ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਨੇ ਸ਼ਿਕਾਇਤ ਅਧਾਰਤ ਬਦਲੀ ਦਾ ਤਿੱਖਾ ਵਿਰੋਧ ਜਤਾਇਆ
ਬਿਨਾਂ ਪੱਖ ਸੁਣਿਆਂ ਪ੍ਰਬੰਧਕੀ ਆਧਾਰ 'ਤੇ ਕੀਤੀਆਂ ਜਾ ਰਹੀਆਂ ਬਦਲੀਆਂ ਕੋਝੀ ਸਿਆਸਤ ਦਾ ਹਿੱਸਾ- ਕਟਾਰੀਆ
ਅਸ਼ੋਕ ਵਰਮਾ
ਬਠਿੰਡਾ, 5 ਜੁਲਾਈ 2025 : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਐਸ.ਏ.ਐਸ. ਨਗਰ ਜ਼ਿਲ੍ਹੇ ਵਿਚ ਪੈਂਦੇ ਸਰਕਾਰੀ ਹਾਈ ਸਕੂਲ, ਸੈਦਪੁਰ ਦੀ ਹੈੱਡਮਿਸਟ੍ਰੈੱਸ ਬਲਵਿੰਦਰ ਕੌਰ ਦੀ ਪ੍ਰਬੰਧਕੀ ਆਧਾਰ 'ਤੇ ਕੀਤੀ ਗਈ ਬਦਲੀ ਦਾ ਗੰਭੀਰ ਨੋਟਿਸ ਲੈਂਦਿਆਂ ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਬਦਲੀ ਦੇ ਹੁਕਮ ਵਾਪਸ ਲੈਣ ਦੀ ਮੰਗ ਕੀਤੀ ਹੈ। ਦਫ਼ਤਰ ਡਾਇਰੈਕਟਰ ਆਫ਼ ਸਕੂਲ ਐਜੂਕੇਸ਼ਨ ਵੱਲੋਂ ਅੱਜ ਜਾਰੀ ਕੀਤੇ ਗਏ ਹੁਕਮਾਂ ਵਿੱਚ ਸ੍ਰੀਮਤੀ ਬਲਵਿੰਦਰ ਕੌਰ, ਹੈੱਡਮਿਸਟ੍ਰੈਸ, ਸਰਕਾਰੀ ਹਾਈ ਸਕੂਲ ਸੈਦਪੁਰ, ਜ਼ਿਲ੍ਹਾ ਮੋਹਾਲੀ ਦੀ ਪ੍ਰਬੰਧਕੀ ਆਧਾਰ 'ਤੇ ਬਦਲੀ ਸਰਕਾਰੀ ਹਾਈ ਸਕੂਲ ਕੁੱਕੜ, ਜ਼ਿਲ੍ਹਾ ਜਲੰਧਰ ਵਿਖੇ ਕਰ ਦਿੱਤੀ ਗਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਕਟਾਰੀਆ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਭੁੱਲਰ ਨੇ ਕਿਹਾ ਹੈ ਕਿ ਬਿਨਾਂ ਨੋਟਿਸ ਅਤੇ ਬਿਨਾਂ ਜਾਂਚ ਕੀਤੇ ਹੀ ਇਕ ਸ਼ਿਕਾਇਤ ਅਧਾਰਤ ਪ੍ਰਬੰਧਕੀ ਅਧਾਰ ਤੇ ਬਦਲੀ ਕੀਤੇ ਜਾਣ ਨਾਲ਼ ਸਮੁੱਚੇ ਹੈੱਡ ਮਮਾਸਟਰ ਕਾਡਰ ਵਿੱਚ ਰੋਸ ਦੀ ਲਹਿਰ ਹੈ।
ਉਹਨਾਂ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵਲੋਂ ਪਾਏ ਗਏ ਮਤੇ ਵਿਚ ਲਗਾਏ ਗਏ ਦੋਸ਼ਾਂ ਦੀ ਜਾਂਚ ਕਰਨ ਹਿੱਤ ਵਿਭਾਗੀ ਕਮੇਟੀ ਬਣਾ ਕੇ ਜਾਂਚ ਕੀਤੀ ਜਾਣੀ ਬਣਦੀ ਹੈ ਅਤੇ ਇਸ ਜਾਂਚ ਵਿੱਚ ਦੋਵੇਂ ਪੱਖਾਂ ਨੂੰ ਸੁਣਨਾ ਬਣਦਾ ਹੈ। ਜੇਕਰ ਦੋਸ਼ ਸਿੱਧ ਹੁੰਦੇ ਹਨ ਤਾਂ ਹੀ ਜਾਂਚ ਤੋਂ ਪ੍ਰਬੰਧਕੀ ਆਧਾਰ ਤੇ ਬਦਲੀ ਹੋਣੀ ਚਾਹੀਦੀ ਹੈ। ਹੈੱਡਮਾਸਟਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਅਤੇ ਪ੍ਰੈੱਸ ਸਕੱਤਰ ਗੁਰਦਾਸ ਸਿੰਘ ਸੇਖੋਂ ਨੇ ਸਾਂਝੇ ਤੌਰ 'ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਬਿਨਾਂ ਜਾਂਚ ਤੋਂ ਅਕਸਰ ਹੈੱਡਮਾਸਟਰਾਂ ਦੀਆਂ ਪ੍ਰਬੰਧਕੀ ਆਧਾਰ 'ਤੇ ਕੀਤੀਆਂ ਜਾਂਦੀਆਂ ਬਦਲੀਆਂ ਪੀ. ਈ. ਐੱਸ. ਅਧਿਕਾਰੀਆਂ ਦਾ ਅਪਮਾਨ ਹੈ ਅਤੇ ਇਹ ਕੋਝੀ ਰਾਜਨੀਤੀ ਤੋਂ ਪ੍ਰੇਰਿਤ ਬੇਲੋੜੀ ਗਤੀਵਿਧੀ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਵਿਭਾਗ ਨੂੰ ਇਸ ਫ਼ੈਸਲੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਬਦਲੀ ਦੇ ਆਦੇਸ਼ ਰੱਦ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਸਮੁੱਚੇ ਘਟਨਾਕ੍ਰਮ ਦੀ ਜਾਂਚ ਸਮਰੱਥ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਜੇਕਰ ਇਸ ਤਰ੍ਹਾਂ ਪੰਚਾਇਤ ਜਾਂ ਪਿੰਡ ਵਾਸੀਆਂ ਦੀਆਂ ਨਿੱਕੀਆਂ ਸ਼ਿਕਾਇਤਾਂ 'ਤੇ ਕਾਰਵਾਈ ਕਰਦਿਆਂ ਦੂਜੇ ਪੱਖ ਨੂੰ ਸੁਣਿਆ ਹੀ ਨਾ ਜਾਵੇ ਅਤੇ ਸਿੱਧੇ ਦੋਸ਼ੀ ਕਰਾਰ ਦਿੰਦਿਆਂ ਪ੍ਰਬੰਧਕੀ ਆਧਾਰ 'ਤੇ ਬਦਲੀ ਕਰ ਦਿੱਤੀ ਜਾਵੇ। ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਸੁਧਾਰਾ ਅਤੇ ਸਹਿ-ਪ੍ਰੈੱਸ ਸਕੱਤਰ ਮੁਹੰਮਦ ਅਸਲਮ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਾਰੇ ਹੈੱਡਮਾਸਟਰ ਆਪਣੀ ਜ਼ਿੰਮੇਦਾਰੀ ਨਾਲ਼ ਕੰਮ ਕਰ ਰਹੇ ਹਨ ਅਤੇ ਸਰਕਾਰ ਦੇ ਸਿੱਖਿਆ ਵਿਭਾਗ ਨੂੰ ਬੁਲੰਦੀਆਂ ਉੱਤੇ ਲਿਜਾਣ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਹੈੱਡਮਾਸਟਰਾਂ ਨਾਲ਼ ਅਜਿਹੀ ਸਿੱਧੀ ਧੱਕੇਸ਼ਾਹੀ ਉਹਨਾਂ ਦਾ ਕੰਮ ਕਰਨ ਦਾ ਜੋਸ਼ ਖ਼ਤਮ ਕਰੇਗੀ। ਸਿੱਖਿਆ ਵਿਭਾਗ ਨੂੰ ਬਦਲੀ ਦੇ ਆਰਡਰ ਕੈਂਸਲ ਕਰਕੇ ਵਿਭਾਗੀ ਇਨਕੁਆਇਰੀ ਕਰਵਾਉਣੀ ਚਾਹੀਦੀ ਹੈ।