ਪੰਜਾਬ ਦੇ ਹਾਲਾਤ ਇੱਕ ਬਿਮਾਰ ਪਏ ਯੂਨਿਟ ਵਰਗੇ: ਬੁਲਾਰੀਆ
ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਨਾਰਾਜ਼ ਕਾਂਗਰਸੀ ਇਕੱਠੇ ਹੋਣ ਲੱਗੇ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 18 ਅਕਤੂਬਰ 2026 - ਸਾਬਕਾ ਭਾਰਤੀ ਹਾਕੀ ਟੀਮ ਦੇ ਕਪਤਾਨ ਪ੍ਰਗਟ ਸਿੰਘ ਦੇ ਪੰਜਾਬ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਦੇ ਨਾਰਾਜ਼ ਸਾਬਕਾ ਵਿਧਾਇਕ ਅਤੇ ਨੇਤਾ ਇਕੱਠੇ ਹੁੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੀ ਇੱਕ ਮਿਸਾਲ ਅੰਮ੍ਰਿਤਸਰ ਦੱਖਣੀ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਹਨ। ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਵਿਚਾਰਾਂ ਦਾ ਮਤਭੇਦ ਰਾਜਾ ਵੜਿੰਗ ਦੇ ਸੂਬਾ ਪ੍ਰਧਾਨ ਬਣਨ ਨਾਲ ਪੈਦਾ ਹੋਇਆ ਸੀ, ਉਹ ਅੱਜ ਦੂਰ ਹੋ ਚੁੱਕਾ ਹੈ ਅਤੇ ਪ੍ਰਗਟ ਸਿੰਘ ਨੂੰ ਇੱਕ ਸਮਰਥ ਅਤੇ ਸੂਝਵਾਨ ਪ੍ਰਧਾਨ ਵਜੋਂ ਵੇਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਸਚਿਨ ਪਾਇਲਟ ਜਿਹੇ ਨੌਜਵਾਨ ਚਿਹਰੇ ਨੂੰ ਪੰਜਾਬ ਮਾਮਲਿਆਂ ਦਾ ਮੁਖੀ ਬਣਾਉਣਾ ਵੀ ਹਾਈ ਕਮਾਂਡ ਦਾ ਇੱਕ ਸਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਹਾਈ ਕਮਾਂਡ ਦੇ ਇਸ ਕਦਮ ਨਾਲ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ 2027 ਵਿੱਚ ਲੋਕ ਕਾਂਗਰਸ ਨੂੰ ਹੀ ਜਿੱਤ ਦਾ ਫਤਵਾ ਦੇਣਗੇ। ਇਸ ਦਾ ਕਾਰਨ ਪੁੱਛਣ ਤੇ ਉਹਨਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਮੌਜੂਦਾ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸਨ, ਉਹ ਹਵਾਈ ਸਾਬਤ ਹੋਏ ਹਨ। ਇਸ ਦੇ ਨਾਲ ਹੀ ਢਾਈ ਲੱਖ ਕਰੋੜ ਦਾ ਕਰਜ਼ਾ ਹੋਰ ਲੈ ਕੇ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠਾਂ ਦੱਬ ਦਿੱਤਾ ਹੈ। ਉਹਨਾਂ ਕਿਹਾ ਕਿ ਜਿਹੜੀ ਸਰਕਾਰ ਪੰਜਾਬ ਵਿੱਚ ਵਿਕਾਸ ਦਾ ਵਾਅਦਾ ਕਰਕੇ ਆਈ ਸੀ, ਉਸਨੇ ਪੰਜਾਬ ਨੂੰ ਵੱਡੇ ਕਰਜ਼ੇ ਹੇਠਾਂ ਦਬਾ ਦਿੱਤਾ ਹੈ। ਉਹਨਾਂ ਕਿਹਾ ਕਿ ਹਾਲਾਂਕਿ ਜੇਕਰ ਇਹ ਕਰਜ਼ਾ ਲਿਆ ਗਿਆ ਸੀ ਤਾਂ ਇਹ ਪੰਜਾਬ ਦੇ ਵਿਕਾਸ ਲਈ ਖਰਚ ਹੋਣਾ ਚਾਹੀਦਾ ਸੀ, ਪਰ ਇਸ ਦੇ ਉਲਟ ਇਸ ਨੂੰ ਲੋਕਾਂ ਨੂੰ ਭਰਮਾਉਣ ਲਈ ਖਰਚਿਆ ਗਿਆ। ਉਹਨਾਂ ਉਦਾਹਰਨ ਦਿੰਦਿਆਂ ਹੋਇਆਂ ਕਿਹਾ ਕਿ ਲੋਕ ਬਿਜਲੀ ਮੁਫਤ ਮਿਲਣ ਦੇ ਹੱਕ ਵਿੱਚ ਹਨ, ਪਰ ਜੇਕਰ ਇਸ ਨੂੰ ਸੂਰਜ ਊਰਜਾ ਵਿੱਚ ਬਦਲ ਕੇ ਲੋਕਾਂ ਨੂੰ ਫਰੀ ਬਿਜਲੀ ਦਿੱਤੀ ਜਾਂਦੀ ਤਾਂ ਇਸ ਨਾਲ ਬਿਜਲੀ ਦੀ ਸਮੱਸਿਆ ਦਾ ਹੱਲ ਵੀ ਹੋ ਜਾਂਦਾ ਅਤੇ ਲੋਕਾਂ ਨੂੰ ਮੁਫਤ ਬਿਜਲੀ ਵੀ ਮੁਹਈਆ ਕਰਵਾਈ ਜਾ ਸਕਦੀ ਸੀ। ਉਹਨਾਂ ਕਿਹਾ ਕਿ ਲੋਕਾਂ ਨੂੰ ਮੁਫਤ ਯਾਤਰਾ ਕਰਾ ਕੇ ਨਹੀਂ, ਬਲਕਿ ਰੋਜ਼ਗਾਰ ਦੇ ਸਾਧਨ ਪੈਦਾ ਕਰਕੇ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਤੋਰਿਆ ਜਾ ਸਕਦਾ ਸੀ, ਜੋ ਕਿ ਹੁਣ ਤੱਕ ਨਹੀਂ ਹੋਇਆ।
ਉਹਨਾਂ ਕਿਹਾ ਕਿ ਇਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਵੀ ਵਾਅਦੇ ਕੀਤੇ ਸਨ ਕਿ ਪੰਜਾਬ ਦਾ ਰੈਵੇਨਿਊ ਵਧਾਇਆ ਜਾਵੇਗਾ, ਪਰ ਇਸ ਦੀ ਬਜਾਏ ਮੌਜੂਦਾ ਸਰਕਾਰ ਦੇ ਮੰਤਰੀ ਹੀ ਮਾਈਨਿੰਗ ਕੇਸਾਂ ਵਿੱਚ ਫਸੇ ਨਜ਼ਰ ਆ ਰਹੇ ਹਨ। ਪੰਜਾਬ ਵਿੱਚ ਮਾੜੀ ਕਾਨੂੰਨ ਵਿਵਸਥਾ ਦਾ ਜ਼ਿਕਰ ਕਰਦੇ ਹੋਏ ਬੁਲਾਰੀਆ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਮਾੜੀ ਕਾਨੂੰਨ ਵਿਵਸਥਾ ਨਾਲ ਪੀੜਿਤ ਹੈ। ਵਪਾਰੀ ਵਰਗ ਦੀ ਗੱਲ ਕਰਦੇ ਹੋਏ ਬੁਲਾਰੀਆ ਨੇ ਕਿਹਾ ਕਿ ਵਪਾਰੀ ਵਰਗ ਕੇਂਦਰ ਅਤੇ ਸੂਬਾ ਦੋਵਾਂ ਸਰਕਾਰਾਂ ਦੀ ਮਾਰੂ ਨੀਤੀ ਦਾ ਸ਼ਿਕਾਰ ਹੋ ਰਿਹਾ ਹੈ। ਹਾਲਾਂਕਿ ਉਹ ਦੋਵਾਂ ਸਰਕਾਰਾਂ ਦੇ ਸਾਹਮਣੇ ਆਪਣੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਨ ਤੋਂ ਗੁਰੇਜ਼ ਕਰਦੇ ਹਨ, ਵਪਾਰੀ ਵਰਗ ਦੀ ਕਿਸੇ ਵੀ ਸਮੱਸਿਆ ਜਾਂ ਮੁਸ਼ਕਿਲ ਦਾ ਹੱਲ ਨਹੀਂ ਹੋ ਰਿਹਾ, ਜਿਸ ਕਾਰਨ ਵਪਾਰੀ ਸੂਬੇ ਤੋਂ ਬਾਹਰ ਮਾਈਗ੍ਰੇਟ ਕਰਨ ਦੀ ਸੋਚ ਰਿਹਾ ਹੈ।
ਅਕਾਲੀ-ਭਾਜਪਾ ਗਠਬੰਦਨ ਹੋਣ ਦੇ ਆਸਾਰਾਂ ਉੱਤੇ ਗੱਲ ਕਰਦੇ ਹੋਏ ਬੁਲਾਰੀਆ ਨੇ ਕਿਹਾ ਕਿ 10 ਸਾਲ ਅਕਾਲੀ-ਭਾਜਪਾ ਦੀ ਸਰਕਾਰ ਰਹੀ ਹੈ, ਉਹਨਾਂ ਵੱਲੋਂ ਵੀ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਨਹੀਂ ਪੈਦਾ ਕੀਤੇ ਗਏ ਅਤੇ ਵਪਾਰ ਦਾ ਵੀ ਹਾਲ ਮਾੜਾ ਬਣਿਆ ਰਿਹਾ।
ਬੁਲਾਰੀਆ ਨੇ ਦੂਜੇ ਪਾਸੇ ਕਾਂਗਰਸ ਸਰਕਾਰ ਦੀ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਵੀ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਈ ਹੈ, ਉਦੋਂ ਹੀ ਵਪਾਰੀ ਵਰਗ ਖੁਸ਼ ਹੋਇਆ ਹੈ ਅਤੇ ਪੰਜਾਬ ਤਰੱਕੀਆਂ ਦੀ ਰਾਹ ਤੇ ਤੁਰਿਆ ਹੈ, ਕਿਉਂਕਿ ਕਿਸੇ ਵੀ ਸੂਬੇ ਦੀ ਅਸਲੀ ਤਰੱਕੀ ਉਥੋਂ ਦੇ ਲੋਕਾਂ ਦੀ ਖੁਸ਼ਹਾਲੀ ਹੁੰਦੀ ਹੈ ਅਤੇ ਕਾਂਗਰਸ ਸਰਕਾਰ ਸੂਬੇ ਵਿੱਚ ਲੋਕਾਂ ਨੂੰ ਖੁਸ਼ਹਾਲੀ ਦੇਣ ਲਈ ਸਮਰੱਥ ਹੈ।
ਪੰਜਾਬ ਨੂੰ ਕਰਜ਼ੇ ਤੋਂ ਬਾਹਰ ਕੱਢਣ ਅਤੇ ਰੋਜ਼ਗਾਰ ਦੇ ਮੌਕੇ ਕਾਂਗਰਸ ਸਰਕਾਰ ਕਿਵੇਂ ਪੈਦਾ ਕਰੇਗੀ, ਇਸ ਗੱਲ ਦਾ ਜਵਾਬ ਦਿੰਦੇ ਹੋਏ ਬੁਲਾਰੀਆ ਨੇ ਕਿਹਾ ਕਿ ਅੱਜ ਸੂਬੇ ਦੀ ਸਥਿਤੀ ਇੱਕ ਬਿਮਾਰ ਯੂਨਿਟ ਵਰਗੀ ਹੈ। ਜਿੰਨਾ ਚਿਰ ਬਿਮਾਰ ਯੂਨਿਟ ਦੇ ਅੰਦਰ ਜਾ ਕੇ ਨਹੀਂ ਦੇਖਿਆ ਜਾਵੇਗਾ, ਉਨਾ ਚਿਰ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਮੌਜੂਦਾ ਆਮ ਆਦਮੀ ਪਾਰਟੀ ਵੱਲੋਂ 2027 ਵਿੱਚ ਦੁਬਾਰਾ ਸਰਕਾਰ ਬਣਾਉਣ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਬੁਲਾਰੀਆ ਨੇ ਕਿਹਾ ਕਿ ਇਸ ਦਾ ਜਵਾਬ ਉਹ ਨਹੀਂ, ਬਲਕਿ ਜਨਤਾ ਛੇਤੀ ਹੀ ਆਉਣ ਵਾਲੇ ਸਮੇਂ ਵਿੱਚ ਮੌਜੂਦਾ ਸਰਕਾਰ ਨੂੰ ਦੇਵੇਗੀ। ਉਹਨਾਂ ਕਿਹਾ ਕਿ ਭਾਵੇਂ ਅੱਜ ਸੁਪਰੀਮ ਕੋਰਟ ਵੱਲੋਂ ਮੁੱਖ ਮੰਤਰੀ ਦੇ ਓਐਸਡੀ ਦੀ ਗ੍ਰਿਫਤਾਰੀ ਉੱਤੇ ਰੋਕ ਲੱਗ ਗਈ ਹੈ, ਪਰ ਜਾਂਚ ਏਜੰਸੀਆਂ ਵੱਲੋਂ ਭ੍ਰਿਸ਼ਟਾਚਾਰ ਦੇ ਜਿਹੜੇ ਸਬੂਤ ਦਿੱਤੇ ਗਏ ਹਨ, ਉਹਨਾਂ ਨੂੰ ਪੰਜਾਬ ਸਰਕਾਰ ਕਿਵੇਂ ਨਕਾਰ ਸਕਦੀ ਹੈ? ਉਹਨਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ।
- Download Babushahi App
-
-