ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ 'ਪੰਜਾਬੀ ਕਹਾਣੀਧਾਰਾ ' ਸੈਮੀਨਾਰ ਇਤਿਹਾਸਕ ਹੋ ਨਿੱਬੜਿਆ*
ਪ੍ਰਮੋਦ ਭਾਰਤੀ
ਨਵਾਂਸ਼ਹਿਰ 12 ਅਗਸਤ 2025 : ਸਾਹਿਤ ਸਿਰਜਣਾ ਅਤੇ ਚਿੰਤਨ ਨੂੰ ਸਮਰਪਿਤ ਵਿਸ਼ਵ ਪ੍ਰਸਿੱਧ ਪ੍ਰਗਤੀਸ਼ੀਲ ਲੇਖਕ ਸੰਘ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਅਤੇ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਆਰ ਕੇ ਆਰੀਆ ਕਾਲਜ ਨਵਾਂਸ਼ਹਿਰ ਵਿਚ 'ਪੰਜਾਬੀ ਕਹਾਣੀਧਾਰਾ' ਵਿਸ਼ੇ ਉਤੇ ਵਿਸ਼ੇਸ਼ ਸੈਮੀਨਾਰ ਦਾ ਸਫ਼ਲ ਆਯੋਜਨ ਕੀਤਾ ਗਿਆ ।ਇਸ ਸੰਬੰਧੀ ਡਾਕਟਰ ਸਰਬਜੀਤ ਸਿੰਘ, ਪ੍ਰਧਾਨ ਅਕਾਡਮੀ ਅਤੇ ਪ੍ਰਿੰਸੀਪਲ ਗੁਰਜੰਟ ਸਿੰਘ, ਪ੍ਰਧਾਨ ਜ਼ਿਲ੍ਹਾ ਇਕਾਈ ਸੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੈਮੀਨਾਰ ਇਸ ਖਿੱਤੇ ਵਿੱਚ ਪੰਜਾਬੀ ਕਹਾਣੀ ਦੇ ਸਿਰਜਨਾਤਮਕ ਅਤੇ ਅਲੋਚਨਾਤਮਕ ਪ੍ਰਕਿਰਿਆ ਉਤੇ ਨਿੱਠ ਕੇ ਮੰਥਨ ਹੋਇਆ ਜਿਸ ਨਾਲ ਇਹ ਇਕ ਯਾਦਗਾਰੀ ਸਾਹਿਤਕ ਸਮਾਗਮ ਬਣ ਗਿਆ।ਇਸ ਸੈਮੀਨਾਰ ਦੇ ਮੁੱਖ ਮਹਿਮਾਨ ਸ੍ਰੀ ਸੁਸ਼ੀਲ ਪੁਰੀ, ਸਕੱਤਰ,ਸਥਾਨਕ ਕਾਲਜ,ਪ੍ਰਧਾਨਗੀ ਪ੍ਰਬੁੱਧ ਸਾਹਿਤ ਚਿੰਤਕ ਡਾਕਟਰ ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ, ਪ੍ਰਗਤੀਸ਼ੀਲ ਸੰਘ(ਭਾਰਤ) ਨੇ ਕੀਤੀ। ਆਰੰਭ ਵਿਚ ਸੰਘ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਗੁਰਜੰਟ ਸਿੰਘ ਨੇ ਆਏ ਮਹਿਮਾਨਾਂ ਦਾ ਹਾਰਦਿਕ ਅਭਿਨੰਦਨ ਕੀਤਾ ਅਤੇ ਕਾਲਜ ਪ੍ਰਿੰਸੀਪਲ ਪੁਨੀਤ ਅਨੇਜਾ ਜੀ ਦਾ ਸਹਿਯੋਗ ਲਈ ਆਭਾਰ ਪ੍ਰਗਟ ਕੀਤਾ। ਇਸ ਸੈਮੀਨਾਰ ਦੀ ਵਿਸ਼ੇਸ਼ ਪ੍ਰਾਪਤੀ ਇਹ ਰਹੀ ਕਿ ਇੱਕੋ ਮੰਚ ਉੱਤੇ ਪੰਜਾਬੀ ਦੇ ਨਾਮਵਰ ਸੱਤ ਕਹਾਣੀਕਾਰਾਂ ਨੇ ਆਪਣੇ ਸਿਰਜਨਾਤਮਕ ਅਨੁਭਵ ਸਾਂਝੇ ਕਰਦਿਆਂ ਹਾਜ਼ਰੀਨ ਸਾਹਮਣੇ ਸਿਰਜਣਾ ਦੇ ਮਹੱਤਵਪੂਰਨ ਪਲਾਂ ਅਤੇ ਨੁਕਤਿਆਂ ਦੇ ਰਹੱਸ ਸਾਂਝੇ ਕੀਤੇ। ਇਨ੍ਹਾਂ ਕਹਾਣੀਕਾਰਾਂ ਵਿਚ ਸਰਵਸ੍ਰੀ ਬਲਬੀਰ ਪਰਵਾਨਾ, ਜਤਿੰਦਰ ਹਾਂਸ, ਬਲਵਿੰਦਰ ਗਰੇਵਾਲ, ਜਸਵੀਰ ਸਿੰਘ ਰਾਣਾ, ਭਗਵੰਤ ਰਸੂਲਪੁਰੀ, ਤ੍ਰਿਪਤਾ ਕੇ ਸਿੰਘ ਅਤੇ ਡਾ ਸਰਘੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਡਾਕਟਰ ਗੁਰਮੀਤ ਕੱਲਰਮਾਜਰੀ ਨੇ ਅਜੋਕੀ ਪੰਜਾਬੀ ਕਹਾਣੀ ਸਾਹਮਣੇ ਦਰਪੇਸ਼ ਚੁਣੌਤੀਆਂ ਉਤੇ ਮਹੱਤਵਪੂਰਨ ਨੁਕਤੇ ਉਠਾਏ।
