ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਵਿੱਚ ਬਿਜਲੀ ਸਪਲਾਈ ਸੁਧਾਰ ਯੋਜਨਾ ਦੀ ਸ਼ੁਰੂਆਤ ਕੀਤੀ
ਯੋਜਨਾ ਦੇ ਤਹਿਤ 14 ਨਵੇਂ ਗਰਿੱਡ ਸਬ-ਸਟੇਸ਼ਨਾਂ ਦੀ ਸਥਾਪਨਾ ਅਤੇ ਬੁਨਿਆਦੀ ਢਾਂਚੇ ਦਾ ਸੰਪੂਰਨ ਆਧੁਨਿਕੀਕਰਨ ਹੋਵੇਗਾ
ਪੰਜਾਬ ਸਰਕਾਰ ਵੱਲੋਂ ਬੇਹਤਰ ਬਿਜਲੀ ਸਪਲਾਈ ਤੇ ਤਾਲਮੇਲ ਲਈ ਮੋਹਾਲੀ ਵਿਖੇ ਪਾਵਰਕਾਮ ਦਾ ਨਵਾਂ ਈਸਟ ਜ਼ੋਨ ਸਥਾਪਿਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਕਤੂਬਰ:
ਪੰਜਾਬ ਭਰ ਵਿੱਚ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਬਿਜਲੀ ਸਪਲਾਈ ਰੁਕਾਵਟਾਂ ਨੂੰ ਘੱਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਆਰੰਭ 5000 ਕਰੋੜ ਰੁਪਏ ਦੇ ਮੁੱਖ ਰਾਜ ਪੱਧਰੀ ਸੁਧਾਰ ਦੇ ਹਿੱਸੇ ਵਜੋਂ, ਵਿਧਾਇਕ ਸ. ਕੁਲਵੰਤ ਸਿੰਘ ਨੇ ਅੱਜ ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਲਈ 728 ਕਰੋੜ ਰੁਪਏ ਦੀ ਬਿਜਲੀ ਆਊਟੇਜ ਰਿਡਕਸ਼ਨ (ਵਿਆਪਕ ਬਿਜਲੀ ਸਪਲਾਈ ਸੁਧਾਰ) ਯੋਜਨਾ ਦੀ ਸ਼ੁਰੂਆਤ ਕੀਤੀ। ਇਹ ਸਮਾਗਮ 66 ਕੇ ਵੀ ਗਰਿੱਡ ਸਬ-ਸਟੇਸ਼ਨ, ਆਈ.ਟੀ. ਸਿਟੀ, ਮੋਹਾਲੀ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ ਇੱਕ ਵਧੀਕ 31.5 ਐਮ.ਵੀ.ਏ. ਪਾਵਰ ਟ੍ਰਾਂਸਫਾਰਮਰ ਦਾ ਵੀ ਉਦਘਾਟਨ ਕੀਤਾ ਗਿਆ ਸੀ, ਜੋ ਪ੍ਰੋਜੈਕਟ ਦੇ ਤਹਿਤ ਲਾਇਆ ਗਿਆ ਸੀ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਵਿੱਚ 728 ਕਰੋੜ ਰੁਪਏ ਦਾ ਨਿਵੇਸ਼ ਬਿਜਲੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਵੱਡੀ ਪੁਲਾਂਘ ਹੈ, ਜੋ ਨਿਰਵਿਘਨ ਬਿਜਲੀ ਸਪਲਾਈ, ਬਿਹਤਰ ਵੋਲਟੇਜ ਸਥਿਰਤਾ ਅਤੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਏਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕੰਮਾਂ ਵਿੱਚ 172.2 ਕਰੋੜ ਰੁਪਏ ਦੇ ਫੀਡਰ ਡੀਲੋਡਿੰਗ ਪ੍ਰੋਜੈਕਟ, 35.5 