ਬੱਸ ਅੱਡਾ: ਪ੍ਰਸ਼ਾਸ਼ਨ ਨੂੰ ਅਲਟੀਮੇਟਮ ਮੁੱਕਿਆ ਤਾਂ ਸੰਘਰਸ਼ ਕਮੇਟੀ ਨੇ ਮੁੱਠੀਆਂ ਵਿੱਚ ਥੁੱਕਿਆ
ਅਸ਼ੋਕ ਵਰਮਾ
ਬਠਿੰਡਾ, 4 ਮਈ 2025: ਬਠਿੰਡਾ ਦੇ ਮੌਜੂਦਾ ਬੱਸ ਅੱਡੇ ਨੂੰ ਤਬਦੀਲ ਕਰਨ ਖਿਲਾਫ ਚੱਲ ਰਹੇ ਧਰਨੇ ਦੌਰਾਨ ਹੁਣ ਲੋਕ ਆਪਣੀ ਤਾਕਤ ਦਿਖਾਉਣਗੇ। ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਇਸ ਫੈਸਲੇ ਖਿਲਾਫ ਪ੍ਰਸ਼ਾਸ਼ਨ ਨੂੰ ਦਿੱਤਾ ਹਫਤੇ ਦਾ ਅਲਟੀਮੇਟਮ ਖਤਮ ਹੋਣ ਤੋਂ ਬਾਅਦ ਧਰਨੇ ਵਾਲੀ ਥਾਂ ਤੇ ਇਕੱਠ ਸੱਦ ਲਿਆ ਹੈ ਤਾਂ ਜੋ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾ ਸਕੇ। ਸੰਘਰਸ਼ ਕਰ ਰਹੀਆਂ ਧਿਰਾਂ ਨੇ ਫੈਸਲਾ ਕੀਤਾ ਹੈ ਕਿ ਲੋਕ ਹਰ ਤਰਾਂ ਦੀ ਸਥਿਤੀ ਦਾ ਸਾਹਮਣਾ ਕਰਕੇ ਇਸ ਜਨਤਕ ਅੰਦੋਲਨ ਵਿੱਚ ਡਟੇ ਰਹਿਣ ਲਈ ਮਨ ਬਣਾਈ ਬੈਠੇ ਹਨ। ਧਰਨੇ ਵਿੱਚ ਹਾਜ਼ਰ ਲੋਕਾਂ ਨੇ ਅੱਜ ਇਹ ਵੀ ਪ੍ਰਣ ਕੀਤਾ ਕਿ ਉਹ ਦਮ ਰੱਖਕੇ ਲੜਾਈ ਲੜਨਗੇ। ਗਰਮੀ ਦੇ ਬਾਵਜੂਦ ਬੱਸ ਅੱਡਾ ਬਚਾਉਣ ਲਈ ਚੱਲ ਰਹੇ ਪੱਕੇ ਮੋਰਚੇ ਵਿੱਚ ਐਤਵਾਰ ਨੂੰ ਵੀ ਸ਼ਹਿਰ ਦੀਆਂ ਮੁੱਖ ਹਸਤੀਆਂ ਸੰਘਰਸ਼ੀ ਪਿੜ ਵਿੱਚ ਨਿੱਤਰੀਆਂ ਅਤੇ ਹਰ ਲੜਾਈ ’ਚ ਸਾਥ ਦੇਣ ਦਾ ਐਲਾਨ ਕੀਤਾ।
ਸੰਘਰਸ਼ ਕਮੇਟੀ ਆਗੂ ਸੰਦੀਪ ਅਗਰਵਾਲ ਨੇ ਕਿਹਾ ਕਿ ਕਮੇਟੀ ਨੇ ਸੋਮਵਾਰ ਤੱਕ ਫੈਸਲਾ ਕਰਨ ਦਾ ਸਮਾਂ ਦਿੱਤਾ ਸੀ ਪਰ ਜੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਲੋਕਾਂ ਨੂੰ ਕੁਚਲਣ ਦਾ ਮਨ ਬਣਾ ਚੁੱਕੀ ਹੈ ਤਾਂ ਬੱਸ ਅੱਡੇ ਨੂੰ ਮੌਜੂਦਾ ਥਾਂ ’ਤੇ ਰੱਖਣ ਲਈ ਸੰਘਰਸ਼ ਨੂੰ ਤੇਜ਼ ਕਰਨ ਵਾਸਤੇ ਸੋਮਵਾਰ ਨੂੰ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਜਿੱਥੇ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ ਅਤੇ ਸਰਕਾਰ ਨੂੰ ਕਰੜਾ ਜਵਾਬ ਦੇਣ ਲਈ ਅੱਗੇ ਦੇ ਪ੍ਰੋਗਰਾਮਾਂ ਉਲੀਕੇ ਜਾਣਗੇ। ਕੌਂਸਲਰ ਸੰਦੀਪ ਬਾਬੀ ਅਤੇ ਕੁਲਵਿੰਦਰ ਸਿੰਘ ਹੈਪੀ ਸਰਪੰਚ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਭੂਮਾਫੀਆ ਦਾ ਸਾਥ ਦੇ ਰਹੀ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰਾਂ ਹਾਕਮ ਧਿਰ ਦੇ ਵਿਧਾਇਕ ਨੇ ਮੰਸ਼ਾ ਜਤਾ ਦਿੱਤੀ ਹੈ ਤਾਂ ਕੋਈ ਹੋਰ ਰਾਹ ਵੀ ਨਹੀਂ ਬਚਿਆ ਹੈ।