ਪ੍ਰਧਾਨਗੀ ਭਾਸ਼ਣ ਵਿਚ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਸਿਰਜਕ ਅਤੇ ਆਲੋਚਕ ਦੇ ਸਹਾਇਕ ਸੰਬੰਧਾਂ ਤੇ ਚਰਚਾ ਕਰਦਿਆਂ ਸਿਰਜਣਾ ਦੇ ਮਰ੍ਹਮਾਂ ਨੂੰ ਆਪਣੀ ਮਹੀਨੇ ਚਿੰਤਨ ਕਲਾ ਨਾਲ ਨਿਸ਼ਚਿਤ ਕੀਤਾ।ਇਸ ਤੋਂ ਇਲਾਵਾ ਡਾਕਟਰ ਸਰਬਜੀਤ ਸਿੰਘ ਨੇ ਪੰਜਾਬੀ ਕਹਾਣੀ ਦੇ ਸ਼ਿਲਪ ਉਤੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ, ਅਕਾਡਮੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ।ਪ੍ਰੋਫੈਸਰ ਸੁਰਜੀਤ ਸਿੰਘ ਜੱਜ, ਪ੍ਰਧਾਨ ਪੰਜਾਬ ਪ੍ਰਗਤੀਸ਼ੀਲ ਸੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਡਾਕਟਰ ਬਲਵੀਰ ਕੌਰ ਰੀਹਲ ਨੇ ਬਾਖੂਬੀ ਨਿਭਾਈ।ਇਸ ਸੈਮੀਨਾਰ ਵਿਚ ਜਿੱਥੇ ਇਲਾਕੇ ਦੇ ਅਧਿਆਪਕ, ਸਾਹਿਤਕਾਰ, ਸਹਿਤ ਰਸੀਏ ਹਾਜ਼ਰ ਹੋਏ ਉਥੇ ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਵੱਖ ਵੱਖ ਜ਼ਿਲ੍ਹਿਆਂ ਦੀਆਂ ਇਕਾਈਆਂ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਮੈਂਬਰ ਹਾਜ਼ਰ ਹੋਏ ਜੋ ਕਿ ਇਕ ਸਫ਼ਲ ਸੈਮੀਨਾਰ ਦੀ ਸ਼ਾਹਦੀ ਹੈ। ਸੈਮੀਨਾਰ ਦੀ ਸਫ਼ਲਤਾ ਪਿੱਛੇ ਸਥਾਨਕ ਇਕਾਈ ਦੈ ਜਨਰਲ ਸਕੱਤਰ ਤਲਵਿੰਦਰ ਸਿੰਘ ਸ਼ੇਰਗਿੱਲ,ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਆਰ ਕੇ ਆਰੀਆ ਕਾਲਜ ਨਵਾਂਸ਼ਹਿਰ ਦੇ ਵਿਭਾਗ ਮੁੱਖੀ ਡਾਕਟਰ ਜਸਵੀਰ ਸਿੰਘ ਅਤੇ ਹੋਰ ਪ੍ਰਾਧਿਆਪਕਾਂ ਦਾ ਜਿੱਥੇ ਵਿਸ਼ੇਸ਼ ਯੋਗਦਾਨ ਰਿਹਾ ਉਥੇ ਸਥਾਨਕ ਇਕਾਈ ਦੇ ਸਾਰੇ ਮੈਂਬਰ ਸਾਹਿਬਾਨ ਦਾ ਸਹਿਯੋਗ ਸ਼ਲਾਘਾਯੋਗ ਰਿਹਾ।
ਸੈਮੀਨਾਰ ਦੇ ਅੰਤ ਵਿਚ ਸ਼ਾਮਿਲ ਹੋਏ ਕਹਾਣੀਕਾਰਾਂ ਅਤੇ ਹੋਰ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।