ਪੰਜਾਬ ਨੂੰ ਜਲਦੀ ਮਿਲੇਗੀ ਨਵੀਂ 'ਮਾਲਵਾ ਨਹਿਰ'- ਭਗਵੰਤ ਮਾਨ ਨੇ ਫੇਰ ਕੀਤਾ ਐਲਾਨ
"ਅਸੀਂ ਪਹਿਲਾਂ ਹੀ 70-80 ਸਾਲ ਲੇਟ ਹਾਂ, ਹੁਣ ਹਰ ਬਕਾਇਆ ਮੰਗ ਹੋਵੇਗੀ ਪੂਰੀ" — ਭਗਵੰਤ ਮਾਨ
ਚੰਡੀਗੜ੍ਹ 16 ਮਾਰਚ 2026: ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਪੰਜਾਬ ਦੇ ਸਿੰਚਾਈ ਢਾਂਚੇ ਵਿੱਚ ਇੱਕ ਹੋਰ ਇਤਿਹਾਸਕ ਅਧਿਆਏ ਜੋੜਦਿਆਂ 'ਮਾਲਵਾ ਨਹਿਰ' ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲੇ ਚਾਰ ਸਾਲਾਂ ਵਿੱਚ ਮੁੱਖ ਗਰੰਟੀਆਂ ਪੂਰੀਆਂ ਕੀਤੀਆਂ ਹਨ ਅਤੇ ਹੁਣ ਅਗਲਾ ਸਾਲ ਉਨ੍ਹਾਂ ਵੱਡੇ ਪ੍ਰੋਜੈਕਟਾਂ ਅਤੇ ਮੰਗਾਂ ਨੂੰ ਸਮਰਪਿਤ ਹੋਵੇਗਾ ਜੋ ਦਹਾਕਿਆਂ ਤੋਂ ਲਟਕ ਰਹੀਆਂ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਬਿਲਕੁਲ ਨਵੀਂ ਨਹਿਰ (Malwa Canal) ਕੱਢੀ ਜਾ ਰਹੀ ਹੈ। ਸੀਐਮ ਨੇ ਕਿਹਾ, "ਕਈ ਲੋਕ ਕਹਿੰਦੇ ਨੇ ਅਸੀਂ ਚਾਰ ਸਾਲਾਂ 'ਚ ਕੰਮ ਪੂਰੇ ਕਰਕੇ ਵਿਹਲੇ ਹੋ ਗਏ, ਪਰ ਅਸਲ ਵਿੱਚ ਅਸੀਂ ਲੇਟ ਹਾਂ। ਪੰਜਾਬ ਪਿਛਲੇ 70-80 ਸਾਲਾਂ ਤੋਂ ਇਨ੍ਹਾਂ ਸਹੂਲਤਾਂ ਲਈ ਉਡੀਕ ਕਰ ਰਿਹਾ ਸੀ।" ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਾਲ ਉਨ੍ਹਾਂ ਸਾਰੇ ਪੁਰਾਣੇ ਬਕਾਇਆ ਕੰਮਾਂ ਅਤੇ ਬਿਜਲੀ/ਸਿੰਚਾਈ ਕਨੈਕਸ਼ਨਾਂ ਨੂੰ ਪੂਰਾ ਕੀਤਾ ਜਾਵੇਗਾ, ਜੋ ਕਿਸੇ ਕਾਰਨ ਰਹਿ ਗਏ ਸਨ।
"ਭਾਖੜਾ ਨਹਿਰ" ਜਿੰਨਾ ਪਾਣੀ ਖੇਤਾਂ ਤੱਕ ਪਹੁੰਚਾਇਆ
ਸਿੰਚਾਈ ਪ੍ਰਬੰਧਾਂ ਦੀ ਸਫਲਤਾ ਬਾਰੇ ਦੱਸਦਿਆਂ ਭਗਵੰਤ ਮਾਨ ਨੇ ਇੱਕ ਅਹਿਮ ਅੰਕੜਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਨਹਿਰਾਂ ਅਤੇ ਕੱਸੀਆਂ ਦੇ ਮੋਗੇ (Outlets) ਇਸ ਤਰੀਕੇ ਨਾਲ ਸੁਧਾਰੇ ਅਤੇ ਨਵੇਂ ਬਣਾਏ ਹਨ ਕਿ ਹੁਣ ਪੰਜਾਬ ਦੀ ਧਰਤੀ 'ਤੇ ਸਿੰਚਾਈ ਲਈ ਵਾਧੂ ਪਾਣੀ ਮਿਲ ਰਿਹਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ "ਜਿੰਨਾ ਪਾਣੀ ਭਾਖੜਾ ਨਹਿਰ ਵਿੱਚ ਵਹਿੰਦਾ ਹੈ, ਅਸੀਂ ਮੋਗਿਆਂ ਰਾਹੀਂ ਉਨਾ ਹੀ ਵਾਧੂ ਪਾਣੀ ਪੰਜਾਬ ਦੇ ਖੇਤਾਂ ਨੂੰ ਸਿੰਜਣ ਲਈ ਮੁਹੱਈਆ ਕਰਵਾ ਦਿੱਤਾ ਹੈ।" ਇਹ ਪੰਜਾਬੀ ਕਿਸਾਨਾਂ ਲਈ ਖੇਤੀ ਲਾਗਤ ਘਟਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵੱਲ ਇੱਕ ਵੱਡਾ ਕਦਮ ਹੈ।
Click to Follow Babushahi Facebook page →