ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਸੂਚਨਾ ਤਕਨਾਲੋਜੀ ਆਟੋਮੇਸ਼ਨ ਸਬੰਧੀ ਪੁਸਤਕ ਰਿਲੀਜ਼
ਅਸ਼ੋਕ ਵਰਮਾ
ਬਠਿੰਡਾ, 10 ਜੁਲਾਈ 2026 :ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ ਨੇ ਸੂਚਨਾ ਤਕਨਾਲੋਜੀ ਅਤੇ ਐਮ.ਐਸ. ਆਫਿਸ ਆਟੋਮੇਸ਼ਨ ਵਿਸ਼ੇ 'ਤੇ ਪੰਜਾਬੀ ਭਾਸ਼ਾ ਵਿੱਚ ਲਿਖੀ ਨਿਵੇਕਲੀ ਪੁਸਤਕ ਦਾ ਲੋਕ ਅਰਪਣ ਕੀਤਾ। ਇਸ ਪੁਸਤਕ ਦੇ ਸਾਂਝੇ ਲੇਖਕ ਡਾ. ਮੁਨੀਸ਼ ਜਿੰਦਲ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਕੰਪਿਊਟੇਸ਼ਨਲ ਸਾਇੰਸਜ਼ ਵਿਭਾਗ, ਐਮ.ਆਰ.ਐਸ.ਪੀ.ਟੀ.ਯੂ., ਸਹਾਇਕ ਪ੍ਰੋਫੈਸਰ ਮਨਜਿੰਦਰ ਸਿੰਘ, ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਮਨਮੀਤ ਕੌਰ ਅਤੇ ਪ੍ਰੋ. ਮਲਵਿੰਦਰ ਸਿੰਘ, ਪ੍ਰਿੰਸੀਪਲ, ਮੀਰੀ ਪੀਰੀ ਖਾਲਸਾ ਕਾਲਜ, ਭਦੌੜ ਹਨ।
.jpeg)
ਇਸ ਮੌਕੇ ਲੇਖਕਾਂ ਨੂੰ ਵਧਾਈ ਦਿੰਦਿਆਂ ਉਪ-ਕੁਲਪਤੀ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਮਾਤ ਭਾਸ਼ਾ ਪੰਜਾਬੀ ਵਿੱਚ ਸੂਚਨਾ ਤਕਨਾਲੋਜੀ ਵਰਗੇ ਆਧੁਨਿਕ ਵਿਸ਼ੇ ਸਬੰਧੀ ਉੱਚ ਗੁਣਵੱਤਾ ਦੀ ਅਕਾਦਮਿਕ ਸਮੱਗਰੀ ਉਪਲਬਧ ਕਰਵਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਵਿਸ਼ੇਸ਼ ਤੌਰ 'ਤੇ ਪੰਜਾਬੀ ਮਾਧਿਅਮ ਅਤੇ ਪੇਂਡੂ ਪਿਛੋਕੜ ਨਾਲ ਸਬੰਧਿਤ ਵਿਦਿਆਰਥੀਆਂ ਲਈ ਲਾਭਕਾਰੀ ਸਾਬਤ ਹੋਵੇਗੀ ਅਤੇ ਸੂਚਨਾ ਤਕਨਾਲੋਜੀ ਤੇ ਐਮ.ਐਸ. ਆਫਿਸ ਆਟੋਮੇਸ਼ਨ ਦੀ ਸਿੱਖਿਆ ਨੂੰ ਹੋਰ ਸਰਲ, ਪ੍ਰਭਾਵਸ਼ਾਲੀ ਅਤੇ ਵਿਦਿਆਰਥੀ-ਕੇਂਦਰਿਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਡਾ. ਮੁਨੀਸ਼ ਜਿੰਦਲ ਨੇ ਦੱਸਿਆ ਕਿ ਪੁਸਤਕ ਨੂੰ ਸਰਲ ਅਤੇ ਵਿਹਾਰਕ ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀ ਸੂਚਨਾ ਤਕਨਾਲੋਜੀ ਅਤੇ ਐਮ.ਐਸ. ਆਫਿਸ ਆਟੋਮੇਸ਼ਨ ਦੇ ਬੁਨਿਆਦੀ ਸੰਕਲਪਾਂ ਨੂੰ ਆਸਾਨੀ ਨਾਲ ਸਮਝ ਸਕਣ। ਉਨ੍ਹਾਂ ਕਿਹਾ ਕਿ ਇਹ ਪੁਸਤਕ ਐਮ.ਆਰ.ਐਸ.ਪੀ.ਟੀ.ਯੂ. ਨਾਲ ਸੰਬੰਧਤ ਕਾਲਜਾਂ ਦੇ ਬੀ.ਏ. ਕੰਪਿਊਟਰ ਸਾਇੰਸ ਪਾਠਕ੍ਰਮ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਦੀ ਵਿਸ਼ੇ ਸੰਬੰਧੀ ਸਮਝ, ਵਿਹਾਰਕ ਪਹੁੰਚ ਅਤੇ ਰੁਜ਼ਗਾਰ ਯੋਗਤਾ ਨੂੰ ਹੋਰ ਮਜ਼ਬੂਤ ਕਰਨਾ ਹੈ।
ਉਪ-ਕੁਲਪਤੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੰਪਿਊਟੇਸ਼ਨਲ ਸਾਇੰਸਜ਼ ਵਿਭਾਗ ਦੇ ਅਧਿਆਪਕਾਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਉੱਚ ਪੱਧਰੀ ਅਕਾਦਮਿਕ ਸਾਹਿਤ ਤਿਆਰ ਕਰਨ ਅਤੇ ਉੱਚ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਲਈ ਸਾਂਝੇ ਯਤਨ ਜਾਰੀ ਰੱਖਣ ਦਾ ਸੱਦਾ ਦਿੱਤਾ।
ਇਸ ਮੌਕੇ ਟ੍ਰੇਨਿੰਗ ਅਤੇ ਪਲੇਸਮੈਂਟ ਦੇ ਡਾਇਰੈਕਟਰ ਇੰਜੀ. ਹਰਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ। ਕੰਪਿਊਟੇਸ਼ਨਲ ਸਾਇੰਸਜ਼ ਵਿਭਾਗ ਦੇ ਅਧਿਆਪਕ ਅਤੇ ਸਟਾਫ਼ ਮੈਂਬਰ ਵੀ ਸਮਾਗਮ ਵਿੱਚ ਮੌਜੂਦ ਸਨ।
- Download Babushahi App
-
-