ਪੁਲਿਸ ਨੇ ਕੁਝ ਘੰਟਿਆਂ 'ਚ ਸੁਲਝਾਇਆ ਲੁੱਟ-ਖੋਹ ਦਾ ਮਾਮਲਾ, ਸ਼ਿਕਾਇਤਕਰਤਾ ਹੀ ਨਿਕਲਿਆ ਲੁਟੇਰਾ
ਰੋਹਿਤ ਗੁਪਤਾ
ਗੁਰਦਾਸਪੁਰ, 13 ਦਸੰਬਰ 2025- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਘੱਲੂਘਾਰਾ ਮੋੜ ਨੇੜੇ ਦਿਨ ਦਿਹਾੜੇ ਇੱਕ ਮੋਟਰਸਾਈਕਲ ਸਵਾਰ ਸੇਲਜ਼ਮੈਨ ਕੋਲੋਂ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਨਗਦੀ ਸਮੇਤ ਉਸ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਸੀ। ਹੁਣ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਉਕਤ ਲੁੱਟ ਦਾ ਡਰਾਮਾ ਸੇਲਜ਼ਮੈਨ ਨੇ ਆਪ ਹੀ ਰਚਿਆ ਸੀ ਕਿਉਂਕਿ ਉਹ ਕਰਜ਼ੇ ਵਿੱਚ ਫਸਿਆ ਹੋਇਆ ਸੀ ਅਤੇ ਮਾਲਕ ਦੇ ਪੈਸੇ ਹੜੱਪਣ ਲਈ ਇਹ ਡਰਾਮਾ ਰਚਿਆ ਸੀ। ਪੁਲਿਸ ਨੇ ਉਸ ਦੇ ਘਰੋਂ ਉਸ ਦਾ ਮੋਬਾਈਲ ਫੋਨ ਅਤੇ ਪੈਸੇ ਵੀ ਬਰਾਮਦ ਕਰ ਲਏ ਹਨ। ਇਸ ਤਰ੍ਹਾਂ ਪੁਲਿਸ ਨੇ ਇਹ ਮਾਮਲਾ ਕੁਝ ਹੀ ਘੰਟਿਆਂ ਵਿੱਚ ਸੁਲਝਾ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਕਰਤਾ ਅਮਿਤ ਕੁਮਾਰ ਵਾਸੀ ਨੰਗਲ ਕੋਟਲੀ ਨੇ ਸੂਚਨਾ ਦਿੱਤੀ ਸੀ ਕਿ ਉਹ ਮੁਕੇਰੀਆਂ ਤੋਂ ਸੇਲਜ਼ ਦੇ 1 ਲੱਖ 70 ਹਜ਼ਾਰ ਰੁਪਏ ਲੈ ਕੇ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਗੁਰਦਾਸਪੁਰ ਨੂੰ ਵਾਪਸ ਆ ਰਿਹਾ ਸੀ। ਜਦੋਂ ਉਹ ਜੀ. ਟੀ. ਰੋਡ ਸੇਮ ਨਹਿਰ ਘੱਲੂਘਾਰਾ ਮੋੜ ਲਾਗੇ ਪੁੱਜਾ ਤਾਂ ਇੱਕ ਕਾਲੇ ਰੰਗ ਦੀ ਬਿਨਾਂ ਨੰਬਰੀ ਅਲਟੋ ਕਾਰ ਵਿੱਚੋਂ ਦੋ ਨੌਜਵਾਨ ਉਤਰੇ, ਜਿਨ੍ਹਾਂ ਨੇ ਉਸਨੂੰ ਰੋਕ ਕੇ ਮਾਰ ਕੁਟਾਈ ਕੀਤੀ ਅਤੇ 1 ਲੱਖ 70 ਹਜ਼ਾਰ ਰੁਪਏ ਅਤੇ ਪਰਸ ਵਿੱਚੋਂ 4000 ਰੁਪਏ, ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ ਸਨ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਸੀ, ਪਰ ਅੱਜ ਪੁਲਿਸ ਨੇ ਜਦੋਂ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਦੌਰਾਨ ਸ਼ਿਕਾਇਤਕਰਤਾ ਦੀ ਪੂਰੀ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਹ ਸਾਰਾ ਡਰਾਮਾ ਉਸਨੇ ਖੁਦ ਰਚਿਆ ਸੀ ਅਤੇ ਉਸਦੇ ਘਰੋਂ ਪੁਲਿਸ ਨੇ ਪੈਸੇ ਵੀ ਬਰਾਮਦ ਕਰ ਲਏ ਹਨ ਅਤੇ ਪੁਲਿਸ ਵੱਲੋਂ ਇਸਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।