ਸੈਲਰ ਅੰਦਰ ਕਣਕ ਸਟੋਰ ਕਰਨਾ ਸਰਾਸਰ ਗਲਤ: ਨਹੀਂ ਕਰਨ ਦਿੱਤੀ ਜਾਵੇਗੀ ਕਾਲਾ ਬਜਾਰੀ:- ਗੋਪੀ ਸ਼ਰਮਾ
ਦੀਪਕ ਜੈਨ
ਜਗਰਾਉਂ, 3 ਮਈ 2025 - ਰਸੂਲਪੁਰ ਦੇ ਇੱਕ ਸੈਲਰ ਅੰਦਰ ਕੀਤੀ ਗਈ ਵੱਡੀ ਗਿਣਤੀ ਵਿੱਚ ਕਣਕ ਦੀ ਜਖੀਰੇਬਾਜ਼ੀ ਉੱਪਰ ਜਿੱਥੇ ਸਖਤੀ ਕਰਦਿਆਂ ਹੋਇਆਂ ਪੰਜਾਬ ਸਰਕਾਰ ਐਕਸ਼ਨ ਵਿੱਚ ਆ ਗਈ ਹੈ। ਉਥੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਇਸ ਦਾ ਨੋਟਿਸ ਲੈਂਦਿਆਂ ਹੋਇਆਂ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਹਨ। ਬੀਤੇ ਦਿਨੀ ਉਪ ਮੰਡਲ ਜਗਰਾਉਂ ਦੇ ਐਸਡੀਐਮ ਕਰਨ ਦੀਪ ਸਿੰਘ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਫੂਡ ਸਪਲਾਈ ਵਿਭਾਗ ਨੂੰ ਇਸ ਦੀ ਰਿਪੋਰਟ ਕਰਨ ਲਈ ਹੁਕਮ ਜਾਰੀ ਕੀਤੇ ਸਨ ਅਤੇ ਬਣਦੇ ਨਿਯਮਾਂ ਮੁਤਾਬਕ ਕਾਰਵਾਈ ਕਰਨ ਲਈ ਵੀ ਲਿਖਿਆ ਗਿਆ ਸੀ।
ਇਸ ਮਸਲੇ ਉੱਪਰ ਬੋਲਦਿਆਂ ਹੋਇਆ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਗੋਪੀ ਸ਼ਰਮਾ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਕਣਕ ਨੂੰ ਸੈਲਰ ਅੰਦਰ ਸਟੋਰ ਕਰਨਾ ਅਤੇ ਉਹ ਵੀ ਉਸ ਸਮੇਂ ਜਦੋਂ ਭਾਰਤ ਅਤੇ ਪਾਕਿਸਤਾਨ ਵਿੱਚ ਮਾਹੌਲ ਪੂਰੀ ਤਰ੍ਹਾਂ ਤਲਖੀ ਵਾਲਾ ਬਣਿਆ ਹੋਇਆ ਹੈ ਅਤੇ ਕਿਸੇ ਸਮੇਂ ਵੀ ਜੰਗ ਦਾ ਐਲਾਨ ਹੋ ਸਕਦਾ ਹੈ। ਇਹ ਸਿੱਧੇ ਤੌਰ ਤੇ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਕਣਕ ਦੀ ਜਖੀਰੇਬਾਜ਼ੀ ਅਤੇ ਜੰਗ ਮਗਰੋਂ ਮਨ ਮਰਜ਼ੀ ਨਾਲ ਕਣਕ ਦੇ ਰੇਟ ਵਧਾ ਕੇ ਵੇਚਣ ਦੀ ਸਾਜਿਸ਼ ਹੈ। ਜੋ ਕਿ ਸਰਾਸਰ ਗਲਤ ਹੈ ਅਤੇ ਇਹ ਭਾਰਤ ਪਾਕ ਦੇ ਬਣੇ ਮਾਹੌਲ ਦਾ ਨਜਾਇਜ਼ ਫਾਇਦਾ ਉਠਾਉਣ ਦੀ ਸਾਜਿਸ਼ ਹੈ।
ਉਹਨਾਂ ਕਿਹਾ ਕਿ ਅਜਿਹੇ ਘਟੀਆ ਸੋਚ ਵਾਲੇ ਵਪਾਰੀਆਂ ਉੱਪਰ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਕਾਨੂੰਨੀ ਕਾਰਵਾਈ ਕਰੇਗੀ ਉਥੇ ਅਜਹੇ ਵਪਾਰੀਆਂ, ਸੈਲਰ ਮਾਲਕਾਂ ਅਤੇ ਆੜਤੀਆਂ ਦੀਆਂ ਕਾਲਾਂ ਬਾਜਾਰੀ ਨਾਲ ਬਣਾਈਆਂ ਗਈਆਂ ਜਾਇਦਾਦਾਂ ਵੀ ਜਗ ਜਾਹਰ ਕੀਤੀਆਂ ਜਾਣਗੀਆਂ। ਗੋਪੀ ਸ਼ਰਮਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਨਜ਼ਰ ਵਿੱਚ ਜੇਕਰ ਕੋਈ ਅਜਿਹੀ ਕਾਲਾ ਬਾਜਾਰੀ ਵਾਲਾ ਗੋਰਖ ਧੰਦਾ ਨਜ਼ਰ ਆਉਂਦਾ ਹੈ ਤਾਂ ਉਹ ਨਿਧੜਕ ਹੋ ਕੇ ਇਸ ਦੀ ਸ਼ਿਕਾਇਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਰਨ ਤਾਂ ਕਿ ਅਜਿਹੀਆਂ ਕਾਲੀਆਂ ਭੇਡਾਂ ਉੱਪਰ ਨਕੇਲ ਕਸੀ ਜਾ ਸਕੇ।