ਭਾਬੀ ਕਮਲ ਕੌਰ ਕਤਲ ਦੇ ਮੁੱਖ ਮੁਲਜਮ ਵੱਲੋਂ ਸੋਸ਼ਲ ਮੀਡੀਆ ਤੇ ਗੰਦ ਪਾਉਣ ਵਾਲਿਆਂ ਨੂੰ ਧਮਕੀਆਂ
ਅਸ਼ੋਕ ਵਰਮਾ
ਬਠਿੰਡਾ, 13 ਜੂਨ 2025: ਇੰਸਟਗ੍ਰਾਮ ਤੇ ਮਕਬੂਲ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦੀ ਕਥਿਤ ਤੌਰ ਤੇ ਸਜਿਸ਼ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਅੱਜ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇਤਰਾਜਯੋਗ ਵੀਡੀਓ ਅਤੇ ਗੰਦਗੀ ਭਰਿਆ ਤੇ ਸਮਾਜ ਨੂੰ ਕੁਰਾਹੇ ਵਾਲਾ ਮਸਾਲਾ ਪਾਉਣ ਵਾਲਿਆਂ ਨੂੰ ਧਮਕੀ ਦਿੱਤੀ ਹੈ। ਅਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਜਾਰੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਹਨ। ਸੂਤਰ ਦੱਸਦੇ ਹਨ ਕਿ ਅਧਿਕਾਰੀਆਂ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਵਾਇਰਲ ਵੀਡੀਓ ਵਿਚ ਅੰਮ੍ਰਿਤਪਾਲ ਨੇ ਧਮਕੀ ਭਰੇ ਅੰਦਾਜ਼ ’ਚ ਕਿਹਾ ਕਿ ਜੇਕਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਕਿਸੇ ਸਿੰਘ ਜਾਂ ਕੌਰ ਦੀ ਅਜਿਹੀ ਵੀਡੀਓ ਮਿਲ ਗਈ ਤਾਂ ਦੇਖ ਲਿਓ।
ਅਮ੍ਰਿਤਪਾਲ ਮਹਿਰੋਂ ਆਖਦਾ ਹੈ ਕਿ ਇੱਕ ਨਹੀਂ, ਬਠਿੰਡਾ ਵਿੱਚ ਬਹੁਤ ਸਾਰੀਆਂ ਪਾਰਕਿੰਗ ਥਾਵਾਂ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਹਰ ਵਾਰ ਡੈਡ ਬਾਡੀ ਮਿਲੇ। ਉਸ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਜੇ ਸੋਸ਼ਲ ਮੀਡੀਆ ’ਤੇ ਅਜਿਹੀਆਂ(ਅਸ਼ਲੀਲ) ਵੀਡੀਓ ਪਾਉਣ ਵਾਲਿਆਂ ਨੇ ਆਉਣ ਵਾਲੇ ਦਾ ਦੋ-ਤਿੰਨ ਦਿਨਾਂ ਦੌਰਾਨ ਉਨ੍ਹਾਂ ਨੂੰ ਨਹੀਂ ਹਟਾਇਆ ਅਤੇ ਉਨ੍ਹਾਂ ਦੇ ਪਰਿਵਾਰ ਪੰਥ ਤੇ ਪੰਜਾਬ ਤੋਂ ਮੁਆਫੀ ਨਹੀਂ ਮੰਗਦੇ ਤਾਂ ਦੇਖਿਓ ਕੀ ਹੁੰਦਾ ਹੈ। ਅਮ੍ਰਿਤਪਾਲ ਆਖਦਾ ਹੈ ਕਿ ਜੇ ਇਹੋ ਰਿਹਾ ਤਾਂ ਸਾਡੇ ਬੱਚੇ ਆਖਣਗੇ ਕਿ ਸਾਡੇ ਵੱਡੇ ਏਦਾਂ ਦੇ ਹੁੰਦੇ ਸਨ। ਉਸ ਨੇ ਕਿਹਾ ਕਿ ਇਸ (ਕਮਲ ਕੌਰ) ਨੇ ਚਾਰ ਸਾਲ ਪਹਿਲਾਂ ਲਿਖ ਦਿੱਤਾ ਕਿ ਪੰਜਾਬ ਦੀਆਂ ਠਰਕੀ ਤੀਵੀਆਂ। ਕੀ ਤੁਹਾਨੂੰ ਉਹ ਵੀਡੀਓਜ਼ ਦੇਖ ਕੇ ਸ਼ਰਮ ਨਹੀਂ ਆਉਂਦੀ? ਉਸ ਨੇ ਕਿਹਾ ਮੈਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗਾ।
