ਪੰਜਾਬ ਸਰਕਾਰ 19 ਤੋਂ 25 ਨਵੰਬਰ ਤੱਕ ਮਨਾਵੇਗੀ ਗੁਰੂ ਤੇਗ ਬਹਾਦਰ ਦਾ 350ਵਾਂ ਸ਼ਹੀਦੀ ਦਿਹਾੜਾ
ਅਸ਼ੋਕ ਵਰਮਾ
ਬਠਿੰਡਾ, 13 ਅਕਤੂਬਰ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ-ਭਾਵਨਾ ਨਾਲ 19 ਤੋਂ 25 ਨਵੰਬਰ 2025 ਤੱਕ ਮਨਾਵੇਗੀ, ਜਿਸ ਦੀ ਸ਼ੁਰੂਆਤ 25 ਅਕਤੂਬਰ 2025 ਨੂੰ ਦਿੱਲੀ ਦੇਚਾਂਦਨੀ ਚੌਂਕ ਤੋਂ ਰਸਮੀ ਤੌਰ ‘ਤੇ ਸਤਿਗੁਰਾਂ ਦੀ ਅਰਦਾਸ ਨਾਲ ਕੀਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਕੈਬਨਿਟ ਮੰਤਰੀ ਪੰਜਾਬ ਸ. ਤਰਨਪ੍ਰੀਤ ਸਿੰਘ ਸੌਂਦ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਮਨਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੇ ਆਗਾਊਂ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ ਅਤੇ ਵੱਖ-ਵੱਖ ਪ੍ਰਬੰਧ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਕੈਬਨਿਟ ਮੰਤਰੀ ਸ ਤਰਨਪ੍ਰੀਤ ਸਿੰਘ ਸੌਂਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ 23, 24 ਅਤੇ 25 ਨਵੰਬਰ 2025 ਨੂੰ ਵੱਡੇ ਪੱਧਰ ‘ਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ‘ਤੇ ਸੂਬਾ ਸਰਕਾਰ ਇੱਕ ਅਜਿਹਾ ਸਮਾਗਮ ਕਰਵਾ ਰਹੀ ਹੈ, ਜੋ ਨਾ ਸਿਰਫ਼ ਸਿੱਖ ਇਤਿਹਾਸ ਨੂੰ ਮੁੜ ਸੁਰਜੀਤ ਕਰੇਗਾ ਬਲਕਿ ਪੂਰੇ ਦੇਸ਼ ਅਤੇ ਦੁਨੀਆ ਨੂੰ ਏਕਤਾ, ਕੁਰਬਾਨੀ ਅਤੇ ਮਨੁੱਖਤਾ ਦਾ ਸੰਦੇਸ਼ ਵੀ ਦੇਵੇਗਾ। ਸ. ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸ਼ਹੀਦੀ ਦਿਹਾੜੇ ਮੌਕੇ ਚਾਰ ਸ਼ਹਾਦਤ ਯਾਤਰਾਵਾਂ ਨਗਰ ਕੀਰਤਨ ਦੇ ਰੂਪ ਵਿੱਚ ਕੱਢੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ ਇਕ ਸ੍ਰੀਨਗਰ ਤੋਂ, ਇੱਕ ਮਾਝੇ-ਦੋਆਬੇ ਅਤੇ ਦੋ ਮਾਲਵੇ ਵਿੱਚੋਂ ਕੱਢੇ ਜਾਣਗੇ, ਜੋ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦਿਆਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮਾਲਵਾ ਟੂ ਦਾ ਨਗਰ ਕੀਰਤਨ 20 ਨਵੰਬਰ 2025 