ਪੰਜਾਬ ਦੇ ਹੜ੍ਹਾਂ ਨੂੰ ਕੌਮੀ ਆਫਤ ਐਲਾਨ ਕੇ ਤੁਰੰਤ ਰਾਹਤ ਪੈਕੇਜ ਜਾਰੀ ਕਰੇ ਕੇਂਦਰ ਸਰਕਾਰ- ਬਾਬਾ ਬਲਬੀਰ ਸਿੰਘ
ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਨਕਦ ਰਾਸ਼ੀ ਤੇ 5 ਟਰੱਕ ਰਾਹਤ ਸਮੱਗਰੀ ਭੇਜੀ
ਬੁੱਢਾ ਦਲ ਦੀਆਂ ਸਾਰੀਆਂ ਛਾਉਣੀਆਂ ‘ਚੋਂ ਪਿਛਲੇ ਦਿਨਾਂ ਤੋਂ ਹੜ੍ਹ ਪੀੜਤਾਂ ਲਈ ਲਗਾਤਾਰ ਭੇਜੀ ਜਾ ਰਹੀ ਰਾਹਤ ਸਮੱਗਰੀ
ਅੰਮ੍ਰਿਤਸਰ:- 4 ਸਤੰਬਰ 2025 ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਕੌਮੀ ਆਫਤ ਐਲਾਨ ਕੇ ਮੁੜ ਵਸੇਬੇ ਦੇ ਲਈ ਤੁਰੰਤ ਰਾਹਤ ਪੈਕੇਜ ਜਾਰੀ ਕੀਤਾ ਜਾਵੇ।
ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਤੋਂ ਬਾਅਦ ਸਥਿਤੀ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਹੈ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਵਿਚੋਂ ਪੈਰਾਂ ਸਿਰ ਖੜ੍ਹੇ ਹੋਣ ਵਿਚ ਲੰਬਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਮੁਢਲੇ ਸਰਵੇਖਣ ਅਨੁਸਾਰ ਹੜ੍ਹਾਂ ਕਾਰਨ ਪੰਜਾਬ ਦੀ 4 ਲੱਖ ਏਕੜ ਤੋਂ ਵੱਧ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਹੰਗਾਮੀ ਸਥਿਤੀ ਵਿਚ ਤਾਂ ਪੰਜਾਬੀਆਂ ਨੇ ਪੰਜਾਬੀਆਂ ਦੇ ਨਾਲ ਖੜ੍ਹੇ ਹੋ ਕੇ ਵੱਡੇ ਜਾਨੀ ਨੁਕਸਾਨ ਨੂੰ ਟਾਲ ਦਿੱਤਾ ਹੈ ਪਰ ਫਸਲਾਂ, ਮਾਲ-ਡੰਗਰ, ਘਰਾਂ, ਖੇਤਾਂ, ਮਸ਼ੀਨਰੀ ਅਤੇ ਘਰਾਂ ਦੇ ਸਾਮਾਨ ਦੇ ਹੋਏ ਭਾਰੀ ਨੁਕਸਾਨ ਦਾ ਸੰਤਾਪ ਹੜ੍ਹ ਪੀੜਤਾਂ ਨੂੰ ਲੰਬਾ ਸਮਾਂ ਭੋਗਣਾ ਪਵੇਗਾ। ਉਨ੍ਹਾਂ ਕਿਹਾ ਕਿ ਗਰੀਬ ਕਿਸਾਨ ਤੇ ਕਿਰਤੀ ਇਸ ਭਾਰੀ ਮਾਲੀ ਨੁਕਸਾਨ ਵਿਚੋਂ ਉਭਰਨ ਦੇ ਸਮਰੱਥ ਨਹੀਂ ਹਨ। ਮੋਦੀ ਨੂੰ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਤੁਰੰਤ ਕੌਮੀ ਆਫਤ ਕਰਾਰ ਦੇ ਕੇ ਪੀੜਤਾਂ ਦੇ ਮੁੜ ਵਸੇਬੇ ਅਤੇ ਹੋਏ ਮਾਲੀ ਨੁਕਸਾਨ ਦੀ ਪੂਰਤੀ ਲਈ ਵੱਡਾ ਰਾਹਤ ਪੈਕੇਜ ਜਾਰੀ ਕਰਨਾ ਚਾਹੀਦਾ ਹੈ।
ਇਸ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਪਿੰਡ ਬਾਊਪੁਰ, ਸਾਂਗਰਾ ਤੇ ਦਰਿਆ ਦੇ ਪਾਣੀ ਵਿਚ ਬੁਰੀ ਤਰ੍ਹਾਂ ਘਿਰੇ 16 ਟਾਪੂਨੁਮਾ ਪਿੰਡਾਂ ਵਾਸਤੇ ਨਕਦ ਰਾਸ਼ੀ ਅਤੇ 5 ਟਰੱਕ ਰਾਹਤ ਸਮੱਗਰੀ ਭੇਜੀ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਇਹ ਵੀ ਦੱਸਿਆ ਕਿ ਬੁੱਢਾ ਦਲ ਦੀਆਂ ਸਾਰੀਆਂ ਛਾਉਣੀਆਂ ਵਿਚੋਂ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪੰਜਾਬ ਦੇ ਸਾਰੇ ਇਲਾਕਿਆਂ ਵਿਚ ਪਿਛਲੇ ਦਿਨਾਂ ਤੋਂ ਲਗਾਤਾਰ ਲੰਗਰ, ਪਾਣੀ, ਦਵਾਈਆਂ, ਸੁੱਕਾ ਰਾਸ਼ਨ, ਦੁੱਧ, ਤੂੜੀ ਅਤੇ ਮਾਲੀ ਮਦਦ ਘਰੋ-ਘਰੀ ਪਹੁੰਚਾਈ ਜਾ ਰਹੀ ਹੈ।
ਇਸ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ, ਬਾਬਾ ਸ੍ਰੀ ਚੰਦ ਵੈੱਲਫੇਅਰ ਟਰੱਸਟ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਰਾਜਾ ਗੁਰਪ੍ਰੀਤ ਸਿੰਘ, ਭਾਈ ਜਗਜੀਤ ਸਿੰਘ ਸੰਧੂ ਸੁਲਤਾਨਪੁਰ, ਕੁਲਦੀਪ ਸਿੰਘ ਸਾਂਗਰਾ, ਬਾਬਾ ਰਣਜੋਧ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ, ਬਾਬਾ ਲਖਵੀਰ ਸਿੰਘ, ਬਾਬਾ ਸਰਬਜੀਤ ਸਿੰਘ, ਬਾਬਾ ਗਗਨਦੀਪ ਸਿੰਘ ਆਦਿ ਵੀ ਹਾਜ਼ਰ ਸਨ।