ਸਿੱਖਿਆ ਨੀਤੀ 2020 ਦੇ ਸਿੱਖਿਆ ਵਿਰੋਧੀ ਕਿਰਦਾਰ ਨੂੰ ਉਜਾਗਰ ਕਰਨ ਲਈ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਰਾਮਪੁਰਾ ਫੂਲ, 18 ਅਕਤੂਬਰ 2026ਸ਼ਹੀਦ ਬੇਰੁਜ਼ਗਾਰ ਅਧਿਆਪਕ ਯਾਦਗਾਰ ਟਰੱਸਟ ਵੱਲੋਂ ਸ਼ਹੀਦ ਬੇਰੁਜ਼ਗਾਰ ਅਧਿਆਪਕਾਂ ਦੀ ਯਾਦ ਵਿੱਚ ਰਾਮਪੁਰਾ ਫੂਲ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਨਵੀਂ ਸਿੱਖਿਆ ਨੀਤੀ 2020 ਦੇ ਸਿੱਖਿਆ ਵਿਰੋਧੀ ਕਿਰਦਾਰ ਨੂੰ ਉਜਾਗਰ ਕਰਨਾ ਅਤੇ ਇਸ ਦੇ ਵੱਖ-ਵੱਖ ਪਹਿਲੂਆਂ ਉੱਤੇ ਵਿਚਾਰ-ਚਰਚਾ ਕਰਨਾ ਸੀ।
ਟਰੱਸਟ ਦੇ ਪ੍ਰਧਾਨ ਕ੍ਰਿਸ਼ਨ ਮੰਨਣ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਸੈਮੀਨਾਰ ਵਿੱਚ ਡਾ. ਕੁਲਦੀਪ ਪੁਰੀ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨ ਲਈ ਸੱਦਾ ਦਿੱਤਾ ਗਿਆ ਸੀ। ਡਾ. ਕੁਲਦੀਪ ਪੁਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਨੀਤੀ 2020 ਨੂੰ ਬਿਨਾਂ ਕਿਸੇ ਵਿਆਪਕ ਵਿਚਾਰ-ਚਰਚਾ ਦੇ ਲਾਗੂ ਕਰ ਦਿੱਤਾ ਗਿਆ, ਜਦਕਿ ਇਸ ਤੋਂ ਪਹਿਲਾਂ ਬਣੀਆਂ ਸਿੱਖਿਆ ਨੀਤੀਆਂ ਉੱਤੇ ਲੰਬੀਆਂ ਵਿਚਾਰ-ਚਰਚਾਵਾਂ ਤੋਂ ਬਾਅਦ ਫ਼ੈਸਲੇ ਲਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨੀਤੀ ਸਿੱਖਿਆ ਦੇ ਵਪਾਰੀਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ ਅਤੇ ਸਿੱਖਿਆ ਪ੍ਰਣਾਲੀ ਦੇ ਕੇਂਦਰੀਕਰਨ ਨੂੰ ਵਧਾਉਂਦੀ ਹੈ। ਉਨ੍ਹਾਂ ਅਨੁਸਾਰ, ਨੀਤੀ ਵਿੱਚ ਧਰਮ ਨਿਰਪੱਖਤਾ ਦੇ ਸਿਧਾਂਤਾਂ ਨੂੰ ਬਣਦਾ ਮਹੱਤਵ ਨਹੀਂ ਦਿੱਤਾ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਯਸ਼ਪਾਲ ਨੇ ਕਿਹਾ ਕਿ ਸਿੱਖਿਆ ਨੀਤੀ ਵਿੱਚ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਦੀਆਂ ਗੱਲਾਂ ਮਹਿਜ਼ ਹਾਥੀ ਦੇ ਦਿਖਾਉਣ ਵਾਲੇ ਦੰਦਾਂ ਵਾਂਗ ਹਨ। ਅਮਲ ਵਿੱਚ ਇਸ ਦੇ ਉਲਟ ਵਿਗਿਆਨਕ ਨਜ਼ਰੀਏ ਨੂੰ ਕਮਜ਼ੋਰ ਕਰਨ ਵਾਲੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਵਿਕਾਸ ਬਾਰੇ ਡਾਰਵਿਨ ਦੀ ਵਿਕਾਸਵਾਦੀ ਥਿਊਰੀ ਵਰਗੇ ਵਿਗਿਆਨਕ ਸਿਧਾਂਤਾਂ ਨੂੰ ਪਾਠਕ੍ਰਮਾਂ ਵਿੱਚੋਂ ਬਾਹਰ ਕਰਨਾ ਵਿਦਿਆਰਥੀਆਂ ਵਿੱਚ ਤਰਕਸ਼ੀਲ ਅਤੇ ਵਿਗਿਆਨਕ ਸੋਚ ਵਿਕਸਤ ਕਰਨ ਦੇ ਉਦੇਸ਼ ਦੇ ਉਲਟ ਹੈ। ਉਨ੍ਹਾਂ ਸਿੱਖਿਆ ਬਜਟ ਬਾਰੇ ਕਿਹਾ ਕਿ GDP ਦਾ 6 ਫ਼ੀਸਦੀ ਸਿੱਖਿਆ ਉੱਤੇ ਖਰਚ ਕਰਨ ਦੀ ਗੱਲ ਕੀਤੀ ਜਾਂਦੀ ਹੈ, ਪਰ ਅਮਲ ਵਿੱਚ ਇਹ ਖਰਚਾ ਲਗਭਗ 2 ਫ਼ੀਸਦੀ ਹੀ ਰਹਿ ਜਾਂਦਾ ਹੈ। ਇਸ ਨਾਲ ਸਿੱਖਿਆ ਦੇ ਪਸਾਰ ਅਤੇ ਗੁਣਵੱਤਾ ਉੱਤੇ ਮਾੜਾ ਅਸਰ ਪੈਂਦਾ ਹੈ।
ਡਾ. ਕੁਲਦੀਪ ਪੁਰੀ ਨੇ ਵਿਸ਼ਵ ਪੱਧਰ ’ਤੇ ਸਿੱਖਿਆ ਦੇ ਵਪਾਰੀਕਰਨ ਅਤੇ ਨਿੱਜੀਕਰਨ ਵਿਰੁੱਧ ਚੱਲ ਰਹੇ ਸੰਘਰਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਫਰਾਂਸ ਵਰਗੇ ਦੇਸ਼ਾਂ ਵਿੱਚ ਲੋਕ ਇਨ੍ਹਾਂ ਨੀਤੀਆਂ ਵਿਰੁੱਧ ਜ਼ੋਰਦਾਰ ਸੰਘਰਸ਼ ਕਰ ਰਹੇ ਹਨ, ਜਦਕਿ ਭਾਰਤ ਵਿੱਚ ਇਸ ਦਿਸ਼ਾ ਵਿੱਚ ਹੋਰ ਵਿਆਪਕ ਜਨਤਕ ਲਾਮਬੰਦੀ ਦੀ ਲੋੜ ਹੈ।ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਸਿੱਖਿਆ ਨੂੰ ਮੁਨਾਫ਼ੇ ਦਾ ਸਾਧਨ ਬਣਾਉਣ ਦੀ ਬਜਾਏ ਹਰ ਵਿਦਿਆਰਥੀ ਤੱਕ ਬਰਾਬਰ ਮੌਕੇ ਪਹੁੰਚਾਉਣੇ ਚਾਹੀਦੇ ਹਨ। ਸਿੱਖਿਆ ਨੂੰ ਲੋਕ-ਪੱਖੀ, ਧਰਮ ਨਿਰਪੱਖ ਅਤੇ ਵਿਗਿਆਨਕ ਸੋਚ ’ਤੇ ਆਧਾਰਿਤ ਬਣਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਸਿੱਖਿਆ ਦੇ ਬੁਨਿਆਦੀ ਹੱਕਾਂ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ।
- Download Babushahi App
-
-