ਸਿਵਲ ਸਰਜਨ ਬਠਿੰਡਾ ਨੇ ਛੋਟੀ ਉਮਰੇ ਤੰਬਾਕੂ ਦੀ ਵਰਤੋਂ ਨਾਲ ਬੱਚੇ ਨੂੰ ਕੈਂਸਰ ਹੋਣ ਪ੍ਰਤੀ ਚਿੰਤਾ ਜਤਾਈ
-
ਬਠਿੰਡਾ ਦੇ ਐਨ.ਸੀ.ਡੀ ਕਲੀਨਿਕ ਵਿੱਚ ਇਲਾਜ ਕਰਵਾ ਰਿਹਾ ਹੈ 36 ਸਾਲਾ ਰਿੰਕੂ
ਤੰਬਾਕੂ ਕੈਸਰ ਹੀ ਨਹੀਂ ਬਲਕਿ ਹੋਰ ਕਈ ਬਿਮਾਰੀਆਂ ਨੂੰ ਵੀ ਦਿੰਦਾ ਹੈ ਸੱਦਾ : ਸਿਵਲ ਸਰਜਨ
ਬਠਿੰਡਾ, 13 ਨਵੰਬਰ 2026 :ਬੀੜੀ ਦੀ ਚੰਗਿਆੜੀ ਤੋਂ ਨਿਕਲੇ ਕੈਂਸਰ ਦੇ ਭਾਂਬੜ ਨੇ ਰਿੰਕੂ ਦੀ ਜਵਾਨੀ ਹੀ ਰੋਲ ਦਿੱਤੀ । ਇਹ ਕਹਾਣੀ ਹੈ ਸਿਰਸਾ ਦੇ 36 ਸਾਲਾ ਨੌਜਵਾਨ ਦੀ ਜੋ ਛੋਟੀ ਉਮਰੇ ਤੰਬਾਕੂ ਦੀ ਲੱਤ ਦਾ ਸ਼ਿਕਾਰ ਹੋ ਗਿਆ ਸੀ ਅਤੇ ਹੁਣ ਸਿਵਲ ਹਸਪਤਾਲ ਦੇ ਐਨ.ਸੀ.ਡੀ ਵਿੰਗ ਵਿੱਚ ਗਲੇ ਦੇ ਕੈਂਸਰ ਦਾ ਇਲਾਜ ਕਰਵਾ ਰਿਹਾ ਹੈ । ਰਿੰਕੂ ਦਾ ਇਲਾਜ ਕਰ ਰਹੀ ਕੈਂਸਰ ਰੋਗ ਦੀ ਮਾਹਿਰ ਡਾ ਵੰਦਨਾ ਮਿੱਡਾ ਨੇ ਦੱਸਿਆ ਕਿ ਐਨ.ਸੀ.ਡੀ ਵਿੰਗ ਵਿੱਚ ਤੰਬਾਕੂ ਦੇ ਸੇਵਨ ਨਾਲ ਹੋਏ ਕੈਂਸਰ ਦਾ ਇਹ ਪਹਿਲਾ ਮਾਮਲਾ ਨਹੀ ਸਗੋਂ ਪਹਿਲਾਂ ਵੀ ਕਈ ਮਰੀਜ ਆਪਣੇ ਇਲਾਜ ਲਈ ਇੱਥੇ ਆ ਚੁੱਕੇ ਹਨ ।
ਤੰਬਾਕੂ ਮਨੁੱਖੀ ਸਰੀਰ ਲਈ ਇਸ ਹੱਦ ਤੱਕ ਘਾਤਕ ਹੈ ਕਿ ਦਿਨ ਦੇ ਵਿੱਚ 50 ਤੋਂ 60 ਵਾਰ ਤੰਬਾਕੂ ਦਾ ਸੇਵਨ ਕਰਨ ਵਾਲਾ ਰਿੰਕੂ ਅੱਜ ਆਪਣੀ ਜਿੰਦਗੀ ਦੀ ਲੜਾਈ ਲੜ ਰਿਹਾ ਹੈ । ਕੈਂਸਰ ਪੀੜਿਤ ਰਿੰਕੂ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ 15 ਸਾਲ ਦੀ ਉਮਰ ਵਿੱਚ ਉਸਨੇ ਬੀੜੀ ਦਾ ਸੇਵਨ ਕੀਤਾ ਸੀ । ਹੌਲੀ-ਹੌਲੀ ਇਹ ਸੁਆਦ ਆਦਤ ਵਿੱਚ ਬਦਲ ਗਿਆ ਅਤੇ ਕਦੋਂ ਉਹ ਕੈਂਸਰ ਦੇ ਲਪੇਟ ਵਿਚ ਆ ਗਿਆ ਉਸਨੂੰ ਪਤਾ ਹੀ ਨਹੀ ਲੱਗਿਆ ।
ਤੰਬਾਕੂ ਦਾ ਸੇਵਨ ਸਿਰਫ ਕੈਸਰ ਹੀ ਨਹੀਂ ਬਲਕਿ ਹੋਰ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਇਹ ਕਹਿਣਾ ਹੈ ਬਠਿੰਡਾ ਦੇ ਸਿਵਲ ਸਰਜਨ ਡਾ ਤਪਿੰਦਰਜੋਤ ਦਾ । ਉਹਨਾਂ ਕਿਹਾ ਕਿ ਨੌਜਵਾਨਾਂ ਵਿੱਚ ਬੀੜੀ ਅਤੇ ਸਿਗਰਟ ਦੀ ਆਦਤ ਚਿੰਤਾ ਦਾ ਵਿਸ਼ਾ ਹੈ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀਆਂ ਆਦਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੰਬਾਕੂ ਦਾ ਕਿਸੇ ਵੀ ਰੂਪ ਵਿੱਚ ਸੇਵਨ ਨਾ ਕਰਨ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ।
ਜਿਲ੍ਹਾ ਸਿਹਤ ਅਫਸਰ ਕਮ ਕੋਟਪਾ ਨੋਡਲ ਅਫ਼ਸਰ ਡਾ ਊਸ਼ਾ ਗੋਇਲ ਨੇ ਦੱਸਿਆ ਕਿ ਤੰਬਾਕੂ ਦੀ ਆਦਤ ਸ਼ੌਕ ਤੋਂ ਸ਼ੁਰੂ ਹੋ ਕੇ ਇਨਸਾਨ ਨੂੰ ਮੌਤ ਦੇ ਮੂੰਹ ਵੱਲ ਧਕੇਲ ਦਿੰਦੀ ਹੈ । ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਦੀ ਮਨਾਹੀ, ਨਾਬਾਲਗਾਂ ਨੂੰ ਤੰਬਾਕੂ ਉਤਪਾਦ ਵੇਚਣ 'ਤੇ ਪਾਬੰਦੀ ਅਤੇ ਵਿਦਿਅਕ ਸੰਸਥਾਵਾਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਨਾ ਹੋਣ ਦੇਣ ਸਬੰਧੀ ਸਿਹਤ ਵਿਭਾਗ ਦੇ ਕਰਮਚਾਰੀਆ ਵੱਲੋਂ ਸਮੇਂ ਸਮੇਂ ਤੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ।
ਸਿਹਤ ਵਿਭਾਗ ਵੱਲੋਂ 01 ਨਵੰਬਰ ਤੋਂ 31 ਦਸੰਬਰ ਤੱਕ ਚਲਾਈ ਜਾ ਰਹੀ ਤੰਬਾਕੂ ਮੁਕਤ ਯੁਵਾ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ ਅਤੇ ਗਗਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਜਿਲ੍ਹਾ ਬਠਿੰਡਾ ਦੇ ਹਰ ਬਲਾਕ ਅਤੇ ਹਰ ਪਿੰਡ ਵਿਚ ਸਿਹਤ ਕਰਮੀ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰ ਰਹੇ ਹਨ। ਉਹਨਾਂ ਕਿਹਾ ਕਿ ਤੰਬਾਕੂ ਉਤਪਾਦਾਂ ਦੀ ਵਿਕਰੀ ਸਬੰਧੀ ਕਾਨੂੰਨੀ ਨਿਯਮਾਂ ਬਾਰੇ ਜਾਣੂ ਕਰਵਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਸਮੇਂ ਸਮੇਂ ਤੇ ਚਲਾਨ ਵੀ ਕੀਤੇ ਜਾਂਦੇ ਹਨ । ਇਸ ਮੌਕੇ ਕੈਂਸਰ ਰੋਗ ਦੇ ਮਾਹਿਰ ਡਾ ਪੁਨੀਤ ਸਲੂਜਾ ਅਤੇ ਸੁਖਵਿੰਦਰ ਸਿੰਘ ਹਾਜਰ ਸਨ ।
- Download Babushahi App
-
-