ਫਰਿਜ਼ਨੋ ਵਿੱਚ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਕੰਵਰ ਗਰੇਵਾਲ ਦਾ ਸ਼ਾਨਦਾਰ ਸ਼ੋਅ
ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ
ਫਰਿਜ਼ਨੋ, (ਕੈਲੀਫ਼ੋਰਨੀਆ) , 18 ਅਗਸਤ 2025 : ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਵੱਲੋਂ ਰਾਤੀਂ ਸੈਂਟਰਲ ਹਾਈ ਸਕੂਲ ਦੇ ਆਡੀਟੋਰੀਅਮ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦਾ ਸ਼ਾਨਦਾਰ ਸ਼ੋਅ ਕਰਵਾਇਆ ਗਿਆ, ਜਿਸਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਹਾਲ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਅਤੇ ਤਿੰਨ ਘੰਟਿਆਂ ਤੋਂ ਵੱਧ ਚੱਲੇ ਇਸ ਪ੍ਰੋਗਰਾਮ ਨੇ ਲੋਕਾਂ ਨੂੰ ਰੂਹਾਨੀ ਸੰਗੀਤਕ ਯਾਤਰਾ ਕਰਵਾ ਦਿੱਤੀ।
ਇਸ ਮੌਕੇ ਪ੍ਰਮੋਟਰ ਬਲਵਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਸਟੇਜ ਸੰਚਾਲਨ ਜੋਤ ਰਣਜੀਤ ਕੌਰ ਨੇ ਬਹੁਤ ਹੀ ਸੁੰਦਰ ਢੰਗ ਨਾਲ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੀਸੀਏ ਫਰਿਜ਼ਨੋ ਦੇ ਮੋਢੀ ਮੈਂਬਰ ਸੁਖਬੀਰ ਸਿੰਘ ਭੰਡਾਲ ਨੇ ਆਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਪੀਸੀਏ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਪਿਛਲੇ ਡੇਢ ਦਹਾਕੇ ਤੋਂ ਪੀਸੀਏ ਲੋਕ ਸੇਵਾ ਦੇ ਕੰਮਾਂ ਵਿੱਚ ਅੱਗੇ ਰਹੀ ਹੈ, ਜਿਸ ਵਿੱਚ ਲਾਸ ਏਂਜਲਸ ਫਾਇਰ ਦੌਰਾਨ ਦਸ ਹਜ਼ਾਰ ਡਾਲਰ ਦਾ ਦਾਨ ਦੇਣਾ ਅਤੇ ਸਹਾਇਤਾ, ਜੈਕਾਰਾ ਵਰਗੀਆਂ ਸੰਸਥਾਵਾਂ ਨੂੰ ਸਮਰਥਨ ਦੇਣਾ ਸ਼ਾਮਲ ਹੈ।
ਸ਼ੋਅ ਦੀ ਸ਼ੁਰੂਆਤ ਓਲਡ ਸਕੂਲ ਭੰਗੜਾ ਅਕੈਡਮੀ ਦੇ ਬੱਚਿਆਂ ਦੇ ਭੰਗੜੇ ਨਾਲ ਹੋਈ, ਜਿਸਨੇ ਦਰਸ਼ਕਾਂ ਤੋਂ ਖੂਬ ਵਾਹ ਵਾਹ ਖੱਟੀ। ਇਸ ਤੋਂ ਬਾਅਦ ਉੱਭਰਦੇ ਗਾਇਕ ਅਨਮੋਲ ਵਿਰਕ ਨੇ ਆਪਣੇ ਸੁਰੀਲੇ ਗੀਤ “ਵੀਰ ਮੇਰਿਆ ਜੁਗਨੀ ਜੀ” ਨਾਲ ਸੰਗੀਤਕ ਮਾਹੌਲ ਬਣਾਇਆ।
ਫਿਰ ਮੰਚ ’ਤੇ ਆਏ ਹਰਮਨ ਪਿਆਰੇ ਗਾਇਕ ਕੰਵਰ ਗਰੇਵਾਲ, ਜਿਨ੍ਹਾਂ ਨੇ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਦੀ ਐਸੀ ਛਹਿਬਰ ਲਾਈ ਕਿ ਦਰਸ਼ਕ ਤਾੜੀਆਂ ਮਾਰਦੇ ਝੂਮਣ ਲਈ ਮਜਬੂਰ ਹੋ ਗਏ। ਉਹ ਦਰਸ਼ਕਾਂ ਦੇ ਵਿਚਕਾਰ ਆ ਕੇ ਗਾਉਂਦੇ ਰਹੇ, ਜਿਸ ਨਾਲ ਪੂਰਾ ਮਾਹੌਲ ਸੰਗੀਤਕ ਸੱਤਸੰਗ ਵਿੱਚ ਤਬਦੀਲ ਹੋ ਗਿਆ। ਖ਼ਾਸ ਕਰਕੇ ਤੂੰਬੇ ਦੀਆਂ ਤਰਜ਼ਾਂ ਨੇ ਲੋਕਾਂ ਨੂੰ ਰੂਹਾਨੀ ਅਨੁਭਵ ਨਾਲ ਜੋੜਿਆ।
ਲਗਾਤਾਰ ਢਾਈ ਤੋਂ ਤਿੰਨ ਘੰਟਿਆਂ ਤੱਕ ਕੰਵਰ ਗਰੇਵਾਲ ਨੇ ਗਾਇਕੀ ਦਾ ਜਾਦੂ ਵਿਖੇੜਿਆ ਅਤੇ ਅਖੀਰ ਵਿੱਚ ਇਹ ਪ੍ਰੋਗਰਾਮ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡਦਾ ਹੋਇਆ ਕਾਮਯਾਬੀ ਨਾਲ ਸਮਾਪਤ ਹੋਇਆ।