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਦੀ ਸਥਾਪਨਾ, 32.6 ਕਰੋੜ ਰੁਪਏ ਦੇ ਮੌਜੂਦਾ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਦਾ ਵਾਧਾ, 354.2 ਕਰੋੜ ਰੁਪਏ ਦੇ ਨਵੇਂ 66 ਕੇ ਵੀ ਅਤੇ 220 ਕੇਵੀ ਸਬਸਟੇਸ਼ਨਾਂ ਦੀ ਸਥਾਪਨਾ, 62.9 ਕਰੋੜ ਰੁਪਏ ਦੀ ਲਾਗਤ ਵਾਲੇ ਪਾਵਰ ਟ੍ਰਾਂਸਫਾਰਮਰਾਂ ਦਾ ਵਾਧਾ ਅਤੇ 70.6 ਕਰੋੜ ਰੁਪਏ ਦੇ 66 ਕੇਵੀ ਲਾਈਨ ਮਜ਼ਬੂਤੀ ਦੇ ਕੰਮ ਸ਼ਾਮਲ ਹਨ।
ਇਸ ਪਹਿਲਕਦਮੀ ਦੇ ਤਹਿਤ, ਕਈ ਨਵੇਂ 11 ਕੇਵੀ ਫੀਡਰ - ਜੁਬਲੀ ਸੀ ਐਲ ਆਈ ਓ, ਐਸ ਟੀ ਪੀ ਆਈ, ਟੀਡੀਆਈ-2, ਸਿਵਲ ਹਸਪਤਾਲ, ਪਾਰਸਵਨਾਥ, ਯੂਨੀਵਰਸਿਟੀ, ਪੰਜਾਬ ਅਫਸਰਜ਼ ਸੋਸਾਇਟੀ, ਸੀਪੀਐਮ, ਐਰੋਵਿਸਟਾ, ਕੋਸਮੋ, ਅੰਬਾਲਾ ਰੋਡ, ਵਸੰਤ ਵਿਹਾਰ, ਬਾਉਲੀ ਸਾਹਿਬ, ਜੀ ਬੀ ਐਮ, ਗ੍ਰੀਨ ਵੈਲੀ, ਸੈਕਟਰ 105, ਸੈਕਟਰ 108, ਸੈਕਟਰ 109, ਬਲਾਕ ਈ ਐਂਡ ਜੀ ਐਰੋਸਿਟੀ, ਅਤੇ ਮਾਰਬੇਲਾ - ਨੂੰ ਚਾਲੂ ਕੀਤਾ ਗਿਆ ਹੈ। ਇਨ੍ਹਾਂ ਨੇ ਮੌਜੂਦਾ ਫੀਡਰਾਂ ਨੂੰ ਡੀਲੋਡ ਕਰਨ ਵਿੱਚ ਮਦਦ ਕੀਤੀ ਹੈ, ਜਿਸਦੇ ਨਤੀਜੇ ਵਜੋਂ ਸਪਲਾਈ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। ਇਸ ਤੋਂ ਇਲਾਵਾ, ਕਈ ਨਵੇਂ ਪ੍ਰੋਜੈਕਟ ਅਤੇ ਰਿਹਾਇਸ਼ੀ ਕਲੋਨੀਆਂ ਨੂੰ ਪਾਵਰ ਨੈੱਟਵਰਕ ਨਾਲ ਜੋੜਿਆ ਗਿਆ ਹੈ।
ਜ਼ਿਲ੍ਹੇ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਦੇ ਹਿੱਸੇ ਵਜੋਂ, 14 ਨਵੇਂ ਗਰਿੱਡ ਸਬ-ਸਟੇਸ਼ਨ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ 66 ਕੇਵੀ ਸੈਕਟਰ 62, 66 ਕੇਵੀ ਸੈਕਟਰ 110, 66 ਕੇਵੀ ਸੈਕਟਰ 119, 66 ਕੇਵੀ ਸੈਕਟਰ 82, 66 ਕੇਵੀ ਐਰੋਸਿਟੀ-2, 66 ਕੇਵੀ ਮੈਡੀਸਿਟੀ, 220 ਕੇਵੀ ਸੈਕਟਰ 101, 66 ਕੇਵੀ ਸੈਕਟਰ 101, 220 ਕੇਵੀ ਮੁਬਾਰਿਕਪੁਰ, 66 ਕੇਵੀ ਈਕੋ ਸਿਟੀ-1, 66 ਕੇਵੀ ਸੈਕਟਰ 123, 66 ਕੇਵੀ ਭਗਵਾਨਪੁਰ, 66 ਕੇਵੀ ਫੋਕਲ ਪੁਆਇੰਟ ਮੁਬਾਰਿਕਪੁਰ, ਅਤੇ 66 ਕੇਵੀ ਬਾਂਸੇਪੁਰ ਸ਼ਾਮਲ ਹਨ।
