ਟਾਇਰਾਂ, ਕੂਲਰਾਂ ਅਤੇ ਛੱਤਾਂ ਵਿੱਚ ਜਮ੍ਹਾਂ ਹੋਏ ਪਾਣੀ ਨੂੰ ਤੁਰੰਤ ਹਟਾ ਦਿਓ। ਖਾਸ ਕਰਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਮੱਛਰਦਾਨੀ ਦੀ ਵਰਤੋਂ ਕਰੋ। ਮੱਛਰ ਦੇ ਕੱਟਣ ਤੋਂ ਬਚਣ ਲਈ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ। ਉਨ੍ਹਾਂ ਕਿਹਾ ਕਿ ਹਨੇਰੇ ਤੋਂ ਬਾਅਦ ਪਾਣੀ ਭਰੇ ਜਾਂ ਝਾੜੀਆਂ ਵਾਲੇ ਖੇਤਰਾਂ ਵਿੱਚ ਜਾਣ ਤੋਂ ਬਚੋ ਅਤੇ ਆਪਣੇ ਹੱਥ ਅਤੇ ਪੈਰ ਘਾਹ ਵਿੱਚ ਨਾ ਪਾਓ।
ਉਨ੍ਹਾਂ ਕਿਹਾ ਕਿ ਗਿੱਲੇ ਕੱਪੜਿਆਂ ਤੋਂ ਬਚੋ ਅਤੇ ਹੜ੍ਹ ਦੇ ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਗਿੱਲੇ ਕੱਪੜਿਆਂ ਨੂੰ ਸੁੱਕੇ ਕੱਪੜਿਆਂ ਵਿੱਚ ਬਦਲੋ। ਪੈਰਾਂ ਦੀ ਲਾਗ ਤੋਂ ਬਚਣ ਲਈ ਪਾਣੀ ਭਰੇ ਇਲਾਕਿਆਂ ਵਿੱਚ ਤੁਰਦੇ ਸਮੇਂ ਹਮੇਸ਼ਾ ਸੁਰੱਖਿਅਤ ਜੁੱਤੇ ਪਹਿਨੋ। ਖੁਜਲੀ ਜਾਂ ਧੱਫੜ ਹੋਣ ਦੀ ਸਥਿਤੀ ਵਿੱਚ, ਸਿਹਤ ਕਰਮਚਾਰੀ ਨਾਲ ਸਲਾਹ ਕਰਨ ਤੋਂ ਬਾਅਦ ਹੀ ਪਾਊਡਰ ਜਾਂ ਮਲਮ ਲਗਾਓ।
ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਦੇਖਭਾਲ ਅਤੇ ਰਾਹਤ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਵੱਲੋਂ ਮੈਡੀਕਲ ਟੀਮਾਂ ਭੇਜੀਆਂ ਜਾ ਰਹੀਆਂ ਹਨ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਜੇਕਰ ਕਿਸੇ ਨੂੰ ਦਸਤ ਜਾਂ ਉਲਟੀਆਂ ਦੀ ਸ਼ਿਕਾਇਤ ਆਉਂਦੀ ਹੈ, ਤਾਂ ਉਸਨੂੰ ਤੁਰੰਤ ਓ.ਆਰ.ਐਸ. ਘੋਲ ਪੀਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਨਜ਼ਦੀਕੀ ਸਿਹਤ ਕੈਂਪ ਜਾਂ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ।