ਪੰਜਾਬ ਦੇ ਹੜ੍ਹ ਮਾਰ ਇਲਾਕਿਆਂ ਦਾ ਦੌਰਾ ਕਰੇਗਾ ਸੰਯੁਕਤ ਕਿਸਾਨ ਮੋਰਚਾ
ਰਵੀ ਜੱਖੂ
ਚੰਡੀਗੜ੍ਹ, 30 ਅਗਸਤ 2025 : ਸੰਯੁਕਤ ਕਿਸਾਨ ਮੋਰਚਾ, ਪੰਜਾਬ ਦੇ ਸੂਬਾਈ ਆਗੂਆਂ ਸਰਬਸ੍ਰੀ ਰੁਲਦੂ ਸਿੰਘ ਮਾਨਸਾ, ਬਲਜੀਤ ਸਿੰਘ ਗਰੇਵਾਲ ਅਤੇ ਬੂਟਾ ਸਿੰਘ ਸ਼ਾਦੀਪੁਰ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਇੱਕ ਸਤੰਬਰ ਨੂੰ ਸੂਬਾਈ ਪੱਧਰ ਦਾ ਵਫਦ ਪੰਜਾਬ ਦੇ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਕਰੇਗਾ ਅਤੇ ਵੇਰਵੇ ਸਹਿਤ ਜਾਣਕਾਰੀ ਹਾਸਲ ਕਰੇਗਾ ਕਿ ਜਾਨ ਮਾਲ ਫਸਲਾਂ ਅਤੇ ਹੋਰ ਸਾਜੋ ਸਮਾਨ ਦਾ ਕਿੰਨਾਂ ਨੁਕਸਾਨ ਹੋਇਆ ਹੈ। ਉਸ ਤੋਂ ਤੁਰੰਤ ਬਾਅਦ ਉਸੇ ਹੀ ਇਲਾਕੇ ਵਿੱਚ ਸੁਲਤਾਨਪੁਰ ਲੋਧੀ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਪੂਰੀ ਵਿਉਂਤਬੰਦੀ ਕੀਤੀ ਜਾਵੇਗੀ। ਇਸ ਕਰੋਪੀ ਨਾਲ ਹੋਏ ਨੁਕਸਾਨ ਦੀ ਭਰਭਾਈ ਸਰਕਾਰ ਤੋਂ ਕਿਵੇਂ ਕਰਵਾਈ ਜਾਵੇ। ਇਸ ਲਈ ਜੋ ਵੀ ਸੰਘਰਸ਼ ਬਣਦਾ ਹੋਵੇਗਾ ਉਹ ਉਲੀਕਿਆ ਜਾਵੇਗਾ ਅਤੇ ਹੋਰ ਬਹੁਤ ਸਾਰੇ ਪੱਖਾਂ ਤੇ ਸੋਚ ਵਿਚਾਰ ਕੇ ਪੰਜਾਬ ਦੇ ਲੋਕਾਂ ਨੂੰ ਇਸ ਮੰਦਹਾਲੀ ਹਾਲਤ ਵਿੱਚੋਂ ਕੱਢਣ ਲਈ ਬਾਂਹ ਫੜੀ ਜਾਵੇਗੀ। ਆਗੂਆਂ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਸਾਡੇ ਵੱਲੋਂ ਪਹਿਲਾਂ ਤੋਂ ਹੀ ਦਿੱਤੇ ਲਿਖ ਕੇ ਪ੍ਰੋਗਰਾਮ ਅਨੁਸਾਰ ਗੰਨੇ ਦੀ ਅਦਾਇਗੀ ਲਈ ਦੋ ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਹੁਣ ਅਸੀਂ ਆਸ ਰੱਖਦੇ ਹਾਂ ਅਤੇ ਚਿਤਾਵਨੀ ਭਰੀ ਮੰਗ ਰੱਖਦੇ ਹਾਂ ਕਿ ਦੋ ਸਤੰਬਰ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਕਰੇ ਇਹ ਅਦਾਇਗੀ ਕਰੇ। ਕਿਉਂਕਿ ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਉਸ ਇਲਾਕੇ ਗੰਨਾ ਉਤਪਾਦਕ ਕਿਸਾਨ ਦੋਹਰੀ ਮਾਰ ਹੇਠ ਆ ਗਏ ਹਨ। ਨਾਲ ਹੀ ਇਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਰਾਹਤ ਕਾਰਜਾਂ ਵਿਚ ਸੁਸਤ ਚਾਲ ਹੈ ਇਸ ਨੂੰ ਬਹੁਤ ਹੀ ਤਨਦੇਹੀ ਨਾਲ ਤੇਜ਼ੀ ਲਿਆਉਣ ਦੀ ਲੋੜ ਹੈ। ਨਹੀਂ ਤਾਂ ਮਜ਼ਬੂਰਨ ਸੰਯੁਕਤ ਕਿਸਾਨ ਮੋਰਚੇ ਨੂੰ ਸੰਘਰਸ਼ ਦਾ ਰਾਹ ਸ਼ੁਰੂ ਕਰਨਾ ਪਏਗਾ। *ਸੰਯੁਕਤ ਕਿਸਾਨ ਮੋਰਚੇ ਨੇ ਆਪਣੀਆਂ ਜਥੇਬੰਦੀਆਂ ਅਤੇ ਹੋਰ ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਨਾਲ ਹੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਔਖੀ ਘੜੀ ਵਿਚ ਹੜ ਪੀੜਤਾਂ ਦੀ ਹਰ ਪੱਖ ਤੋਂ ਆਪਣੇ ਪੱਧਰ ’ਤੇ ਮਦਦ ਕਰਨ।