DC ਨੇ ਕੀਤਾ ਸਰਕਾਰੀ ਕਾਲਜ ਦੀ ਇਤਿਹਾਸ ਗੈਲਰੀ ਦਾ ਉਦਘਾਟਨ
ਰੋਹਿਤ ਗੁਪਤਾ
ਗੁਰਦਾਸਪੁਰ, 18 ਅਗਸਤ - ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਵੱਲੋਂ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਇਤਿਹਾਸ ਗੈਲਰੀ ਅਤੇ ਮਹਾਰਾਜਾ ਰਣਜੀਤ ਸਿੰਘ ਭਵਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਤੇ ਕਾਲਜ ਦਾ ਸਟਾਫ਼ ਵੀ ਹਾਜ਼ਰ ਸੀ।
ਸਰਕਾਰੀ ਕਾਲਜ ਗੁਰਦਾਸਪੁਰ ਦੇ ਇਤਿਹਾਸ ਨੂੰ ਸਟੀਲ ਫਰੇਮ ਵਿੱਚ ਜੁੜਵਾ ਕੇ ਕਾਲਜ ਦੇ ਵਿਹੜੇ ਵਿੱਚ ਲਗਾਇਆ ਗਿਆ ਹੈ ਤਾਂ ਕਿ ਵਿਦਿਆਰਥੀਆਂ ਅਤੇ ਹਰ ਆਉਣ ਜਾਣ ਵਾਲੇ ਨੂੰ ਕਾਲਜ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਹੋ ਸਕੇ। ਇਸ ਇਤਿਹਾਸ ਵਿੱਚ ਕਾਲਜ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇ ਗੌਰਵਮਈ ਇਤਿਹਾਸ ਨੂੰ ਇਤਿਹਾਸਿਕ ਤੱਥਾਂ ਨਾਲ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਕਾਲਜ ਵੱਲੋਂ ਨਵੇਂ ਰੈਨੋਵੇਟ ਕੀਤੇ ਬਲਾਕ, ਜਿਸ ਨੂੰ ਮਹਾਰਾਜਾ ਸਿੰਘ ਭਵਨ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੋਟੋ ਵੀ ਲਗਾਈ ਗਈ ਹੈ।
ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਸਾਡੇ ਜ਼ਿਲ੍ਹੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਹੈ ਜੋ ਪਿਛਲੇ 5 ਦਹਾਕਿਆਂ ਦੇ ਵੱਧ ਸਮੇਂ ਤੋਂ ਗਿਆਨ ਦਾ ਚਾਨਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਅਤੇ ਕਾਲਜ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਉੱਪਰ ਕਾਲਜ ਦੇ ਬਲਾਕ ਦਾ ਨਾਮ ਰੱਖਣਾ ਸ਼ਲਾਘਾਯੋਗ ਉਪਰਾਲਾ ਹੈ। ਇਸ ਤੋਂ ਪਹਿਲਾਂ ਕਾਲਜ ਆਉਣ ਤੇ ਡਿਪਟੀ ਕਮਿਸ਼ਨਰ ਦਾ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ, ਵਾਈਸ ਪ੍ਰਿੰਸੀਪਲ ਡਾ. ਕਰਨਜੀਤ ਸ਼ਰਮਾ ਅਤੇ ਕਾਲਜ ਕੌਂਸਲ ਦੇ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਕਾਲਜ ਦੀ ਗਿੱਧਾ ਟੀਮ ਨੇ ਗਿੱਧਾ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਗਿੱਧਾ ਪਾਉਂਦੀਆਂ ਇਹ ਵਿਦਿਆਰਥਣਾਂ ਉਨ੍ਹਾਂ ਨੂੰ ਉਦਘਾਟਨ ਸਥਲ ਤੇ ਲੈ ਕੇ ਗਈਆਂ।
ਇਸ ਮੌਕੇ ਤੇ ਬੋਲਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਵੱਲੋਂ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦੇ ਹੋਏ ਕਾਲਜ ਦੀਆਂ ਲੋੜਾਂ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਨਵੇਂ ਬਲਾਕ ਵਿੱਚ ਸਾਲ 2025-26 ਤੋਂ ਨਵੇਂ ਸ਼ੁਰੂ ਕੀਤੇ ਕੋਰਸਾਂ ਜਿੰਨਾ ਵਿੱਚ ਬੀ.ਕਾਮ (ਟੈਕਸ ਪਲੈਨਿੰਗ) ਬੀ.ਬੀ.ਏ., ਐੱਮ.ਏ. (ਪੰਜਾਬੀ) ਅਤੇ ਐੱਮ.ਕਾਮ ਦੀਆਂ ਕਲਾਸਾਂ ਲੱਗਣਗੀਆਂ।
ਇਸ ਸਮਾਰੋਹ ਵਿੱਚ ਮਹੰਤ ਡਾ. ਏ.ਐਨ. ਕੌਸ਼ਲ, ਮਹੰਤ ਰਮੇਸ਼ਵਰ ਨਾਥ, ਸ਼ੈਲੀ ਮਹੰਤ, ਕੇ.ਕੇ. ਸ਼ਰਮਾ, ਪ੍ਰੋ. ਜੇ.ਐੱਸ. ਗਰੋਵਰ, ਹਰਮਨਪ੍ਰੀਤ ਸਿੰਘ, ਮਹੰਤ ਹਰਦੇਸ਼ਵਰ ਨਾਥ, ਮਹੰਤ ਰਮੇਸ਼ਵਰ ਨਾਥ, ਮਨੀਸ਼ ਮਹੰਤ ਅਤੇ ਮਹੰਤ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਸਨ। ਇਸ ਮੌਕੇ ਤੇ ਸ਼ਹਿਰ ਦੇ ਬਹੁਤ ਪਤਵੰਤੇ ਸੱਜਣ ਜਿਨ੍ਹਾਂ ਵਿੱਚ ਸਾਬਕਾ ਪ੍ਰਿੰਸੀਪਲ ਸ੍ਰੀ ਅਵਤਾਰ ਸਿੰਘ ਸਿੱਧੂ, ਪ੍ਰਿੰਸੀਪਲ ਰਮੇਸ਼ ਸ਼ਰਮਾ, ਬਲਵਿੰਦਰ ਡੋਗਰਾ, ਅਨੂਰੰਜਨ ਸੈਣੀ, ਰਾਕੇਸ਼ ਸ਼ਰਮਾ ਅਤੇ ਪਰਮਿੰਦਰ ਸਿੰਘ ਸੈਣੀ ਸ਼ਾਮਿਲ ਸਨ।