ਮੋਰਚੇ ਵਿੱਚ ਪਹੁੰਚੇ ਕੁੱਲ ਹਿੰਦ ਕਿਸਾਨ ਸਭਾ ਦੇ ਦਰਸ਼ਨ ਸਿੰਘ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕੀਮਤ ’ਤੇ ਬੱਸ ਅੱਡਾ ਨਹੀਂ ਬਦਲਣ ਦੀ ਇਜਾਜਤ ਨਹੀਂ ਦਿੱਤੀ ਜਾਏਗੀ ਅਤੇ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣ ਦੇਵਾਂਗੇ। ਇਸ ਮੌਕੇ ਡਾਕਟਰ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਮਲੋਟ ਰੋਡ ’ਤੇ ਉਹਨਾਂ ਦੀ ਵੀ ਜ਼ਮੀਨ ਹੈ ਪਰ ਉਹ ਕਿਸੇ ਵੀ ਕੀਮਤ ’ਤੇ ਸ਼ਹਿਰ ਵਾਸੀਆਂ ਦੇ ਵਿਰੁੱਧ ਨਹੀਂ ਜਾਣਗੇ। ਉਹਨਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਲੋਕ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੱਡੀ ਮੁਸ਼ਕਲ ਵਿਚ ਪੈਣ ਇਸ ਲਈ ਬੱਸ ਅੱਡਾ ਮੌਜੂਦਾ ਥਾਂ ’ਤੇ ਹੀ ਰਹਿਣਾ ਚਾਹੀਦਾ ਹੈ। ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਹੈਪੀ ਅਤੇ ਬਲਵਿੰਦਰ ਬਾਹੀਆ ਨੇ ਕਿਹਾ ਕਿ ਜੇਕਰ ਸਰਕਾਰ ਬੱਸ ਅੱਡਾ ਬਦਲਦੀ ਹੈ ਤਾਂ ਲੋਕਾਂ ਦੀ ਜੇਬ ’ਤੇ ਭਾਰੀ ਕਿਰਾਏ ਅਤੇ ਸ਼ਹਿਰ ਤਕ ਪਹੁੰਚਣ ਲਈ ਮਹਿੰਗੇ ਖਰਚੇ ਦਾ ਬੋਝ ਪਵੇਗਾ।
ਗੁਰਪ੍ਰੀਤ ਸਿੰਘ ਆਰਟਿਸਟ ਅਤੇ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਪਣੀ ਨਾਲ਼ਾਇਕੀ ਨੂੰ ਢੱਕਣ ਲਈ ਫੈਲਾਏ ਜਾ ਰਹੇ ਵਾਧੂ ਆਵਾਜਾਈ ਦੇ ਵਹਿਮ ਨੂੰ ਤੋੜਣ ਲਈ ਜਲਦ ਹੀ ਆਂਕੜਿਆਂ ਸਮੇਤ ਹਰ ਰੋਜ਼ ਕਿਸ ਸੜਕ ’ਤੇ ਕਿੰਨੇ ਹਾਦਸੇ ਹੋ ਰਹੇ ਹਨ, ਇਸ ਦਾ ਜਵਾਬ ਜਨਤਾ ਦੀ ਅਦਾਲਤ ਵਿੱਚ ਰੱਖਿਆ ਜਾਵੇਗਾ। ਕੈਂਸਰ ਸਰਜਨ ਡਾਕਟਰ ਮਨਜੀਤ ਜੌੜਾ ਨੇ ਕਿਹਾ ਕਿ ਸਰਕਾਰ ਨੂੰ ਸਭ ਦੇ ਹਿਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਲੈਕੇ ਚੱਲੇ ਅੰਦੋਲਨ ਦਾ ਪੂਰਾ ਪੂਰਾ ਸਾਥ ਦੇਣਗੇ। ਸਮੂਹ ਆਗੂਆਂ ਨੇ ਸਥਾਨਕ ਵਿਧਾਇਕ, ਬਠਿੰਡਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹਨ ਦੀ ਚਿਤਾਵਨੀ ਦਿੰਦਿਆਂ ਇਹ ਲੋਕ ਮਾਰੂ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ।