ਲੁਧਿਆਣਾ ਪੁਲਿਸ ਵੱਲੋਂ ਤਿੰਨ ਅਗਵਾਕਾਰ ਅਸਲੇ ਤੇ ਇਨੋਵਾ ਗੱਡੀ ਸਮੇਤ ਗਿਰਫਤਾਰ, ਚੌਥਾ ਫਰਾਰ
ਸੁਖਮਿੰਦਰ ਭੰਗੂ
ਲੁਧਿਆਣਾ 13 ਦਸੰਬਰ 2025- ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ IPS ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਮਿਤੀ 11/12/2025 ਨੂੰ ਦੇਰ ਰਾਤ ਥਾਣਾ ਹੈਬੋਵਾਲ ਦੇ ਏਰੀਆ ਵਿੱਚੋਂ ਇੱਕ ਲੜਕੇ ਨੂੰ ਅਗਵਾ ਕਰਕੇ ਆਪਣੇ ਨਾਲ ਲਿਜਾਣ ਸਬੰਧੀ ਵਾਰਦਾਤ ਹੋਣ ਦੀ ਇਤਲਾਹ ਮਿਲੀ ਜਿਸ ਵਿੱਚ ਸਤਵਿੰਦਰ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਰਣਜੋਧ ਪਾਰਕ ਹੈਬੋਵਾਲ ਕਲਾਂ ਨੇ ਦੱਸਿਆ ਕਿ ਮੇਰਾ ਲੜਕਾ ਕਮਲਜੀਤ ਸਿੰਘ ਉਮਰ ਕਰੀਬ 25 ਸਾਲ ਜੋ ਚੰਡੀਗੜ੍ਹ ਵਿਖੇ ਮੋਬਾਇਲਾਂ ਦਾ ਕੰਮ ਕਰਦਾ ਹੈ, ਨੂੰ ਦੇਰ ਰਾਤ ਉਸਦੇ ਘਰ ਤੋਂ ਚਾਰ ਲੜਕੇ ਪਿਸਟਲ ਦੀ ਨੋਕ 'ਤੇ ਇਨੋਵਾ ਗੱਡੀ ਵਿੱਚ 5 ਲੱਖ ਰੁਪਏ ਦੀ ਫਿਰੌਤੀ ਮੰਗਦੇ ਹੋਏ ਅਗਵਾ ਕਰਕੇ ਲੈ ਗਏ ਹਨ। ਜਿਸ 'ਤੇ ਤੁਰੰਤ ਐਕਸ਼ਨ ਲੈਂਦੇ ਹੋਏ ਕੰਵਲਪ੍ਰੀਤ ਸਿੰਘ ਚਾਹਲ ਏ.ਡੀ.ਸੀ.ਪੀ ਜੋਨ 03 ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਹੈਬੋਵਾਲ ਇੰਸਪੈਕਟਰ ਵਰਿੰਦਰ ਪਾਲ ਸਿੰਘ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੈੱਕ ਕਰਦੇ ਹੋਏ ਅਤੇ ਟੈਕਨੀਕਲ ਮਦਦ ਲੈਂਦੇ ਹੋਏ ਦੋਸ਼ੀਆਂ ਦੀ ਤਲਾਸ਼ ਕਰਨੀ ਸ਼ੁਰੂ ਕੀਤੀ ਗਈ। ਜਿਸਦੀ ਲੜੀ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨਾਲ ਤਾਲਮੇਲ ਕਰਕੇ ਥਾਣਾ ਜੰਡਿਆਲਾ ਗੁਰੂ ਦੇ ਏਰੀਆ ਵਿੱਚੋਂ ਮੁਕੱਦਮਾ ਉਕਤ ਦੇ ਦੋਸ਼ੀਆਂ ਨੂੰ ਸਮੇਤ ਇਨੋਵਾ ਗੱਡੀ, ਪਿਸਟਲ ਅਤੇ ਜਿੰਦਾ ਰੌਂਦ ਦੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਅਗਵਾ ਕੀਤੇ ਲੜਕੇ ਨੂੰ ਬ੍ਰਾਮਦ ਕਰਕੇ ਵਾਰਸਾਂ ਹਵਾਲੇ ਕੀਤਾ ਗਿਆ ਅਤੇ ਜਿਸ 'ਤੇ ਮੁਕੱਦਮਾ 224 ਮਿਤੀ 12/12/2025 ਅ/ਧ 140(2), 332, 308(4), 3(5) ਬੀ .ਐਨ. ਐਸ.25/27/54/59 ਆਰਮਜ਼ ਐਕਟ ਥਾਣਾ ਹੈਬੋਵਾਲ ਕਮਿਸ਼ਨਰੇਟ ਲੁਧਿਆਣਾ ਦਰਜ ਰਜਿਸਟਰ ਹੋਣ 'ਤੇ ਅੰਗਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰ 104 ਅੰਤਰਜਾਮੀ ਕਲੋਨੀ ਸੁਲਤਾਨ ਵਿੰਡ ਰੋਡ ਅੰਮ੍ਰਿਤਸਰ, ਕਰਮਵੀਰ ਸਿੰਘ ਉਰਫ ਕਰਨ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਬੇਜ਼ਮ ਥਾਣਾ ਨਿੰਮ ਗਾਓਂ ਜ਼ਿਲਾ ਲਖੀਮਪੁਰ ਖੀਰੀ ਯੂ.ਪੀ, ਰਾਕੇਸ਼ ਕੁਮਾਰ ਉਰਫ ਕੈਟੀ ਪੁੱਤਰ ਰਾਜ ਕੁਮਾਰ ਵਾਸੀ ਕਟੜਾ ਜੈਮਲ ਸਿੰਘ, ਬਿਜਲੀ ਚੌਂਕ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ। ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀਆਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਰਹਿੰਦੇ ਦੋਸ਼ੀ ਅਕਸ਼ੇ ਕੁਮਾਰ ਵਾਸੀ ਅੰਮ੍ਰਿਤਸਰ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।