ਉਸ ਨੇ ਕਿਹਾ, ‘ਕੰਚਨ ਕੁਮਾਰੀ ਯੂਪੀ ਜਾਂ ਬਿਹਾਰ ਤੋਂ ਆਈ ਸੀ ਇਸ ਲਈ ਉਸ ਨੂੰ ‘ਕੌਰ’ ਨਾਂਅ ਵਰਤਣ ਅਤੇ ਅਸ਼ਲੀਲਤਾ ਫੈਲਾਉਣ ਦਾ ਕੋਈ ਹੱਕ ਨਹੀਂ ਹੈ। ਉਸ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਵੀ ਸਮਝਾਇਆ ਸੀ ਪਰ ਨਹੀਂ ਸਮਝੀ। ਜੋ ਹੁਣ ਹੋਇਆ ਉਹ ਪੰਜ ਸਾਲ ਪਹਿਲਾਂ ਹੋਣਾ ਚਾਹੀਦਾ ਸੀ। ਉਸ ਨੂੰ ਆਪਣੇ ਪਾਪਾਂ ਦਾ ਨਤੀਜਾ ਮਿਲ ਗਿਆ ਹੈ। ਅ੍ਰਮ੍ਰਿਤਪਾਲ ਨੇ ਵੀਡੀਓ ’ਚ ਕਿਹਾ ਸਿੱਖਾਂ ਨੇ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ, ਪਰ ਉਸ ਵਰਗੇ ਲੋਕ ਉਨ੍ਹਾਂ ਕੁਰਬਾਨੀਆਂ ਨੂੰ ਢਾਹ ਲਾ ਰਹੇ ਹਨ। ਅੰਮ੍ਰਿਤਪਾਲ ਮਹਿਰੋਂ ਨੇ ਇਹ ਵੀ ਮੰਨਿਆ ਕਿ ਉਸ ਦੇ ਸਾਥੀਆਂ ਦਾ ਕਤਲ ਕੇਸ ਵਿੱਚ ਨਾਮ ਆਇਆ ਹੈ । ਉਸ ਨੇ ਅੱਗੇ ਕਿਹਾ, ਸਾਡੀ ਕਾਰ ਵੀ ਜ਼ਬਤ ਕਰ ਲਈ ਗਈ ਹੈ। ਅੰਮ੍ਰਿਤਪਾਲ ਆਖਦਾ ਹੈ ਕਿ ਇਸ ਕੇਸ ਵਿੱਚ ਉਸ ਨੂੰ ਵੀ ਸਜ਼ਾ ਹੋ ਸਕਦੀ ਹੈ ਪਰ ਉਹ ਡਰਨ ਵਾਲੇ ਨਹੀਂ ਹਨ।
ਵੀਡੀਓ ਵਿੱਚ ਅੰਮ੍ਰਿਤਪਾਲ ਨੇ ਕਿਹਾ ਕਿ ਉਸ ਦੀ ਟੀਮ ਹੁਣ ਉਨ੍ਹਾਂ ਸਾਰੇ ਲੋਕਾਂ ਤੱਕ ਪਹੁੰਚ ਕਰੇਗੀ ਜੋ ਇਤਰਾਜਯੋਗ ਸਮੱਗਰੀ ਪਾਉਣ ਦੇ ਨਾਲ ਨਾਲ ਅਸ਼ਲੀਲਤਾ ਫੈਲਾਅ ਰਹੇ ਹਨ। ਇਸ ਦੌਰਾਨ ਉਹ ਉਨ੍ਹਾਂ ਨੂੰ ਰੁਕਣ ਦੀ ਅਪੀਲ ਕਰਨਗੇ ਜਾਂ ਉਨ੍ਹਾਂ ਨੂੰ ਸਬਕ ਸਿਖਾਇਆ ਜਾਏਗਾ। ਅੰਮ੍ਰਿਤਪਾਲ ਮਹਿਰੋਂ ਨੇ ਕਿਹਾ, ਕੰਚਨ ਨੇ ਖੁਦ ਇੱਕ ਵਾਰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਮੇਰੇ ਤੋਂ ਮੁਆਫੀ ਮੰਗੀ ਸੀ। ਉਸ ਨੇ ਕਿਹਾ ਮੈਂ ਉਸ ਨਾਲ ਭੈਣਾਂ ਵਰਗਾ ਸਲੂਕ ਕੀਤਾ ਸੀ ਅਤੇ ਉਸ ਦੇ ਪਿਤਾ ਦੇ ਕੈਂਸਰ ਦੇ ਇਲਾਜ ਵਿੱਚ ਮਦਦ ਲਈ ਉਸਨੂੰ 1.5 ਲੱਖ ਰੁਪਏ ਵੀ ਦਿੱਤੇ ਸਨ।’ ਅੰਮ੍ਰਿਤਪਾਲ ਵੱਲੋਂ ਜਾਰੀ ਇਸ ਵੀਡੀਓ ਵਿੱਚ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਖਾਸ ਚਿਤਾਵਨੀ ਵੀ ਸ਼ਾਮਲ ਹੈ, ਜਿਸ ਵਿੱਚ ਉਸਨੂੰ ਅਜਿਹੀ ਸਮੱਗਰੀ ਪੋਸਟ ਕਰਨ ਤੋਂ ਗੁਰੇਜ਼ ਕਰਨ ਦੀ ਧਮਕੀ ਦਿੱਤੀ ਗਈ ਹੈ।