ਇਹ ਨਵੇਂ ਆਉਣ ਵਾਲੇ ਗਰਿੱਡ ਐਸ ਏ ਐਸ ਨਗਰ ਵਿੱਚ ਟਰਾਂਸਮਿਸ਼ਨ ਅਤੇ ਸਪਲਾਈ ਵੰਡ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨਗੇ, ਜਿਸ ਨਾਲ ਸ਼ਹਿਰੀ ਅਤੇ ਆਲੇ ਦੁਆਲੇ, ਦੋਵਾਂ ਖੇਤਰਾਂ ਵਿੱਚ ਭਰੋਸੇਯੋਗਤਾ, ਘਟੇ ਹੋਏ ਆਊਟੇਜ ਅਤੇ ਸਥਿਰ ਵੋਲਟੇਜ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਵਿਧਾਇਕ ਕੁਲਵੰਤ ਸਿੰਘ ਮੋਹਾਲੀ ਤੋਂ ਹੀ, ਜਲੰਧਰ ਵਿਖੇ ਹੋਏ ਰਾਜ ਪੱਧਰੀ ਪ੍ਰੋਗਰਾਮ ਵਿੱਚ ਲਾਈਵ ਸਟ੍ਰੀਮਿੰਗ ਰਾਹੀਂ ਸ਼ਾਮਲ ਹੋਏ, ਜਿਸਦੀ ਪ੍ਰਧਾਨਗੀ ਮੁੱਖ ਮੰਤਰੀ ਐਸ. ਭਗਵੰਤ ਸਿੰਘ ਮਾਨ ਅਤੇ 'ਆਪ' ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕੀਤੀ, ਜਿਸ ਵਿੱਚ 'ਬਿਜਲੀ ਆਊਟੇਜ ਰਿਡਕਸ਼ਨ ਯੋਜਨਾ' ਦੀ ਰਾਜ ਵਿਆਪੀ ਸ਼ੁਰੂਆਤ ਕੀਤੀ ਗਈ।
ਐਮ ਐਲ ਏ ਕੁਲਵੰਤ ਸਿੰਘ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਨ੍ਹਾਂ ਵਿਆਪਕ ਕੰਮਾਂ ਦੇ ਪੂਰਾ ਹੋਣ ਨਾਲ ਮੋਹਾਲੀ ਦੇ ਬਿਜਲੀ ਵੰਡ ਨੈੱਟਵਰਕ ਦਾ ਵੱਡਾ ਪੱਧਰ ਉੱਚਾ ਹੋਵੇਗਾ, ਜਿਸ ਨਾਲ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਭਰੋਸੇਯੋਗ, ਕੁਸ਼ਲ ਅਤੇ ਉੱਚ-ਗੁਣਵੱਤਾ ਵਾਲੀ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।
ਮੋਹਾਲੀ ਸਰਕਲ ਦੇ ਨਿਗਰਾਨ ਇੰਜੀਨੀਅਰ, ਸ਼੍ਰੀ ਐਚ.ਐਸ. ਓਬਰਾਏ ਨੇ ਦੱਸਿਆ ਕਿ ਮੋਹਾਲੀ ਨੂੰ ਪੀ ਐਸ ਪੀ ਸੀ ਐਲ ਦੇ ਨਵੇਂ ਬਣੇ ਪੂਰਬੀ ਜ਼ੋਨ ਦੇ ਮੁੱਖ ਦਫਤਰ ਵਜੋਂ ਮਨੋਨੀਤ ਕੀਤਾ ਗਿਆ ਹੈ, ਜਿਸ ਵਿੱਚ ਨੰਗਲ ਤੋਂ ਲਾਲੜੂ ਡਿਵੀਜ਼ਨ ਤੱਕ ਦੇ ਕਾਰਜਾਂ ਦੀ ਨਿਗਰਾਨੀ ਲਈ ਇੱਕ ਮੁੱਖ ਇੰਜੀਨੀਅਰ ਤਾਇਨਾਤ ਕੀਤਾ ਗਿਆ ਹੈ, ਜੋ ਕੰਮਾਂ ਦੀ ਬਿਹਤਰ ਨਿਗਰਾਨੀ ਅਤੇ ਸਮੇਂ ਸਿਰ ਲਾਗੂ ਕਰਨ ਨੂੰ ਯਕੀਨੀ ਬਣਾਉਂਦਾ ਹੈ।
ਕਾਰਜਕਾਰੀ ਇੰਜੀਨੀਅਰ, ਆਈ ਟੀ ਸਿਟੀ, ਸ਼੍ਰੀ ਸ਼ਮਿੰਦਰ ਸਿੰਘ; ਕਾਰਜਕਾਰੀ ਇੰਜੀਨੀਅਰ, ਮੋਹਾਲੀ, ਸ਼੍ਰੀ ਤਰਨਜੀਤ ਸਿੰਘ; ਅਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਵੀ ਇਸ ਮੌਕੇ ਮੌਜੂਦ ਸਨ।