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਬਠਿੰਡਾ, ਰਾਮਪੁਰਾ, ਬਰਨਾਲਾ ਅਤੇ ਹੋਰ ਵੱਖ-ਵੱਖ ਸ਼ਹਿਰਾਂ ‘ਚੋਂ ਹੁੰਦੇ ਹੋਏ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਜ਼ਿਲ੍ਹਿਆਂ ਅੰਦਰ 1 ਨਵੰਬਰ ਤੋਂ 15 ਨਵੰਬਰ 2025 ਤੱਕ ਲਾਇਟ ਐਂਡ ਸਾਊਂਡ ਸ਼ੋਅ ਵੀ ਦਿਖਾਏ ਜਾਣਗੇ, ਜਿਸ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਇਲਾਵਾ ਭਾਈ ਸਤੀਦਾਸ, ਭਾਈ ਮਤੀਦਾਸ ਅਤੇ ਭਾਈ ਦਿਆਲਾ ਜੀ ਵਲੋਂ ਸਿੱਖ ਧਰਮ ਲਈ ਕੀਤੀਆਂ ਲਾਸਾਨੀ ਸ਼ਹਾਦਤਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਜਾਵੇਗਾ।
ਕੈਬਨਿਟ ਮੰਤਰੀ ਸ. ਤਰਨਪ੍ਰੀਤ ਸਿੰਘ ਸੌਂਦ ਨੇ ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ "ਹਿੰਦ ਦੀ ਚਾਦਰ" ਦੇ ਖਿਤਾਬ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਦੂਜੇ ਧਰਮ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਮਨੁੱਖਤਾ ਪ੍ਰਤੀ ਆਪਣਾ ਨੈਤਿਕ ਫ਼ਰਜ਼ ਨਿਭਾਇਆ ਹੈ। ਇਸ ਤੋਂ ਪਹਿਲਾਂ ਸਲਾਹਕਾਰ ਕਲਚਰਲ ਤੇ ਟੂਰਿਸਮ ਵਿਭਾਗ ਸ਼੍ਰੀ ਦੀਪਕ ਬਾਲੀ ਨੇ ਸੂਬਾ ਸਰਕਾਰ ਵਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸ਼ਰਧਾ-ਭਾਵਨਾ ਨਾਲ ਮਨਾਉਣ ਲਈ ਉਲੀਕੀ ਵਿਊਂਤਬੰਦੀ ਸਾਂਝੀ ਕਰਦਿਆਂ ਉਨ੍ਹਾਂ ਦੀ ਸਿਖਿਆਵਾਂ ‘ਤੇ ਚੱਲਣ ਤੋਂ ਇਲਾਵਾ ਭਾਈ ਸਤੀਦਾਸ, ਭਾਈ ਮਤੀਦਾਸ ਅਤੇ ਭਾਈ ਦਿਆਲਾ ਜੀ ਵਲੋਂ ਧਰਮ ਲਈ ਕੀਤੀ ਲਾਸਾਨੀ ਸ਼ਹਾਦਤ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਐਡਮਿਨਿਸਟਰੇਟਿਵ ਸੈਕਟਰੀ ਟੂਰਿਜ਼ਮ ਤੇ ਕਲਚਰਲ ਅਫੇਅਰ ਸ਼੍ਰੀ ਅਭਿਨਵ ਤ੍ਰਿਖਾ, ਕਲਚਰਲ ਤੇ ਟੂਰਿਸਮ ਵਿਭਾਗ ਦੇ ਜੁਆਇਟ ਡਾਇਰੈਕਟਰ ਦਮਨਪ੍ਰੀਤ ਸਿੰਘ ਵਾਲੀਆ, ਇਸ ਮੌਕੇ ਉਨ੍ਹਾਂ ਦੇ ਨਾਲ ਸਲਾਹਕਾਰ ਕਲਚਰਲ ਤੇ ਟੂਰਿਸਮ ਵਿਭਾਗ ਸ਼੍ਰੀ ਦੀਪਕ ਬਾਲੀ, ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਅਤੇ ਵਿਧਾਇਕ ਮੌੜ ਸੁਖਬੀਰ ਸਿੰਘ ਮਾਈਸਰਖਾਨਾ ਸਮੇਤ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।