ਫੂਡ ਸੇਫਟੀ ਟੀਮ ਵੱਲੋਂ ਮਿਠਾਈਆਂ ਦੀਆਂ ਦੁਕਾਨਾਂ ਦੀ ਕੀਤੀ ਗਈ ਜਾਂਚ
ਮਾਲੇਰਕੋਟਲਾ, 13 ਅਕਤੂਬਰ –
ਤਿਉਹਾਰਾਂ ਦੇ ਸੀਜਨ ਨੂੰ ਮੱਦੇਨਜਰ ਰੱਖਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਹਾਇਕ ਕਮਿਸ਼ਨਰ ਸੇਫਟੀ ਰਾਖੀ ਵਿਨਾਇਕ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਵੱਲੋਂ ਮਿਠਾਈ ਦੀਆਂ ਦੁਕਾਨਾਂ ਦੀ ਜਾਂਚ ਕੀਤੀ। ਚੈਕਿੰਗ ਦੌਰਾਨ ਮਿਠਾਈਆਂ ਅਤੇ ਹੋਰ ਖਾਣ ਵਾਲੇ ਪਦਾਰਥਾਂ ਦੇ ਸੈਂਪਲ ਵੀ ਭਰੇ ਗਏ।
ਜ਼ਿਲਾ ਫੂਡ ਸੇਫਟੀ ਟੀਮ ਵੱਲੋਂ ਸ਼ਹਿਰ ਅੰਦਰ ਅਤੇ ਆਸ-ਪਾਸ ਦੇ ਵੱਖ-ਵੱਖ ਇਲਾਕਿਆਂ ਤੋਂ ਦੇਸੀ ਘਿਓ ਨਾਲ ਬਣੀਆਂ ਮਿਠਾਈਆਂ, ਸਿਲਵਰ ਵਰਕ ਵਾਲੀਆਂ ਮਿਠਾਈਆਂ, ਪੈਕੇਟ ਬੰਦ ਮਿਠਾਈਆਂ ਦੀ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ 6 ਸੈਂਪਲ ਲਏ ਗਏ, ਜਿਨ੍ਹਾਂ 'ਚੋਂ 5 ਖੋਏ ਅਤੇ 1 ਮਿਲਕ ਕੇਕ ਦੇ ਸੈਂਪਲ ਲਏ ਗਏ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਏ ਗਏ ਸੈਂਪਲ ਸਟੇਟ ਫੂਡ ਲੈਬਾਰਟਰੀ ਖਰੜ ਵਿਖੇ ਜਾਂਚ ਲਈ ਭੇਜ ਦਿੱਤੇ ਗਏ ਹਨ। ਇਹਨਾਂ ਸੈਂਪਲਾਂ ਦੀ ਰਿਪੋਰਟ ਆਉਣ 'ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਫੂਡ ਸੇਫਟੀ ਤਹਿਤ ਉਚਿੱਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਖੁਰਾਕੀ ਪਦਾਰਥਾਂ ਨਾਲ ਸਬੰਧਤ ਦੁਕਾਨਦਾਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰੇਕ ਫੂਡ ਵਿਕ੍ਰੇਤਾ ਕੋਲ ਫੂਡ ਲਾਇਸੈਂਸ ਹੋਣਾ ਜ਼ਰੂਰੀ ਹੈ ਅਤੇ ਨਾਲ ਹੀ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ । ਉਨ੍ਹਾਂ ਸਖਤ ਸਬਦਾਂ ਵਿੱਚ ਕਿਹਾ ਕਿ ਖੁਰਾਕ ਪਦਾਰਥਾਂ 'ਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਅਤੇ ਗੰਦਗੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਫੂਡ ਵਿਕ੍ਰੇਤਾ ਬਿਨਾਂ ਲਾਇਸੈਂਸ, ਗੰਦਗੀ ਜਾਂ ਮਿਲਾਵਟ ਕਰਦੇ ਹੋਏ ਜਾਂ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਾਇਆ ਗਿਆ ਤਾਂ ਉਸ ਖ਼ਿਲਾਫ਼ ਫੂਡ ਸੇਫਟੀ ਐਕਟ ਤਹਿਤ ਉਚਿੱਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਸੁਰੱਖਿਅਤ, ਸਵੱਛ, ਸਿਹਤਮੰਦ ਅਤੇ ਸ਼ੁੱਧ ਭੋਜਨ ਉਪਲੱਬਧ ਕਰਵਾਉਣ ਲਈ ਭਵਿੱਖ ਵਿਚ ਵੀ ਵਿਭਾਗ ਵੱਲੋਂ ਜਾਂਚ ਮੁਹਿੰਮ ਜਾਰੀ ਰਹੇਗੀ।