ਬਠਿੰਡਾ ਜ਼ਿਲ੍ਹੇ ਵਿੱਚ 2 ਕਰੋੜ ਰੁਪਏ ਦੀ ਲਾਗਤ ਨਾਲ ਬਣੇ 5 ਆਮ ਆਦਮੀ ਕਲੀਨਿਕ ਕੀਤੇ ਲੋਕ ਅਰਪਣ
ਆਮ ਆਦਮੀ ਕਲੀਨਿਕਾਂ ਰਾਹੀਂ ਇਲਾਜ ਦੀ ਸੁਵਿਧਾ ਲੋਕਾਂ ਦੇ ਘਰਾਂ ਦੇ ਨੇੜੇ ਪੁੱਜੀ, ਮੇਅਰ ਪਦਮਜੀਤ ਮਹਿਤਾ
*ਆਮ ਆਦਮੀ ਕਲੀਨਿਕ ਚ ਮੁਫ਼ਤ ਦਵਾਈਆਂ, ਮੁਫ਼ਤ ਸਲਾਹ ਅਤੇ ਟੈਸਟ ਕੀਤੇ ਜਾਂਦੇ ਹਨ ; ਹਲਕਾ ਇੰਚਾਰਜ ਗੋਪਾਲ ਸਿੰਘ
ਅਸ਼ੋਕ ਵਰਮਾ
ਬਠਿੰਡਾ, 26 ਜੁਲਾਈ 2026 :ਜ਼ਿਲ੍ਹਾ ਬਠਿੰਡਾ ਚ ਅੱਜ 5 ਨਵੇਂ ਆਮ ਆਦਮੀ ਕਲੀਨਿਕ ਲੋਕ ਅਰਪਣ ਕੀਤੇ ਗਏ ਅਤੇ ਇਸ ਨਾਲ ਹੀ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 53 ਹੋ ਗਈ ਹੈ।ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋਂ ਪਿੰਡ ਤੁੰਗਵਾਲੀ ਵਿਖੇ, ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਵੱਲੋਂ ਅਮਰਪੁਰਾ ਬਸਤੀ ਅਤੇ ਬੈਕ ਸਾਈਡ ਜੌਗਰ ਪਾਰਕ ਵਿਖੇ ਅਤੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਸ੍ਰੀ ਗੋਪਾਲ ਸਿੰਘ ਪੀਸੀਐਸ (ਸੇਵਾ ਮੁਕਤ) ਵੱਲੋਂ ਪਿੰਡ ਜੈ ਸਿੰਘ ਵਾਲਾ ਅਤੇ ਰਾਏਕੇ ਕਲਾਂ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ।
ਪਿੰਡ ਤੁੰਗਵਾਲੀ ਵਿਖੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਤੱਕ ਗੁਣਵੱਤਾ ਭਰੀਆਂ ਅਤੇ ਆਧੁਨਿਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪ੍ਰਾਇਮਰੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਵੱਖ-ਵੱਖ ਥਾਵਾਂ 'ਤੇ ਆਮ ਆਦਮੀ ਕਲੀਨਿਕ ਖੋਲ ਰਹੀ ਹੈ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਮੁਫ਼ਤ ਮੁਹਈਆ ਕਾਰਵਾਈਆਂ ਜਾਣ ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਵੱਲੋਂ ਅਮਰਪੁਰਾ ਬਸਤੀ ਅਤੇ ਬੈਕ ਸਾਈਡ ਜੌਗਰ ਪਾਰਕ ਵਿਖੇ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਮੌਕੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਰਾਹੀਂ ਹਰ ਨਾਗਰਿਕ ਨੂੰ ਆਪਣੇ ਘਰ ਦੇ ਨੇੜੇ ਹੀ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਉਪਲਬਧ ਹੋਣ। ਇਸੇ ਮੰਤਵ ਤਹਿਤ ਇਹ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਇਲਾਜ ਲਈ ਲੰਬੀਆਂ ਦੂਰੀਆਂ ਤੈਅ ਨਾ ਕਰਨੀਆਂ ਪੈਣ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚ ਰਹੇ ਹਨ, ਜਦਕਿ ਸਰਕਾਰੀ ਸਿਹਤ ਪ੍ਰਣਾਲੀ 'ਤੇ ਲੋਕਾਂ ਦਾ ਭਰੋਸਾ ਵੀ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਭਵਿੱਖ ਵਿੱਚ ਵੀ ਲੋੜ ਅਨੁਸਾਰ ਹੋਰ ਸਿਹਤ ਸਹੂਲਤਾਂ ਦਾ ਵਿਸਥਾਰ ਕੀਤਾ ਜਾਵੇਗਾ ਤਾਂ ਜੋ ਹਰ ਨਾਗਰਿਕ ਨੂੰ ਸਮੇਂ ਸਿਰ ਅਤੇ ਬਿਹਤਰ ਇਲਾਜ ਮਿਲ ਸਕੇ।
ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੇ ਹਲਕਾ ਇੰਚਾਰਜ ਸ੍ਰੀ ਗੋਪਾਲ ਸਿੰਘ ਪੀਸੀਐਸ (ਸੇਵਾ ਮੁਕਤ) ਵੱਲੋਂ ਪਿੰਡ ਜੈ ਸਿੰਘ ਵਾਲਾ ਅਤੇ ਰਾਏਕੇ ਕਲਾਂ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਯੋਗ ਐਮ.ਬੀ.ਬੀ.ਐਸ. ਡਾਕਟਰ, ਸਿਖਲਾਈ ਪ੍ਰਾਪਤ ਨਰਸਿੰਗ ਸਟਾਫ ਅਤੇ ਹੋਰ ਲੋੜੀਂਦਾ ਸਟਾਫ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਕਲੀਨਿਕਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਡਾਕਟਰੀ ਸਲਾਹ, ਜਾਂਚ, ਲੋੜੀਂਦੀਆਂ ਦਵਾਈਆਂ ਅਤੇ ਵੱਖ-ਵੱਖ ਡਾਇਗਨੋਸਟਿਕ ਟੈਸਟਾਂ ਸਮੇਤ ਸਾਰੀਆਂ ਪ੍ਰਾਇਮਰੀ ਸਿਹਤ ਸੇਵਾਵਾਂ 100 ਫੀਸਦੀ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਗਰਭਵਤੀ ਮਹਿਲਾਵਾਂ ਦੀ ਨਿਯਮਿਤ ਜਾਂਚ, ਮਾਸਿਕ ਟੀਕਾਕਰਣ ਅਤੇ ਕੁੱਤੇ ਦੇ ਕੱਟਣ 'ਤੇ ਲੱਗਣ ਵਾਲੀ ਰੇਬੀਜ਼ ਵੈਕਸੀਨ ਵੀ ਮੁਫ਼ਤ ਲਗਾਇਆ ਜਾਂਦੀ ਹੈ । ਇਸ ਤੋਂ ਇਲਾਵਾ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੈਰ-ਸੰਚਾਰੀ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਨਿਯਮਤ ਇਲਾਜ, ਦਵਾਈਆਂ ਅਤੇ ਫਾਲੋ-ਅਪ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਸੰਭਵ ਕੀਤੀ ਜਾ ਰਹੀ ਹੈ।
- Download Babushahi App
-
-