ਮੇਅਰ ਪਦਮਜੀਤ ਸਿੰਘ ਮਹਿਤਾ ਦੀ ਪਹਿਲ ਕਦਮੀ ਤੇ ਸ਼ਾਮ ਲਾਲ ਜੈਨ ਚੁਣੇ ਗਏ ਸੀਨੀਅਰ ਡਿਪਟੀ ਮੇਅਰ
ਅਸ਼ੋਕ ਵਰਮਾ
ਬਠਿੰਡਾ, 4 ਨਵੰਬਰ 2025: ਹਰ ਮੋੜ 'ਤੇ ਇਤਿਹਾਸ ਰਚਣ ਵਾਲੇ ਮਹਿਤਾ ਪਿਤਾ-ਪੁੱਤਰ ਦੀ ਜੋੜੀ ਨੇ ਅੱਜ ਇੱਕ ਵਾਰ ਫਿਰ ਇਤਿਹਾਸ ਰਚਿਆ। ਨਗਰ ਨਿਗਮ, ਬਠਿੰਡਾ ਵਿੱਚ ਅੱਜ ਸੀਨੀਅਰ ਡਿਪਟੀ ਮੇਅਰ ਦੀ ਚੋਣ ਦੌਰਾਨ ਮੌਜੂਦ 42 ਕੌਂਸਲਰਾਂ ਵਿੱਚੋਂ, 30 ਕੌਂਸਲਰਾਂ ਨੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੇ ਸਲਾਹਕਾਰ, ਕੌਂਸਲਰ ਸ਼੍ਰੀ ਸ਼ਾਮ ਲਾਲ ਜੈਨ ਨੂੰ ਖੜ੍ਹੇ ਹੋ ਕੇ ਆਪਣਾ ਸਮਰਥਨ ਦਿੱਤਾ।
ਇਹ ਚੋਣ ਏਡੀਸੀ ਮੈਡਮ ਪੂਨਮ ਸਿੰਘ ਦੀ ਨਿਗਰਾਨੀ ਹੇਠ, ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਅਤੇ ਕਮਿਸ਼ਨਰ ਮੈਡਮ ਕੰਚਨ ਦੀ ਮੌਜੂਦਗੀ ਵਿੱਚ ਕੀਤੀ ਗਈ। ਇਸ ਮੌਕੇ ਨਗਰ ਨਿਗਮ ਦੇ ਐਫ ਐਂਡ ਸੀਸੀ ਮੈਂਬਰ ਕੌਂਸਲਰ ਸ਼੍ਰੀ ਰਤਨ ਰਾਹੀ ਨੇ ਮੇਅਰ ਸ੍ਰੀ ਮਹਿਤਾ ਦੇ ਸਲਾਹਕਾਰ, ਕੌਂਸਲਰ ਸ਼੍ਰੀ ਸ਼ਾਮ ਲਾਲ ਜੈਨ ਦਾ ਨਾਮ ਪ੍ਰਸਤਾਵਿਤ ਕੀਤਾ, ਜਿਸਦੀ ਤਾਈਦ ਐਫ ਐਂਡ ਸੀਸੀ ਮੈਂਬਰ ਕੌਂਸਲਰ ਸ਼੍ਰੀ ਉਮੇਸ਼ ਗਰਗ ਗੋਗੀ ਨੇ ਕੀਤੀ।
ਕਾਂਗਰਸ ਵੱਲੋਂ ਕੌਂਸਲਰ ਮਾਸਟਰ ਹਰਮੰਦਰ ਸਿੰਘ ਨੇ ਕੌਂਸਲਰ ਸ਼੍ਰੀ ਹਰਵਿੰਦਰ ਸਿੰਘ ਲੱਡੂ ਦਾ ਨਾਮ ਪ੍ਰਸਤਾਵਿਤ ਕੀਤਾ, ਜਿਸਦੀ ਤਾਈਦ ਕੌਂਸਲਰ ਸ਼੍ਰੀ ਅਸ਼ੋਕ ਪ੍ਰਧਾਨ ਨੇ ਕੀਤੀ। ਵੋਟਿੰਗ ਤੋਂ ਪਹਿਲਾਂ, ਸਥਿਤੀ ਉਦੋਂ ਸਪੱਸ਼ਟ ਹੋ ਗਈ ਜਦੋਂ 30 ਕੌਂਸਲਰ ਸਾਹਿਬਾਨਾਂ ਨੇ ਮੇਅਰ ਗਰੁੱਪ ਦੇ ਉਮੀਦਵਾਰ, ਸ਼੍ਰੀ ਸ਼ਾਮ ਲਾਲ ਜੈਨ ਲਈ ਆਪਣਾ ਖੜ੍ਹੇ ਹੋ ਕੇ ਆਪਣਾ ਸਮਰਥਨ ਪ੍ਰਗਟ ਕੀਤਾ। ਬਹੁਮਤ ਦਾ ਸਤਿਕਾਰ ਕਰਦੇ ਹੋਏ, ਕੌਂਸਲਰ ਸ਼੍ਰੀ ਹਰਵਿੰਦਰ ਸਿੰਘ ਲੱਡੂ ਨੇ ਮਾਸਟਰ ਹਰਮੰਦਰ ਸਿੰਘ ਦੇ ਕਹਿਣ 'ਤੇ ਆਪਣਾ ਨਾਮ ਵਾਪਸ ਲੈ ਲਿਆ। ਇਸ ਤੋਂ ਬਾਅਦ, ਸ਼੍ਰੀ ਸ਼ਾਮ ਲਾਲ ਜੈਨ ਨੂੰ ਸੀਨੀਅਰ ਡਿਪਟੀ ਮੇਅਰ ਐਲਾਨਿਆ ਗਿਆ। ਮੌਜੂਦ ਕੌਂਸਲਰਾਂ ਨੇ ਤਾੜੀਆਂ ਦੀ ਗੜਗੜਾਹਟ ਵਿੱਚਕਾਰ ਹਾਰ ਪਾ ਕੇ ਸ਼੍ਰੀ ਜੈਨ ਨੂੰ ਵਧਾਈ ਦਿੱਤੀ।